ਅੰਮ੍ਰਿਤਸਰ-ਖਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਦੇ ਸਬੰਧ ’ਤੇ ਜਾਗਰੂਕਤਾ ਨਾਟਕ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਉਕਤ ਨਾਟਕ ਬੀ. ਐੱਸਸੀ ਨਰਸਿੰਗ 5ਵੇਂ ਸਮੈਸਟਰ ਦੇ ਵਿਦਿਆਰਥੀਆਂ ਵੱਲੋਂ ਡਾ. ਵਿਦਿਆ ਸਾਗਰ ਮੈਂਟਲ ਹਸਪਤਾਲ, ਅੰਮ੍ਰਿਤਸਰ ਵਿਖੇ ਪੇਸ਼ ਕੀਤਾ ਗਿਆ।
ਇਸ ਸਬੰਧੀ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਨਾਟਕ ’ਚ ਮਾਨਸਿਕ ਸਿਹਤ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਵਿਦਿਆਰਥਣ ਗੁਰਅਸੀਸ ਕੌਰ ਨੇ ਨਾਟਕ ਦੇ ਸ਼ੁਰੂਆਤ ’ਚ ਕਿਹਾ ਕਿ ਸਾਨੂੰ ਸਾਡੇ ਆਲੇ-ਦੁਆਲੇ ਦੇ ਲੋਕਾਂ ਦੀ ਮਾਨਸਿਕ ਸਿਹਤ ਬਾਰੇ ਪੁੱਛਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਕਤ ਵਿਦਿਆਰਥਣ ਨੇ ਦੱਸਿਆ ਕਿ ਸਾਨੂੰ ਆਪਣੇ ਸੁਪਨੇ ਜਿੰਦਾ ਰੱਖਣੇ ਚਾਹੀਦੇ ਹਨ ਅਤੇ ਆਪਣੇ ਮਨ ਦੀ ਸਕਾਰਾਤਮਕ ਆਵਾਜ਼ ਨੂੰ ਸੁਣਨਾ ਚਾਹੀਦਾ ਹੈ ਅਤੇ ਮਨ ਦੇ ਵਿਚਾਰਾਂ ਨੂੰ ਸਾਂਝਾ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਸ ਦੌਰਾਨ ਉਕਤ ਹਸਪਤਾਲ ਦੇ ਮੈਡੀਕਲ ਇੰਚਾਰਜ ਸ੍ਰੀਮਤੀ ਚਰਨਜੀਤ ਕੌਰ ਅਤੇ ਡਾ. ਸਵਿੰਦਰ ਸਿੰਘ ਨੇ ਬੱਚਿਆਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਬਹੁਤ ਸੋਹਣਾ ਨਾਟਕ ਪ੍ਰਦਰਸ਼ਨ ਕਰਨ ’ਤੇ ਵਧਾਈ ਦਿੱਤੀ ਅਤੇ ਇਹ ਨਾਟਕ ਕਾਲਜ ਦੀ ਅਸਿਸਟੈਂਟ ਪ੍ਰੋਫੈਸਰ ਕੰਵਲਜੀਤ ਕੌਰ ਅਤੇ ਕਲੀਨੀਕਲ ਇੰਸਟਰੱਕਟਰ ਦਿਆ ਦੀ ਅਗਵਾਈ ਹੇਠ ਕੀਤਾ ਗਿਆ। ਉਨ੍ਹਾਂ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਗਾਂਹ ਵੀ ਅਜਿਹੇ ਪ੍ਰੋਗਰਾਮ ’ਚ ਹੋਰ ਉਤਸ਼ਾਹਤਾ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।