ਅੰਮ੍ਰਿਤਸਰ-¸ਖਾਲਸਾ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨਜ਼ ਵਿਭਾਗ ਵੱਲੋਂ ਟ੍ਰੇਨਿੰਗ ਐਂਡ ਪਲੇਸਮੈਂਟ ਸੈੱਲ ਦੇ ਸਹਿਯੋਗ ਨਾਲ ‘ਪੰਜਾਬ ’ਚ ਨਵੀਨਤਾ ਅਤੇ ਉਦਮਤਾ : ਸਟੈਨਫੋਰਡ ਤੋਂ ਸਿੱਖਣ ਵਾਲੇ ਸਬਕ”’ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਸਹਿਯੋਗ ਨਾਲ ਆਯੋਜਿਤ ਇਹ ਲੈਕਚਰ ਸਟੈਨਫੋਰਡ ਯੂਨੀਵਰਸਿਟੀ, ਕੈਲੀਫੋਰਨੀਆ (ਅਮਰੀਕਾ) ਦੇ ਮੈਨੇਜਮੈਂਟ ਵਿਭਾਗ ਦੇ ਲੈਕਚਰਾਰ ਸ: ਹਰਪਿੰਦਰ ਸਿੰਘ ਵੱਲੋਂ ਦਿੱਤਾ ਗਿਆ।
ਇਸ ਮੌਕੇ ਪ੍ਰਿੰ: ਡਾ. ਰੰਧਾਵਾ, ਕੰਪਿਊਟਰ ਸੈਂਟਰ ਦੇ ਡਾਇਰੈਕਟਰ ਡਾ. ਹਰਭਜਨ ਸਿੰਘ ਰੰਧਾਵਾ ਅਤੇ ਪਲੇਸਮੈਂਟ ਸੈੱਲ ਦੇ ਡਾਇਰੈਕਟਰ ਡਾ. ਅਨੁਰੀਤ ਕੌਰ ਨੇ ਸ: ਹਰਪਿੰਦਰ ਸਿੰਘ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ। ਇਸ ਪ੍ਰੋਗਰਾਮ ਦਾ ਉਦੇਸ਼ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਨਵੀਨਤਾ, ਉਦਮੀ ਸੋਚ ਅਤੇ ਸਟਾਰਟਅੱਪ ਸੱਭਿਆਚਾਰ ਅਪਨਾਉਣ ਲਈ ਪ੍ਰੇਰਿਤ ਕਰਨਾ ਸੀ।
ਇਸ ਮੌਕੇ ਸ: ਹਰਪਿੰਦਰ ਸਿੰਘ ਨੇ ਕਿਹਾ ਕਿ ਉਦਮਤਾ ਨੂੰ ਵਿਹਾਰਕ ਸਿੱਖਿਆ, ਉਦਯੋਗਾਂ ਨਾਲ ਸਾਂਝ ਅਤੇ ਅਸਲ ਸਮੱਸਿਆਵਾਂ ਦੇ ਹੱਲ ਰਾਹੀਂ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਸਟੈਨਫੋਰਡ ਗ੍ਰੈਜੂਏਟ ਸਕੂਲ ਆਫ਼ ਬਿਜ਼ਨਸ ਦੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਅਨੁਭਵ ਆਧਾਰਿਤ ਸਿੱਖਿਆ, ਸਟਾਰਟਅੱਪ ਇਨਕਿਊਬੇਸ਼ਨ, ਗਾਹਕਾਂ ਦੀਆਂ ਲੋੜਾਂ ਦੀ ਪੜਤਾਲ ਅਤੇ ਮਾਰਗਦਰਸ਼ਨ ਦੀ ਮਜ਼ਬੂਤ ਪ੍ਰਣਾਲੀ ਨੇ ਸਟੈਨਫੋਰਡ ਨੂੰ ਸਫ਼ਲ ਉਦਮੀਆਂ ਅਤੇ ਵਿਸ਼ਵ ਪੱਧਰ ਦੀਆਂ ਕੰਪਨੀਆਂ ਤਿਆਰ ਕਰਨ ’ਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।
ਉਨ੍ਹਾਂ ਨੇ ਇੱਕ ਸਫਲ ਸਟਾਰਟਅੱਪ ਦੀ ਸਥਾਪਨਾ ਦੇ ਵੱਖ-ਵੱਖ ਪੜਾਵਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਜ਼ੋਮੈਟੋ, ਜ਼ੀਰੋਧਾ, ਓਯੋ ਅਤੇ ਡੋਰਡੈਸ਼ ਵਰਗੀਆਂ ਭਾਰਤੀ ਸਫਲਤਾ ਦੀਆਂ ਮਿਸਾਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਵੀਨਤਾ ਦੀ ਸ਼ੁਰੂਆਤ ਸਮਾਜ ਦੀਆਂ ਅਸਲ ਸਮੱਸਿਆਵਾਂ ਦੇ ਹੱਲ ਤੋਂ ਹੁੰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੰਜਾਬ ਦੀਆਂ ਸਥਾਨਕ ਚੁਣੌਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਉਦਮੀ ਮੌਕਿਆਂ ’ਚ ਬਦਲਣ ਲਈ ਪ੍ਰੇਰਿਤ ਕੀਤਾ। ਇਸ ਲੈਕਚਰ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪ੍ਰਸ਼ਨ-ਉੱਤਰ ਸੈਸ਼ਨ ’ਚ ਸਰਗਰਮ ਭਾਗ ਲੈਂਦਿਆਂ ਸਟਾਰਟਅੱਪ, ਫੰਡਿੰਗ ਰਣਨੀਤੀਆਂ ਅਤੇ ਉਦਮਤਾ ’ਚ ਕਰੀਅਰ ਦੇ ਮੌਕਿਆਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ।
ਇਸ ਮੌਕੇ ਉਨ੍ਹਾਂ ਦੇ ਅੰਤਰਰਾਸ਼ਟਰੀ ਤਜਰਬੇ ਨੂੰ ਸਾਂਝਾ ਕਰਨ ਅਤੇ ਵਿਦਿਆਰਥੀਆਂ ਨੂੰ ਭਵਿੱਖ ਦੇ ਨਵੀਨਤਾਕਾਰੀ ਅਤੇ ਰੁਜ਼ਗਾਰ ਸਿਰਜਣਹਾਰ ਬਣਨ ਲਈ ਪ੍ਰੇਰਿਤ ਕਰਨ ਸਬੰਧੀ ਧੰਨਵਾਦ ਕੀਤਾ।