ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਇਕ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆ ਦੱਸਿਆ ਕਿ ਜਥੇਬੰਦੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੌਜਵਾਨਾਂ ਨੂੰ ਪਾਰਟੀ ਪਲੇਟਫਾਰਮ ਨਾਲ ਜੋੜ ਕੇ ਜਥੇਬੰਦ ਕਰਨ ਲਈ ਯੂਥ ਅਕਾਲੀ ਦਲ ਦੇ ਜਥੇਬੰਧਕ ਢਾਂਚੇ ਦਾ ਐਲਾਨ ਕੀਤਾ ਗਿਆ ਹੈ। ਜੋ ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਯੂਥ ਅਕਾਲੀ ਦਲ ਨੂੰ ਸੂਬਾ ਪੱਧਰ ਤੋਂ ਲੈ ਕੇ ਜਿਲ੍ਹਾ ਅਤੇ ਬੂਥ ਪੱਧਰ ਤੱਕ ਸੰਗਠਿਤ ਕਰੇਗਾ। ਸ ਵਡਾਲਾ ਨੇ ਦੱਸਿਆ ਕਿ ਸ ਗੁਰਜੀਤ ਸਿੰਘ ਤਲਵੰਡੀ ਨੂੰ ਯੂਥ ਅਕਾਲੀ ਦਲ ਦੀ ਕਮਾਂਡ ਸੌਪੀ ਗਈ ਹੈ। ਸ ਗੁਰਜੀਤ ਸਿੰਘ ਤਲਵੰਡੀ ਦਾ ਪਿਛੋਕੜ ਸ਼੍ਰੋਮਣੀ ਅਕਾਲੀ ਦਲ ਨਾਲ ਕਈ ਪੀੜੀਆ ਤੋ ਜੁੜਿਆ ਹੋਇਆ ਹੈ। ਸ ਤਲਵੰਡੀ ਸ਼੍ਰੋਮਣੀ ਅਕਾਲੀ ਦਲ ਅਤੇ ਐੱਸ.ਜੀ.ਪੀ.ਸੀ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਦੋਹਤੇ ਅਤੇ ਸਰਦਾਰ ਰਣਧੀਰ ਸਿੰਘ ਚੀਮਾ ਸਾਬਕਾ ਮੰਤਰੀ ਅਤੇ ਮੈਂਬਰ ਐੱਸ.ਜੀ.ਪੀ ਸੀ ਦੇ ਪੋਤੇ ਹਨ। ਸ ਤਲਵੰਡੀ ਪਾਰਟੀ ਦੇ ਮੁੱਖ ਬੁਲਾਰੇ ਦੇ ਤੌਰ ਤੇ ਬੜੀ ਮਿਹਨਤ ਨਾਲ ਕੰਮ ਕਰਦੇ ਰਹੇ ਹਨ। ਉਸਨੇ ਲਾਅ ਗ੍ਰੈਜੂਏਟ ਹੋਣ ਦੇ ਨਾਲ ਐਮ.ਏ ਇੰਟਰਨੈਸ਼ਨਲ ਪੋਲੀਟੀਕਲ ਰਿਲੇਸ਼ਨਸ ਲੰਡਨ ਯੂਨੀਵਰਸਿਟੀ ਤੋਂ ਪਾਸ ਕੀਤੀ ਹੈ। ਅਕਾਲੀ ਪਿਛੋਕੜ ਅਤੇ ਪੜ੍ਹਿਆ ਲਿਖਿਆ ਨੌਜਵਾਨ ਹੋਣ ਕਰਕੇ ਸਮੁੱਚੀ ਪਾਰਟੀ ਨੇ ਭਰੋਸਾ ਜਤਾਉਂਦਿਆ ਉਸ ਨੂੰ ਅਕਾਲੀ ਦਲ ਦੇ ਹਰਾਵਲ ਦਸਤੇ ਨੂੰ ਪ੍ਰਫੁੱਲਤ ਕਰਨ ਦੀ ਜਿੰਮੇਵਾਰੀ ਸੌਂਪੀ ਹੈ। ਸ ਵਡਾਲਾ ਨੇ ਅੱਗੇ ਦੱਸਿਆ ਕਿ ਇਸਦੇ ਨਾਲ ਪੰਜਾਬ ਤੋ ਹੋਰ ਮਿਹਨਤੀ ਤੇ ਇਮਾਨਦਾਰ ਨੌਜਵਾਨਾਂ ਦੀ ਨਿਯੁਕਤੀ ਵੀ ਕੀਤੀ ਗਈ ਹੈ, ਜੋ ਗੁਰਜੀਤ ਸਿੰਘ ਤਲਵੰਡੀ ਦੀ ਅਗਵਾਈ ਚ ਇਕ ਟੀਮ ਵਾਂਗ ਪੰਜਾਬ ਭਰ ਦਾ ਚੱਕਰ ਲਾਉਣਗੇ ਅਤੇ ਨੌਜੁਆਨਾਂ ਨੂੰ ਪਾਰਟੀ ਲਈ ਲਾਮਬੰਦ ਕਰਕੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਸਲਾਹ ਨਾਲ ਯੂਥ ਅਕਾਲੀ ਦਲ ਦਾ ਸੂਬਾ ਪੱਧਰੀ ਤੇ ਜਿਲਾ ਪੱਧਰੀ ਜਥੇਬੰਧਕ ਢਾਂਚਾ ਤਿਆਰ ਕਰਨਗੇ। ਨਵੀਂ ਬਣਾਈ ਗਈ ਇਸ ਟੀਮ ਵਿੱਚ ਪ੍ਰਧਾਨ ਸ ਗੁਰਜੀਤ ਸਿੰਘ ਤਲਵੰਡੀ ਤੋਂ ਇਲਾਵਾ ਐਡਵੋਕੇਟ ਸੁਰਤੇਜ ਸਿੰਘ ਬਾਸੀ ਨੂੰ ਜਨਰਲ ਸਕੱਤਰ ਤੇ ਮੁੱਖ ਬੁਲਾਰਾ ਬਣਾਇਆ ਗਿਆ ਹੈ। ਸੀਨੀਅਰ ਮੀਤ ਪ੍ਰਧਾਨਾਂ ਵਿੱਚ ਸ ਜਤਿੰਦਰ ਸਿੰਘ ਪਹਾੜੀਪੁਰ, ਸ ਗੁਰਸੇਵਕ ਸਿੰਘ ਮਨਿਆਣਾ, ਸ ਚਰਨਜੀਤ ਸਿੰਘ ਮਾਵੀ, ਸ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ, ਸ ਵਰਿੰਦਰ ਸਿੰਘ ਚਾਹਲ ਹੋਣਗੇ। ਇਸੇ ਤਰਾਂ ਜਨਰਲ ਸਕੱਤਰਾਂ ਵਿੱਚ ਸ ਗੁਰਜੀਤ ਸਿੰਘ ਸੋਨਾ (ਨਿਹਾਲ ਸਿੰਘ ਵਾਲਾ), ਸ ਰਵਿੰਦਰ ਸਿੰਘ ਸ਼ਾਹਪੁਰ, ਸ ਸਤਨਾਮ ਸਿੰਘ ਸੱਤਾ, ਸ੍ਰੀ ਅਮਿਤ ਸੇਠੀ ਬਲਾਚੌਰ, ਸ ਸਤਿੰਦਰ ਸਿੰਘ ਰਿਆੜ ਨੂੰ ਸ਼ਾਮਲ ਕੀਤਾ ਗਿਆ। ਸ ਵਡਾਲਾ ਨੇ ਆਸ ਪ੍ਰਗਟਾਈ ਹੈ ਕਿ ਇਹ ਟੀਮ ਅਕਾਲੀ ਦਲ ਦੇ ਪਰਿਵਾਰ ਵਿੱਚ ਵਾਧਾ ਕਰਨ ਲਈ ਤਨਦੇਹੀ ਨਾਲ ਕੰਮ ਕਰੇਗੀ।