ਲੁਧਿਆਣਾ- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਿੱਤ ਅਧਿਐਨ ਵਿਭਾਗ ਵੱਲੋਂ ਪੰਜਾਬੀ ਕਵਿਤਾ ਤੇ ਪੱਤਰਕਾਰੀ ਦੇ ਖੇਤਰ ਵਿੱਚ ਇੱਕੋ ਜਿਹਾ ਮਹੱਤਵਪੂਰਨ ਸਥਾਨ ਰੱਖਣ ਵਾਲੇ ਵੱਡੇ ਵੀਰ ਹਰਭਜਨ ਹਲਵਾਰਵੀ ਦੇ ਜੀਵਨ ਤੇ ਰਚਨਾ ਬਾਰੇ ਡਾ. ਮੇਘਾ ਸਿੰਘ ਤੋਂ ਲਿਖਵਾ ਕੇ ਕਿਤਾਬ ਛਾਪੀ ਹੈ। ਇਸ ਕਾਰਜ ਲਈ ਲੇਖਕ ਡਾ. ਮੇਘਾ ਸਿੰਘ, ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਤੇ ਵਿਭਾਗ ਦੇ ਮੁਖੀ ਡਾ. ਮੋਹਨ ਤਿਆਗੀ ਮੁਬਾਰਕ ਦੇ ਹੱਕਦਾਰ ਹਨ। ਪਬਲੀਕੇਸ਼ਨ ਬਿਉਰੋ ਦੀ ਖੜੋਤ ਟੁੱਟੀ ਜਾਪਦੀ ਹੈ।
ਕੱਲ੍ਹ ਨਿੱਕੇ ਵੀਰ ਡਾ. ਨਵਤੇਜ ਸਿੰਘ ਵੱਲੋਂ ਭੇਜੀ ਕਿਤਾਬ ਮਿਲਣਾ ਚੰਗਾ ਲੱਗਾ। ਇੱਥੇ ਇਹ ਗੱਲ ਵੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਵਿਚਾਰਨੀ ਬਣਦੀ ਹੈ ਕਿ 118 ਪੰਨਿਆਂ ਦੀ ਇਸ ਕਿਤਾਬ ਦੀ ਕੀਮਤ 340/- ਰੁਪਏ ਰੱਖੀ ਗਈ ਹੈ। ਬੁੱਕ ਕਲੱਬ ਰਾਹੀਂ ਜੇ ਇੱਥੇ ਮੁੱਲ ਤੇ ਵੀ ਮਿਲੇ ਤਾਂ 170/- ਰੁਪਏ ਬਣਦੇ ਨੇ। ਕਾਪੀਆਂ ਸਿਰਫ਼ 250 ਹੀ ਛਾਪੀਆਂ ਹਨ। ਇੰਜ ਕੀਮਤ ਤਾ ਵਧਣੀ ਹੀ ਸੀ।
ਕਿਰਪਾ ਕਰਕੇ ਭਵਿੱਖ ਦੀ ਯੋਜਨਾਕਾਰੀ ਵਿੱਚ ਕੋਈ ਵੀ ਕਿਤਾਬ 500 ਤੋਂ ਘੱਟ ਨਾ ਛਾਪੀ ਜਾਵੇ। ਇਸ ਤੇ ਕਾਗਜ਼ ਤੇ ਬਾਈਡਿੰਗ ਦੀ ਹੀ ਥੋੜੀ ਲਾਗਤ ਵਧੇਗੀ, ਕਿਤਾਬ ਦੀ ਕੀਮਤ ਘੱਟ ਜਾਵੇਗੀ।
ਕਿਤਾਬ ਦੇ ਪ੍ਰਚਾਰ ਪ੍ਰਸਾਰ ਲਈ ਰੀਵੀਊ ਕਰਨ ਲਈ ਵੀ ਅਖਬਾਰਾਂ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ। ਪੰਜਾਬੀ ਯੂਨੀਵਰਸਿਟੀ ਦੀਆਂ ਅਤਿ ਮਹੱਤਵਪੂਰਨ ਪ੍ਰਕਾਸ਼ਨਾਵਾਂ ਦੇ ਪ੍ਰਕਾਸ਼ਨ ਬਾਰੇ ਬਹੁਤੀ ਵਾਰ ਸੂਚਨਾ ਹੀ ਨਹੀਂ ਮਿਲਦੀ।
ਇਹ ਗੱਲ ਤਾਂ ਮੈਂ ਇਸ ਲਈ ਆਖਣ ਗਾ ਹੱਕ ਰੱਖਦਾ ਹਾਂ ਕਿਉਂਕਿ ਮੈਂ ਦੋ ਵਾਰੀ ਯੂਨੀਵਰਸਿਟੀ ਦੀ ਸਟੈਟਿੰਗ ਕਮੇਟੀ ਵਿੱਚ ਮੈਂਬਰ ਰਿਹਾ ਹੋਣ ਨਾਤੇ ਇਹ ਸੁਝਾਅ ਲੰਮੇ ਸਮੇਂ ਤੋਂ ਦਿੰਦਾ ਆ ਰਿਹਾ ਹਾਂ।
ਪੰਜਾਬ ਦੇ ਸਮੂਹ ਕਾਲਜਾਂ ਨੂੰ ਯੂਨੀਵਰਸਿਟੀ ਦੀਆਂ ਪ੍ਰਾਪਤ ਪ੍ਰਕਾਸ਼ਨਾਵਾਂ ਬਾਰੇ ਜਾਣਕਾਰੀ ਲਿਖਤੀ ਜਾਂ ਈ ਮੇਲ ਰਾਹੀਂ ਭੇਜ ਕੇ ਪੁਸਤਕ ਸੱਭਿਆਚਾਰ ਨੂੰ ਹੁਲਾਰਾ ਦਿੱਤਾ ਜਾ ਸਕਦਾ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਦਾ ਮਨੋਰਥ ਕੁਝ ਵੱਖਰੀ ਤੇ ਵਡੇਰਾ ਹੈ।
ਇਹ ਸਿਰਫ਼ ਸੁਝਾਅ ਹਨ, ਆਲੋਚਨਾ ਨਾ ਸਮਝੀ ਜਾਵੇ। ਆਪਾਂ ਸਾਰੇ ਕਿੱਤੇ ਨਾ ਕਿਤੇ ਇੱਕੋ ਮਿਸ਼ਨ ਵਿੱਚ ਲੱਗੇ ਹੋਏ ਹਾਂ ਕਿ ਪੰਜਾਬ ਨੂੰ ਮੁੜ ਸ਼ਬਦ ਸੱਭਿਆਚਾਰ ਵਾਲਾ ਬਣਾਇਆ ਜਾਵੇ।
ਕੁਝ ਗੱਲਾਂ ਵੱਡੇ ਵੀਰ ਹਲਵਾਰਵੀ ਬਾਰੇ ਕਰਨੀਆਂ ਤਾਂ ਰਹਿ ਹੀ ਗਈਆਂ। ਉਹ ਵੀ ਸੁਣੋ।
ਹਲਵਾਰਾ(ਲੁਧਿਆਣਾ) ਦੇ ਜੰਮਪਲ ਇਸ ਜ਼ਹੀਨ ਕਵੀ ਨੇ ਕਿਰਤੀ ਬਾਬਲ ਸਃ ਅਰਜਣ ਸਿੰਘ ਤੇ ਮਾਤਾ ਜੀ ਮੋਹਿੰਦਰ ਕੌਰ ਦੇ ਘਰ 18 ਅਗਸਤ 1943 ਨੂੰ ਜਨਮ ਲਿਆ। ਆਪਣੇ ਨਿੱਕੇ ਚਾਰ ਭਰਾਵਾਂ ਤੇ ਦੋ ਭੈਣਾਂ ਨੂੰ ਮਿਸਾਲੀ ਵਿਦਿਆਰਥੀ ਬਣਾ ਵਿਖਾਇਆ। ਆਪਣੇ ਨਿੱਕੇ ਵੀਰਾਂ ਸਃ ਸੰਪੂਰਨ ਸਿੰਘ, ਡਾਃ ਸੰਤੋਖ ਸਿੰਘ ਐੱਮ ਐੱਸ, ਅਵਤਾਰ ਸਿੰਘ ਯੂ ਕੇ, ਡਾਃ ਨਵਤੇਜ ਸਿੰਘ ਸਾਬਕਾ ਪ੍ਰੋਫੈਸਰ ਤੇ ਮੁਖੀ ਇਤਿਹਾਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਉੱਘੇ ਇਤਿਹਾਸ ਲੇਖਕ, ਨਿੱਕੀਆਂ ਭੈਣਾਂ ਡਾਃ ਸੁਖਜੀਤ ਕੌਰ ਤੇ ਡਾਃ ਸੁਖਬੀਰ ਕੌਰ ਲਈ ਗਿਆਨ ਵਿਗਿਆਨ ਅਭਿਲਾਖਾ ਪੱਖੋਂ ਚਾਨਣ ਮੁਨਾਰਾ ਬਣੇ। ਆਪ ਦਾ ਸਪੁੱਤਰ ਅਸੀਮ ਹਲਵਾਰਵੀ ਹਾਲੈਡ ਵਿੱਚ ਉਚੇਰੀ ਸਿੱਖਿਆ ਗ੍ਰਹਿਣ ਕਰ ਰਿਹਾ ਹੈ।
ਪਿੰਡ ਦੇ ਸਕੂਲ ਤੋਂ ਦਸਵੀਂ ਪਾਸ ਕਰਕੇ ਹਰਭਜਨ ਹਲਵਾਰਵੀ ਜੀ ਨੇ ਲੁਧਿਆਣਾ ਦੇ ਆਰੀਆ ਕਾਲਿਜ ਵਿੱਚੋਂ ਬੀ ਐੱਸ ਸੀ (ਨਾਨ ਮੈਡੀਕਲ )ਪਾਸ ਕੀਤੀ। ਬੀ ਐੱਸ ਸੀ ਕਰਕੇ ਆਪ ਨੇ ਅਣ ਸਿੱਖਿਅਤ ਅਧਿਆਪਕ ਵਜੋਂ ਖਾਲਸਾ ਹਾਈ ਸਕੂਲ ਮਹਿਮਾ ਸਿੰਘ ਵਾਲਾ ਵਿਖੇ ਸਾਇੰਸ ਅਧਿਆਪਕ ਵਜੋਂ ਕੁਝ ਸਮਾਂ ਸੇਵਾ ਨਿਭਾਈ। ਮਗਰੋਂ ਗੌਰਮਿੰਟ ਕਾਲਿਜ ਲੁਧਿਆਣਾ ਵਿੱਚੋਂ ਹਿਸਾਬ ਵਿਸ਼ੇ ਵਿੱਚ ਐੱਮ ਐੱਸ ਸੀ ਪਾਸ ਕੀਤੀ। ਇਥੇ ਪੜ੍ਹਾਈ ਕਰਦਿਆਂ ਉਹ ਖੱਬੇ ਪੱਖੀ ਸੋਚ ਧਾਰਾ ਨੂੰ ਪਰਣਾਏ ਗਏ। ਕਿਸਾਨ ਯੂਨੀਅਨ ਆਗੂ ਸ. ਅਜਮੇਰ ਸਿੰਘ ਲੱਖੋਵਾਲ ਇਨ੍ਹਾਂ ਦੇ ਸਹਿਪਾਠੀ ਸਨ ਏਥੇ।
ਪ੍ਰਿੰਸੀਪਲ ਭਾਰਦੁਆਜ ਦੇ ਵਿਦਿਆਰਥੀ ਵਿਰੋਧੀ ਵਤੀਰੇ ਖ਼ਿਲਾਫ਼ ਲਗਪਗ ਇੱਕ ਸਾਲ ਲੰਮੇ ਘੋਲ ਦੀ ਪੰਜਾਬ ਸਟੂਡੈਟਸ ਯੂਨੀਅਨ ਵੱਲੋਂ ਇਨ੍ਹਾਂ ਅਗਵਾਈ ਕੀਤੀ।
ਇਸ ਉਪਰੰਤ ਆਪ ਨੇ ਪਹਿਲਾਂ ਰਾਮਗੜ੍ਹੀਆ ਹਾਇਰ ਸੈਕੰਡਰੀ ਮਿੱਲਰਗੰਜ ਲੁਧਿਆਣਾ ਵਿੱਚ ਪੜ੍ਹਾਇਆ। ਇਥੇ ਹੋਈ ਲੰਮੀ ਹੜਤਾਲ ਉਪਰੰਤ ਆਪ ਨੇ ਪ੍ਰਿੰਸੀਪਲ ਮਹਿੰਦਰ ਸਿੰਘ ਜੀ ਦੀ ਅਗਵਾਈ ਹੇਠ ਵਿਸ਼ਵਕਰਮਾ ਹਾਇਰ ਸੈਕੰਡਰੀ ਸਕੂਲ ਲੁਧਿਆਣਾ ਸਥਾਪਤ ਕੀਤਾ।
ਨਕਸਲ ਬਾੜੀ ਲਹਿਰ ਦੇ ਅਸਰ ਥੱਲੇ ਚੱਲਦਿਆਂ ਆਪ ਨੂੰ ਕਾਫ਼ੀ ਲੰਮਾ ਸਮਾਂ ਰੂਪੋਸ਼ ਹੋਣਾ ਪਿਆ। ਝੂਠੇ ਕਤਲ ਕੇਸਾਂ ਵਿੱਚ ਆਪ ਨੂੰ ਉਲਝਾਇਆ ਗਿਆ ਪਰ ਹੇਮ ਜਯੋਤੀ ਮੈਗਜ਼ੀਨ ਦੇ ਸੰਪਾਦਕ ਸੁਰਿੰਦਰ ਸਿੰਘ ਹੇਮ ਜਯੋਤੀ ਐਡਵੋਕੇਟ ਰਾਹੀਂ ਕਚਹਿਰੀ ਚ ਆਤਮ ਸਮਰਪਣ ਕਰ ਦਿੱਤਾ। ਕੁਝ ਸਮੇਂ ਬਾਦ ਹੀ ਆਪ ਬਿਲਕੁਲ ਬਰੀ ਹੋ ਕੇ ਬਾਹਰ ਆ ਗਏ। ਬਰੀ ਹੋਣ ਉਪਰੰਤ ਆਪ ਨੇ ਐੱਸ ਐੱਨ ਮਾਡਲ ਸਕੂਲ ਮਾਡਲ ਟਾਊਨ ਲੁਧਿਆਣਾ ਵਿੱਚ ਵੀ ਕੁਝ ਸਮਾਂ ਹਿਸਾਬ ਵਿਸ਼ਾ ਪੜ੍ਹਾਇਆ।
ਉਦੋਂ ਆਪ ਕ੍ਰਿਸ਼ਨਾ ਨਗਰ ਲੁਧਿਆਣਾ ਵਿੱਚ ਸਾਡੇ ਘਰ ਦੇ ਬਿਲਕੁਲ ਨੇੜੇ ਹੀ ਰਹਿੰਦੇ ਸਨ। ਵਿਸ਼ਵਕਰਮਾ ਸਕੂਲ ਵਿੱਚ ਮੇਰੇ ਵੱਡੇ ਭਾ ਜੀ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਦੇ ਸਹਿਕਰਮੀ ਰਹੇ ਹੋਣ ਕਾਰਨ ਉਹ ਅਕਸਰ ਸਾਨੂੰ ਮਿਲਣ ਆ ਜਾਂਦੇ। ਉਦੋਂ ਹੀ ਉਨ੍ਹਾਂ ਐੱਮ ਏ ਪੰਜਾਬੀ ਕਰਨ ਦਾ ਮਨ ਬਣਾਇਆ ਤਾਂ ਉਨ੍ਹਾਂ ਮੈਥੋਂ ਹੀ ਐੱਮ ਏ ਪਹਿਲਾ ਸਾਲ ਦੇ ਸਿਲੇਬਸ ਦੀਆਂ ਕਿਤਾਬਾਂ ਤੇ ਨੋਟਿਸ ਲਏ ਕਿਉਂਕਿ ਮੈ ਉਸੇ ਸਾਲ ਹੀ ਐੱਮ ਏ ਪੰਜਾਬੀ ਭਾਗ ਪਹਿਲਾ ਵਿੱਚੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚੋਂ ਪਹਿਲਾ ਸਥਾਨ ਲਿਆ ਸੀ।
ਉਦੋਂ ਉਹ ਹੇਮ ਜਯੋਤੀ ਮੈਗਜ਼ੀਨ ਦੇ ਪੁਨਰ ਪ੍ਰਕਾਸ਼ਨ ਦਾ ਸੰਪਾਦਨ ਕਾਰਜ ਵੀ ਕਰ ਰਹੇ ਸਨ। ਸਿਰਜਣਾਤਮਕ ਕਾਰਜ ਕਰਨ ਦੇ ਨਾਲ ਨਾਲ ਉਨ੍ਹਾਂ “ਚਿੜੀਆਂ ਦੀ ਮੌਤ” ਨਾਮ ਹੇਠ ਇੱਕ ਰੂਸੀ ਨਾਵਲ ਵੀ ਅਨੁਵਾਦਿਆ।
ਡਾਃ ਸਾਧੂ ਸਿੰਘ ਤੇ ਡਾਃ ਵਰਿਆਮ ਸਿੰਘ ਸੰਧੂ ਦੀ ਸਲਾਹ ਨਾਲ ਉਹ ਐੱਮ ਏ ਪੰਜਾਬੀ ਦਾ ਦੂਜਾ ਭਾਗ ਪਾਸ ਕਰਨ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਜਾ ਦਾਖ਼ਲ ਹੋਏ।
ਐੱਮਏ ਕਰਨ ਸਾਰ ਆਪ ਨੂੰ ਡਾਃ ਅਤਰ ਸਿੰਘ ਜੀ ਨੇ ਡਿਕਸ਼ਨਰੀ ਵਿਭਾਗ ਵਿੱਚ ਖੋਜ ਸਹਾਇਕ ਵਜੋਂ ਲੈ ਲਿਆ।
ਅਗਸਤ 1978 ਵਿੱਚ ਆਪ ਆਪਣੇ ਮਿੱਤਰ ਡਾਃ ਸ ਪ ਸਿੰਘ ਜੀ ਸਾਬਕਾ ਵੀ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪ੍ਰੇਰਨਾ ਨਾਲ ਸਃ ਬਰਜਿੰਦਰ ਸਿੰਘ ਹਮਦਰਦ ਕੋਲ ਪੰਜਾਬੀ ਟ੍ਰਿਬਿਉਨ ਵਿੱਚ ਸਹਾਇਕ ਸੰਪਾਦਕ ਵਜੋਂ ਨਿਯੁਕਤ ਹੋ ਗਏ।
ਬਾਦ ਵਿੱਚ ਆਪ ਇਸ ਅਖ਼ਬਾਰ ਦੇ ਦੋ ਵਾਰ ਸੰਪਾਦਕ ਬਣੇ। ਕੁਝ ਸਮਾਂ ਆਪ ਰੋਜ਼ਾਨਾ ਅੱਜ ਦੀ ਆਵਾਜ਼ ਜਲੰਧਰ ਤੇ ਦੇਸ਼ ਸੇਵਕ ਚੰਡੀਗੜ੍ਹ ਅਖ਼ਬਾਰ ਦੇ ਵੀ ਸੰਪਾਦਕ ਰਹੇ।
ਮੌਲਿਕ ਕਾਵਿ ਸਿਰਜਣਾ ਵਿੱਚ ਉਨ੍ਹਾਂ ਦੀ ਪਹਿਲੀ ਕਾਵਿ ਪੁਸਤਕ “ਪੌਣ ਉਦਾਸ ਹੈ”ਸੀ। ਇਸ ਉਪਰੰਤ “ਪਿਘਲੇ ਹੋਏ ਪਲ”, ”ਪੰਖ ਵਿਹੂਣਾ” ਤੇ “ਪੁਲਾਂ ਤੋਂ ਪਾਰ”ਪੁਸਤਕਾਂ ਛਪੀਆਂ। ਉਨ੍ਹਾਂ ਦੀ ਕਾਵਿ ਪੁਸਤਕ “ਪੁਲਾਂ ਤੋਂ ਪਾਰ “ ਨੂੰ ਸਾਲ 2002 ਦਾ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵੀ ਮਿਲਿਆ।
1961-68 ਦੌਰਾਨ ਲਿਖੀਆਂ ਕਵਿਤਾਵਾਂ ਦਾ ਸੰਗ੍ਰਹਿ “ਪਹਿਲੇ ਪੰਨੇ“ਨੂੰ ਉਨ੍ਹਾਂ ਦੇ ਨਿੱਕੇ ਵੀਰ ਡਾਃ ਨਵਤੇਜ ਸਿੰਘ ਨੇ ਉਨ੍ਹਾਂ ਦੇ 9 ਅਕਤੂਬਰ 2003 ਨੂੰ ਦੇਹਾਂਤ ਉਪਰੰਤ ਛਪਵਾਇਆ।
ਹਲਵਾਰਵੀ ਜੀ ਦੀ ਦੀ ਜੀਵਨ ਸਾਥਣ ਪ੍ਰੋਃ ਪ੍ਰਿਤਪਾਲ ਕੌਰ ਨੇ ਉਨ੍ਹਾਂ ਦੀਆਂ ਚੋਣਵੀਆਂ ਕਵਿਤਾਵਾਂ “ਮੈਂ ਸਾਰੇ ਦਾ ਸਾਰਾ” ਡਾਃ ਅਮਰਜੀਤ ਸਿੰਘ ਕਾਂਗ ਪਾਸੋਂ ਸੰਪਾਦਿਤ ਕਰਵਾ ਕੇ 2005 ਚ ਛਪਵਾਇਆ। ਹਲਵਾਰਵੀ ਜੀ ਦੇ “ਚੀਨ ਵਿੱਚ ਕੁਝ ਦਿਨ, ” “ਯਾਦਾਂ ਮਿੱਤਰ ਦੇਸ ਦੀਆਂ” “ਮਹਾਂਸਾਗਰ ਤੋਂ ਪਾਰ”, ਨਿੱਕੇ ਵੱਡੇ ਸਫ਼ਰ, ਵੱਖਰੀ ਧਰਤੀ ਵੱਖਰੇ ਲੋਕ ਤੇ ਸੁਨਹਿਰੀ ਦਿਨਾਂ ਦਾ ਸਫ਼ਰ ਸਫ਼ਰਨਾਮੇ ਵੀ ਪੁਸਤਕ ਰੂਪ ਚ ਛਪੇ। ਉਨ੍ਹਾਂ ਦੇ ਸੰਪਾਦਕੀ ਲੇਖਾਂ ਦੇ ਕੁਝ ਸੰਗ੍ਰਹਿ ਚਿੰਤਨ ਯਾਤਰਾ, ਚਿੰਤਨ ਧਾਰਾ, ਸਮਕਾਲੀ ਸਮਾਜ(ਮੁੱਦੇ ਚੁਣੌਤੀਆਂ ਤੇ ਸੰਭਾਵਨਾਵਾਂ) ਸਮਾਂ ਅਤੇ ਰੁਝਾਨ(ਸਮਾਜੀ ਸੱਭਿਆਚਾਰਕ ਅਤੇ ਆਰਥਕ ਧਰਾਤਲ) ਰਾਸ਼ਟਰ ਅਤੇ ਵਿਸ਼ਵ(ਰਾਜ ਵਿਵਸਥਾ, ਪ੍ਰਸਥਿਤੀ ਅਤੇ ਪਿਛੋਕੜ) ਪੰਜਾਬ ਦਾ ਸਿੱਖ ਸੰਘਰਸ਼(1978-1993) ਸੰਘਰਸ਼ ਤੋਂ ਬਾਦ ਪੰਜਾਬ(1994- 2003) ਆਧੁਨਿਕ ਸਮਾਜਃ ਮੁੱਦੇ ਤੇ ਪ੍ਰਸਥਿਤੀਆਂ(1978-2003) ਅਜੋਕਾ ਅਰਥਚਾਰਾਃ ਤੱਥ ਤੇ ਪ੍ਰਭਾਵ(1978-2003) ਅਜੋਕੀ ਰਾਜਨੀਤੀਃ ਰਾਸ਼ਟਰੀ ਤੇ ਖੇਕਰੀ ਮਸਲੇ (1996-2003) ਸਮਕਾਲੀ ਰਾਜਨੀਤੀਃ ਕੌਮੀ ਤੇ ਇਲਾਕਾਈ ਮੁੱਦੇ(1978-1995) ਅੰਤਰ ਰਾਸ਼ਟਰੀ ਰਾਜਨੀਤੀਃ ਮੁੱਦੇ ਅਤੇ ਪ੍ਰਸਥਿਤੀਆਂ (1978-2003) ਉਨ੍ਹਾਂ ਦੇ ਨਿੱਕੇ ਵੀਰ ਡਾਃ ਨਵਤੇਜ ਸਿੰਘ ਨੇ ਸੰਪਾਦਿਤ ਕਰਕੇ ਉਨ੍ਹਾਂ ਦੇ ਜਾਣ ਮਗਰੋਂ ਛਪਵਾਏ ਹਨ।
ਹਰਭਜਨ ਹਲਵਾਰਵੀ ਜੀ ਦੀ ਯਾਦ ਵਿੱਚ ਹਰ ਸਾਲ ਇਪਸਾ ਬ੍ਰਿਸਬੇਨ(ਆਸਟਰੇਲੀਆ) ਵੱਲੋਂ ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਸੰਸਥਾ ਵੱਲੋਂ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ, ਯਾਦਗਾਰੀ ਭਾਸ਼ਨ ਤੇ ਕਵੀ ਦਰਬਾਰ ਗੁਰੂ ਰਾਮ ਦਾਸ ਕਾਲਿਜ ਹਲਵਾਰਾ ਵਿਖੇ ਕਰਵਾਇਆ ਜਾਂਦਾ ਸੀ ਪਰ ਹੁਣ ਛੇ ਸਮਾਗਮਾਂ ਉਪਰੰਤ ਵੱਖ ਵੱਖ ਥਾਵਾਂ ਤੇ ਇਹ ਸਮਾਗਮ ਕੀਤਾ ਜਾਂਦਾ ਹੈ।