ਅੰਮ੍ਰਿਤਸਰ - ਪਾਕਿਸਤਾਨ ਦੀ ਇਕ ਰਿਸਚਰ ਸਕਾਲਰ ਬੀਬੀ ਫੌਜੀਆ ਇਸਹਾਕ ਸਿੱਖ ਇਤਿਹਾਸ ਦੀਆਂ ਕਥਾ ਕਹਾਣੀਆਂ ਨੂੰ ਕਈ ਭਾਗਾਂ ਨੂੰ ਆਪਣੇ ਸ਼ੋਸ਼ਲ ਮੀਡੀਆ ਚੈਨਲ ਰਾਹੀ ਪੇਸ਼ ਕਰਕੇ ਵੱਡੇ ਵਿਦਵਾਨਾਂ ਦੇ ਮੂੰਹ ਵਿਚ ਉਂਗਲ ਲਿਆ ਰਹੀ ਹੈ। ਬੀਬੀ ਫੌਜੀਆ ਇਸਹਾਕ ਕਦੇ ਗੁਰੂ ਨਾਨਕ ਸਾਹਿਬ ਦੀਆਂ ਬਾਤਾਂ ਪਾਉਦੀ ਹੈ ਤੇ ਕਦੇ ਉਹ ਦੁਨੀਆਂ ਦੇ ਬੇਹਤਰੀਨ ਰਾਜਾ ਮਹਾਰਾਜਾ ਰਣਜੀਤ ਸਿੰਘ ਦੇ ਕਈ ਅਣਸੁਣੇ ਕਿੱਸੇ ਸੁਣਾਉਦੀ ਹੈ। ਸਿੱਖ ਇਤਿਹਾਸ ਦੀਆਂ ਬਾਤਾਂ ਪਾਉਦਿਆਂ ਉਸ ਨੇ ਮਾਈ ਭਾਗੋ ਬਾਰੇ ਜੋ ਲਫਜ ਇਸਤੇਮਾਲ ਕੀਤੇ ਹਨ ਉਸ ਨੂੰ ਸੁਣ ਕੇ ਹਰ ਸਰੋਤਾ ਅਸ਼ ਅਸ਼ ਕਰ ਉਠਦਾ ਹੈ। ਲਾਹੌਰ ਕਾਲਜ ਯੂਨੀਵਰਸਿਟੀ ਤੋ ਪੀ ਐਚ ਡੀ ਕਰ ਚੁੱਕੀ ਬੀਬੀ ਫੌਜੀਆ ਇਸਹਾਕ ਨੇ ਡਾ ਮੋਹਨ ਸਿੰਘ ਦੀ ਪੁਸਤਕ ਨਾਨਕਾਇਣ ਦਾ ਗੁਰਮੁੱਖੀ ਤੋ ਸ਼ਾਹਮੁਖੀ ਵਿਚ ਉਲਥਾ ਵੀ ਕੀਤਾ ਹੈ।ਉਹ ਅਕਸਰ ਜਨਮ ਅਸਥਾਨ ਗੁਰਦਵਾਰਾ ਨਨਕਾਣਾ ਸਾਹਿਬ ਜਾਂਦੀ ਤੇ ਗੁਰੂ ਨਾਨਕ ਸਾਹਿਬ ਦੇ ਮਰੀਦਾਂ ਪਾਸੋ ਗੁਰੂ ਸਾਹਿਬ ਦੇ ਜੀਵਨ ਦੀਆਂ ਅਣਸੁਣੀਆਂ ਕਥਾਵਾਂ ਨੋਟ ਕਰਦੀ ਹੈ।ਲਾਹੌਰ ਦੇ ਗੁਰਦਵਾਰਾ ਡੇਹਰਾ ਸਾਹਿਬ ਦੇ ਆਸਪਾਸ ਘੰੁਮਦੀ ਤੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਬਾਰੇ ਜਾਣਦੀ ਤੇ ਸ਼ਾਹੀ ਕਿਲਾ ਲਾਹੌਰ ਵਿਚ ਜਾ ਕੇ ਉਹ ਬਜੂਰਗਾਂ ਪਾਸੋ ਮਹਾਰਜਾ ਰਣਜੀਤ ਸਿੰਘ ਦੇ ਕਾਲ ਤੇ 1947 ਵਿਚ ਸਿੱਖਾਂ ਦਾ ਜਾਣਾ ਸੁਣਦੀ ਤੇ ਕਲਮਬੱਧ ਕਰਦੀ ਨਜਰ ਆ ਜਾਂਦੀ ਹੈ। ਬੀਬੀ ਫੌਜੀਆ ਇਸਹਾਕ ਪੰਜਾਬ ਦੀ ਉਹ ਧੀ ਹੈ ਜੋ ਪੰਜਾਬੀਆਂ ਦੇ ਨਾਇਕਾਂ ਨੂੰ ਸਾਹਮਣੇ ਲਿਆ ਰਹੀ ਹੈ।