ਮਨੋਰੰਜਨ

ਤੇਰੇ ਬਿਨ

ਗੁਰਭਜਨ ਗਿੱਲ / ਕੌਮੀ ਮਾਰਗ ਬਿਊਰੋ | June 24, 2026 09:31 PM

ਜਦ ਧਰਤੀ ਹਾਉਕਾ ਭਰਦੀ ਹੈ,

ਮੋਇਆਂ ਨੂੰ ਚੇਤੇ ਕਰਦੀ ਹੈ ।
ਅੱਖੀਆਂ ਦੇ ਤਲਖ਼ ਸਮੁੰਦਰ 'ਚੋਂ,
ਹੰਝੂਆਂ ਦੀ ਬਾਰਸ਼ ਵਰ੍ਹਦੀ ਹੈ ।

ਕਿਸੇ ਬੇਬਸ ਕੈਦ ਪਰਿੰਦੇ ਦੀ,
ਪਰਵਾਜ਼ ਜਦੋਂ ਵੀ ਮਰਦੀ ਹੈ ।
ਮੈਂ ਉਸ ਦੇ ਦਰਦ ਨੂੰ ਸੁਰ ਕਰ ਲਾਂ,
ਇਹ ਹੀ ਕਵਿਤਾ ਦੀ ਹੂਕ ਬਣੇ।

ਜਿੰਨ੍ਹਾਂ ਦੇ ਦਿਲ ਵਿਚ ਵਣਜ ਬਿਨਾਂ,
ਕੋਈ ਸੁਪਨਾ ਹੀ ਨਾ ਪੈਰ ਧਰੇ ।
ਜ਼ਰਬਾਂ ਤਕਸੀਮਾਂ ਕਰਨ ਸਦਾ,
ਉਨ੍ਹਾਂ ਤੋਂ ਜ਼ਿੰਦਗੀ ਰੋਜ਼ ਡਰੇ ।
ਜਿੰਨ੍ਹਾਂ ਨੇ ਸਾਰੀ ਖ਼ਲਕਤ ਨੂੰ,
ਕਰ ਦਿੱਤੈ ਰੂਹ ਤੋਂ ਹੋਰ ਪਰੇ।

ਜਿੰਨ੍ਹਾਂ ਦੀ ਹਕੂਮਤ ਇਹ ਚਾਹਵੇ,
ਹਰ ਰੁੱਖ ਤੋਂ ਸਿਰਫ਼ ਬੰਦੂਕ ਬਣੇ।
ਜਾਂ ਲਾਸ਼ਾਂ ਢੋਵਣ ਖ਼ਾਤਰ ਹੀ,
ਬਕਸਾ ਜਾਂ ਸਿਰਫ਼ ਸੰਦੂਕ ਬਣੇ।

ਕੋਈ ਮਰਦਾ ਹੈ, ਕੋਈ ਜਾਂਦਾ ਹੈ,
ਜੰਗਬਾਜ਼ਾਂ ਨੂੰ ਕੋਈ ਫ਼ਰਕ ਨਹੀਂ।
ਘੁੱਗੀਆਂ ਚੁੰਝ ਨਰਮ ਕਰੂੰਬਲ ਨੂੰ,
ਝਪਟਣ ਦਾ ਕੋਈ ਤਰਕ ਨਹੀਂ।

ਘੁੱਗੀਆਂ ਦਾ ਜੋੜਾ ਬਹਿ ਕੇ ,
ਜਦੋਂ ਕਲੋਲ ਕਰੇ ।
ਸਾਹਵਾਂ ਨੂੰ ਇਕਸੁਰ ਕਰਕੇ,
ਗਾਨੀ ਕੋਲ ਕਰੇ।

ਰੂਹਾਂ ਦਾ ਹੋਵੇ ਮੇਲ ਜਦੋਂ,
ਅੰਬਰਾਂ 'ਚੋਂ ਪਵੇ ਤਰੇਲ ਉਦੋਂ,
ਚੰਬਾ ਖਿੜ ਜਾਵੇ ਸਾਹਵਾਂ ਵਿਚ,
ਕੁਝ ਇਹੋ ਜਿਹਾ ਸਲੂਕ ਬਣੇ।
ਇਹ ਧੜਕਣ ਮਿੱਸਿਆਂ ਸਾਹਵਾਂ ਦੀ,
ਮੇਰੇ ਗੀਤਾਂ ਦੀ ਇਕ ਟੂਕ ਬਣੇ।

ਬੇਲੇ ਵਿਚ ਮੱਝੀਆਂ ਚਾਰਦਿਆਂ,
ਹਰ ਕੈਦੋ ਅੱਗੇ ਹਾਰਦਿਆਂ।
ਜ਼ਿੰਦਗੀ 'ਚੋਂ ਹੀਰ ਗੁਆਚੇ ਨਾ,
ਇਸ ਦੀ ਹੀ ਕੀਮਤ ਤਾਰਦਿਆਂ।
ਜਦ ਵੰਝਲੀ ਕੋਲ ਬੁਲਾਉਂਦੀ ਹੈ,
ਦਿਲ ਵਾਲੇ ਛੇਕ ਵਿਖਾਉਂਦੀ ਹੈ।
ਮੈਂ ਕੁਲ ਆਲਮ ਦਾ ਸੋਜ਼ ਉਦੋਂ,
ਪੋਰੀ ਦੇ ਅੰਦਰ ਭਰਦਾ ਹਾਂ,
ਬੱਸ ਤੈਨੂੰ ਚੇਤੇ ਕਰਦਾ ਹਾਂ।

ਛੇਕਾਂ ਨੂੰ ਪੋਟੇ ਛੋਹਣ ਜਦੋਂ,
ਹਟਕੋਰੇ ਭਰਦੀ ਪੌਣ ਉਦੋਂ।
ਕੋਈ ਤਰਜ਼ ਗੁਆਚੀ ਉਮਰਾਂ ਦੀ,
ਸੁਣ ਮਨ ਦਾ ਚੰਬਾ ਖਿਲਦਾ ਹੈ।
ਮਾਰੂਥਲ ਵਿਚ ਤੁਰਦੇ ਰਾਹੀ ਨੂੰ,
ਘੁੱਟ ਪਾਣੀ ਜੀਕਣ ਮਿਲਦਾ ਹੈ।
ਮੈਨੂੰ ਵੀ ਉਸ ਪਲ ਇਉਂ ਜਾਪੇ,
ਜਿਉਂ ਜੀਣ ਬਹਾਨਾ ਮਿਲਦਾ ਹੈ।

ਸੱਜਣਾਂ ਦੀ ਅੱਖ ਦਾ ਖੋਟ ਜਦੋਂ,
ਨਜ਼ਰਾਂ ਦੇ ਅੰਦਰ ਭਰ ਜਾਵੇ।
ਧੜਕਣ ਵਿਚ ਕੈਦ ਪਰਿੰਦਿਆਂ ਦੀ,
ਪਰਵਾਜ਼ ਉਸੇ ਪਲ ਮਰ ਜਾਵੇ।
ਤੇ ਨੀਲੇ ਅੰਬਰੀਂ ਉਸ ਵੇਲੇ,
ਕਲਮੂੰਹਾਂ ਧੂੰਆਂ ਭਰ ਜਾਵੇ।

ਧਰਤੀ ਦੀ ਸਹੁੰ ਮੈਂ ਉਸ ਵੇਲੇ,
ਕੱਲ੍ਹਾ, ਘਬਰਾਵਾਂ, ਡਰਦਾ ਹਾਂ।
ਰੁੱਖਾਂ ਨੂੰ ਨੇੜਿਉਂ ਵੇਖਾਂ ਫਿਰ,
ਪੱਤਿਆਂ ਨੂੰ ਸਿਜਦੇ ਕਰਦਾ ਹਾਂ।
ਫੁੱਲਾਂ ਦੀਆਂ ਵੇਲਾਂ ਮਹਿਕਦੀਆਂ,
ਇਹ ਗੀਤ ਰੁਮਕਦੀ ਪੌਣ ਸੁਣੇ।
ਮੇਰੇ ਅਨਹਦ ਨਾਦ ਨੂੰ ਤੇਰੇ ਬਿਨ,
ਇਸ ਧਰਤੀ ਤੇ ਦੱਸ ਕੌਣ ਸੁਣੇ?

Have something to say? Post your comment

 
 
 
 

ਮਨੋਰੰਜਨ

ਇਸ ਤਰ੍ਹਾਂ ਜਗਜੀਤ ਸਿੰਘ ਨੇ ਕੁਮਾਰ ਸਾਨੂ ਨੂੰ ਪਹਿਲਾ ਮੌਕਾ ਦਿੱਤਾ

ਸਾਬਤ ਸੂਰਤ ਸੀਨੇ ਆਰਟਿਸਟ ਫੈਡਰੇਸ਼ਨ ਦੇ ਮੈਬਰਾਂ ਨੇ ਅੰਗ ਦਾਨ ਕਰਨ ਦੀ ਮੁਹਿੰਮ ਨੂੰ ਪ੍ਰਚੰਡ ਕਰਨ ਦਾ ਦਿੱਤਾ ਜਾਗਰੂਕ ਸੁਨੇਹਾ

'ਭਾਰਤੀ ਸਿਨੇਮਾ ਨੇ ਬੇਮਿਸਾਲ ਅਦਾਕਾਰ ਨਾਨਾ ਪਾਟੇਕਰ ਗੁਆ ਦਿੱਤਾ - ਕਈ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਪ੍ਰਮੁੱਖ ਨੇਤਾਵਾਂ ਨੇ ਦੁੱਖ ਪ੍ਰਗਟ ਕੀਤਾ

ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ

ਮੀਕਾ ਸਿੰਘ ਸਲਮਾਨ ਖਾਨ ਦੇ ਸਮਰਥਨ ਵਿੱਚ ਆਏ ਸਾਹਮਣੇ- ਕਿਹਾ, "ਮੀਡੀਆ ਅਤੇ ਕਲਾਕਾਰਾਂ ਨੂੰ ਸੰਜਮ ਵਰਤਣ

ਮੈਂ ਸੀਕਵਲ ਨਹੀਂ ਬਣਾਉਂਦਾ, ਰਾਜਕੁਮਾਰ ਸੰਤੋਸ਼ੀ ਨੇ "ਅਦਾ ਅਪਨੀ ਅਪਨੀ" ਦੀ ਕਹਾਣੀ ਬਾਰੇ ਕਿਹਾ

ਦਾਯਰਾ" ਦੇਖਣ ਆਏ ਦਰਸ਼ਕਾਂ ਨੇ ਕਿਹਾ, "ਅਜਿਹੀ ਕਹਾਣੀ ਬਣਾਉਣ ਲਈ ਹਿੰਮਤ ਦੀ ਲੋੜ ਹੁੰਦੀ ਹੈ

‘ਚੜ੍ਹਦੀਕਲਾ’ ਫਿਲਮ ਨੂੰ ਸਰਟੀਫਿਕੇਟ ਦੇਣ ਤੋਂ ਇਨਕਾਰ ਵਾਲੇ ਦੋਵੇਂ ਹੁਕਮ ਵਾਪਸ

ਪਰਦੇਸ ਗਰਲ: ਪਿਤਾ ਚਾਹੁੰਦੇ ਸਨ ਕਿ ਧੀ ਆਈਏਐਸ ਅਫਸਰ ਬਣੇ, ਪਹਿਲੀ ਫਿਲਮ ਨੇ ਉਸਨੂੰ ਸੁਪਰਸਟਾਰ ਬਣਾਇਆ, ਫਿਰ ਗਾਇਬ ਹੋ ਗਈ

ਹੈਵਾਨ ਦੇਖਣ ਤੋਂ ਬਾਅਦ ਨਿਰਾਸ਼ ਹੋਏ ਦਰਸ਼ਕ ਕਹਿੰਦੇ -ਪ੍ਰਿਯਦਰਸ਼ਨ ਤੋਂ ਇਹ ਉਮੀਦ ਨਹੀਂ ਸੀ