ਜਲੰਧਰ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿੱਚ ਕਦੇ ਵੀ ਖਾਲੀ ਹੱਥ ਨਹੀਂ ਆਏ, ਹਰ ਵਾਰ ਵਿਕਾਸ ਦੇ ਤੋਹਫੇ ਲੈ ਕੇ ਆਉਂਦੇ ਹੋ, ਅੱਜ ਵੀ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ ਹਨ। ਇਸ ਲਈ ਮੈਂ ਤੁਹਾਨੂੰ ਸਮੁੱਚੇ ਪੰਜਾਬ ਵਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ। ਇਹ ਕਹਿਣਾ ਹੈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ। ਉਹ ਪ੍ਰਧਾਨ ਨਰਿੰਦਰ ਮੋਦੀ ਦੀ ਜਲੰਧਰ ਫੇਰੀ ਦੌਰਾਨ ਕੀਤੇ ਗਏ ਇਕੱਠੇ ਨੂੰ ਸੰਬੋਧਨ ਕਰ ਰਹੇ ਸਨ।
ਵਪਾਰਕ ਡੀਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਣਕ ਅਤੇ ਦੁੱਧ ਨੂੰ ਸਮਝੌਤੇ ਤੋਂ ਬਾਹਰ ਰੱਖਦੇ ਕਿਸਾਨੀ ਹਿੱਤਾਂ ਉੱਤੇ ਪਹਿਰਾ ਦੇਣ ਲਈ ਕੇਵਲ ਸਿੰਘ ਢਿੱਲੋਂ ਨੇ ਧੰਨਵਾਦ ਕੀਤਾ। ਜਦੋਂ ਕੇਵਲ ਸਿੰਘ ਢਿੱਲੋਂ ਇਹ ਸ਼ਬਦ ਕਹਿ ਰਹੇ ਸਨ, ਤਾਂ ਕਿਸਾਨੀ ਦੇ ਹਰੇ ਰੰਗ ਵਾਲੀ ਦਸਤਾਰ ਸਜਾਈ ਨਰਿੰਦਰ ਮੋਦੀ ਵੀ ਮੁਸਕਰਾ ਰਹੇ ਸਨ। ਢਿੱਲੋਂ ਨੇ ਕਿਹਾ ਕਿ ਯੂਰਪੀਅਨ ਦੇਸ਼ਾਂ ਨਾਲ ਹੋਈ ਵਪਾਰਕ ਡੀਲ ਨਾਲ ਪੰਜਾਬ ਨੂੰ ਵੱਡਾ ਲਾਭ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਲੁਧਿਆਣੇ ਦੀ ਹੌਜ਼ਰੀ ਤੇ ਸਾਈਕਲ, ਜਲੰਧਰ ਦੇ ਸਪੋਰਟਸ ਤੇ ਲੈਦਰ, ਬਟਾਲੇ ਦੀਆਂ ਮਸ਼ੀਨਾਂ ਅਤੇ ਪੰਜਾਬ ਦੇ ਕਿਸਾਨਾਂ ਦੀ ਬਾਸਮਤੀ, ਫ਼ਲ, ਅਤੇ ਸਬਜ਼ੀਆਂ ਬਿਨਾਂ ਕਿਸੇ ਟੈਰਿਫ ਦੇ 27 ਯੂਰਪੀਅਨ ਦੇਸ਼ਾਂ ਵਿੱਚ ਜਾ ਸਕਣਗੀਆਂ।
ਕੇਵਲ ਢਿੱਲੋਂ ਨੇ ਅੱਗੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕਣਕ ਅਤੇ ਝੋਨੇ ਉੱਪਰ ਐਮਐਸਪੀ ਦੇਣ ਦਾ ਕੰਮ ਮੋਦੀ ਸਰਕਾਰ ਹੀ ਕਰ ਰਹੀ ਹੈ। ਕਾਂਗਰਸ ਸਰਕਾਰ ਸਮੇਂ ਕਿਸਾਨਾਂ ਨੂੰ ਸਿਰਫ 10-15 ਰੁਪਏ ਐਮਐਸਪੀ ਵਧਾਈ ਜਾਂਦੀ ਸੀ। ਜਦਕਿ ਮੋਦੀ ਸਰਕਾਰ ਦੌਰਾਨ ਕਿਸਾਨਾਂ ਦੀ ਬਿਨਾਂ ਮੰਗਦੇ ਵੱਡਾ ਵਾਧਾ ਐਮਐਸਪੀ ਵਿੱਚ ਹੋ ਰਿਹਾ ਹੈ। ਪ੍ਰਧਾਨ ਢਿੱਲੋਂ ਨੇ ਕਿਹਾ ਕਿ ਉਹ ਖ਼ੁਦ ਕਿਸਾਨ ਦੇ ਪੁੱਤ ਹਨ, ਇਸ ਕਰਕੇ ਉਹ ਕਿਸਾਨਾਂ ਦੀਆਂ ਸਮੱਸਿਆਂਵਾਂ ਚੰਗੀ ਤਰ੍ਹਾਂ ਜਾਣਦੇ ਹਨ। ਇਸ ਕਰਕੇ ਜਿੰਨਾ ਸਮਾਂ ਪੰਜਾਬ ਦਾ ਕਿਸਾਨ ਖੁਸ਼ਹਾਲ ਨਹੀਂ ਹੁੰਦਾ ਪੰਜਾਬ ਖੁਸ਼ਹਾਲ ਸੂਬਾ ਨਹੀਂ ਬਣ ਸਕਦਾ। ਪੰਜਾਬ ਦੇ ਕਿਸਾਨਾਂ ਨੂੰ ਖੁਸ਼ਹਾਲ ਕਰਨ ਦਾ ਕੰਮ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਕਰ ਰਹੀ ਹੈ।
ਪ੍ਰਧਾਨ ਕੇਵਲ ਸਿੰਘ ਢਿੱਲੋ ਨੇ ਕਿਹਾ ਕਿ ਦੁਨੀਆਂ ਦੇ ਵੱਡੇ ਦੇਸ਼ ਅੱਜ ਆਰਥਿਕ ਮੰਦੀ ਦਾ ਸ਼ਿਕਾਰ ਹਨ, ਇਸ ਦੇ ਬਾਵਜੂਦ ਭਾਰਤ 7 ਫੀਸਦੀ ਦੀ ਵਿਕਾਸ ਦਰ ਨਾਲ ਵਿਸ਼ਵ ਦੀ ਪੰਜਵੀਂ ਸਭ ਤੋਂ ਵੱਡੀ ਆਰਥਿਕਤਾ ਬਣ ਚੁੱਕਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2047 ਤੱਕ ਭਾਰਤ ਨੂੰ ਵਿਕਸਿਤ ਬਣਾਉਣ ਦਾ ਸੁਪਨਾ ਵੀ ਜਲਦ ਸੱਚ ਹੋਵੇਗਾ। ਉਹਨਾਂ ਕਿਹਾ ਕਿ 2014 ਤੋਂ ਪਹਿਲਾਂ ਭਾਰਤ ਵਿੱਚ ਸਿਰਫ ਮੋਬਾਇਲ ਬਣਾਉਣ ਦੇ ਸਿਰਫ ਦੋ ਯੂਨਿਟ ਸਨ, ਪਰ ਪ੍ਰਧਾਨ ਮੰਤਰੀ ਦੀ ਸਰਕਾਰ ਇਸਨੂੰ 300 ਤੱਕ ਲੈ ਆਈ ਹੈ।
ਅਸੀਂ 2027 ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ-ਏ-ਖਾਲਸਾ ਵਰਗੀ ਸਰਕਾਰ ਬਣਾਵਾਂਗੇ ਅਤੇ ਪੰਜਾਬ ਨੂੰ ਨਸ਼ਾ, ਗੈਂਗਸਟਵਾਦ ਅਤੇ ਬੇਰੁਜ਼ਗਾਰੀ ਨੂੰ ਖ਼ਤਮ ਕਰਕੇ ਪੰਜਾਬ ਦੀ ਆਨ-ਬਾਨ ਅਤੇ ਸ਼ਾਨ ਬਹਾਲ ਕਰਾਂਗੇ।’
ਪੰਜਾਬ ਦੀ ਆਰਥਿਕਤਾ ਉੱਤੇ ਚਿੰਤਾ ਪ੍ਰਗਟਾਉਂਦਿਆਂ ਕੇਵਲ ਸਿੰਘ ਢਿੱਲੋ ਨੇ ਅੱਗੇ ਕਿਹਾ ਪੰਜਾਬ ਲਗਾਤਾਰ ਪੱਛੜ ਰਿਹਾ ਹੈ। ਨਸ਼ਾ, ਬੇਰੁਜ਼ਗਾਰੀ, ਗੈਂਗਸਟਰਵਾਦ ਨੇ ਪੰਜਾਬ ਨੂੰ ਨਰਕ ਬਣਾ ਛੱਡਿਆ ਹੈ। ਇਨ੍ਹਾਂ ਸਮੱਸਿਆਵਾਂ ਦਾ ਇੱਕੋ- ਇੱਕ ਹੱਲ ਹੈ ਕਿ 2027 ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣੇ।
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਕਰਾਰਾ ਹਮਲਾ ਕਰਦਿਆਂ ਕੇਵਲ ਢਿੱਲੋਂ ਨੇ ਕਿਹਾ ਕਿ ਪੰਜਾਬ ਨੰਬਰ ਇੱਕ ਤੋਂ 18ਵੇਂ ਨੰਬਰ ਉੱਤੇ ਚਲਾ ਗਿਆ ਜਦਕਿ ਯੂਪੀ 20ਵੇਂ ਨੰਬਰ ਤੋਂ ਦੂਜੇ ਨੰਬਰ ਉੱਤੇ ਪਹੁੰਚ ਗਿਆ।ਇਸ ਮੌਕੇ ਬੋਲਦਿਆ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਸੰਵਿਧਾਨ ਅਤੇ ਜਮਹੂਰੀ ਕਦਰਾਂ ਕੀਮਤਾਂ ਦੀਆਂ ਧੱਜੀਆਂ ਉਡਾਉਣ ਦਾ ਇਲਜ਼ਾਮ ਲਾਇਆ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਜ਼ਰ ਲੱਗ ਗਈ ਹੈ ਅਤੇ ਪ੍ਰਧਾਨ ਮੰਤਰੀ ਹੀ ਉਤਾਰ ਸਕਦੇ ਹਨ। ਉਨ੍ਹਾਂ ਪੰਜਾਬ ਦੀਆਂ ਸਮੱਸਿਆਂ ਦੇ ਹੱਲ ਲਈ ਪੰਜਾਬ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ਉੱਤੇ ਆਏ ਹਨ, ਉਹ ਪੰਜਾਬ ਲਈ ਬਹੁਤ ਹੀ ਚੁਣੌਤੀ ਭਰਿਆ ਸਮਾਂ ਹੈ। ਜਵਾਨੀ, ਕਿਸਾਨੀ, ਕਾਰੋਬਾਰੀ ਅਤੇ ਉਦਯੋਗ ਸਭ ਖ਼ਤਰੇ ਵਿੱਚ ਹਨ, ਇਸ ਬਿਪਤਾ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਜਿੰਮੇਵਾਰ ਹੈ। ਉਨ੍ਹਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਝੂਠਾ ਸਨਾਤਨੀ ਕਹਿ ਕੇ ਸੰਬੋਧਨ ਕੀਤਾ।
ਸਮਾਗਮ ਨੂੰ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ, ਮਨਪ੍ਰੀਤ ਸਿੰਘ ਬਾਦਲ, ਮਹਾਰਾਣੀ ਪ੍ਰਨੀਤ ਕੌਰ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਅਵਿਨਾਸ਼ ਰਾਏ ਖੰਨਾ, ਮਨੋਰੰਜਨ ਕਾਲੀਆ ਅਸ਼ੋਕ ਮਿੱਤਲ, ਸਾਬਕਾ ਕ੍ਰਿਕਟਰ ਹਰਭਜਨ ਸਿੰਘ ਭੱਜੀ, ਸਤਨਾਮ ਸਿੰਘ ਸੰਧੂ (ਸਾਰੇ ਰਾਜ ਸਭਾ ਮੈਂਬਰ) ਨੇ ਵੀ ਸੰਬੋਧਨ ਕੀਤਾ।