ਅੰਮ੍ਰਿਤਸਰ -ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਦੌਰਾਨ ਸ਼ਹੀਦ ਹੋਣ ਵਾਲੇ ਭਾਈ ਕੁਲਵੰਤ ਸਿੰਘ ਦੀ ਧਰਮ ਪਤਨੀ ਬੀਬੀ ਕਸ਼ਮੀਰ ਕੌਰ ਆਪਣੇ ਪਤੀ ਦੀ ਸ਼ਹਾਦਤ ਨੂੰ ਪਹਿਚਾਣ ਦਿਵਾਉਣ ਲਈ ਜਦੋ ਜਹਿਦ ਕਰ ਰਹੀ ਹੈ।ਦੋ ਵਕਤ ਦੀ ਰੋਟੀ ਤੋ ਮੁਥਾਜ ਬੀਬੀ ਕਸ਼ਮੀਰ ਕੌਰ ਨੇ ਦਸਿਆ ਕਿ ਔਖੇ ਸਮੇ ਤੇ ਕਿਸੇ ਵੀ ਸਿੱਖ ਸੰਸਥਾ ਨੇ ਉਨਾਂ ਦੇ ਪਰਿਵਾਰ ਦੀ ਬਾਂਹ ਫੜਣੀ ਜਰੂਰੀ ਨਹੀ ਸਮਝੀ। ਮਾਤਾ ਕਸ਼ਮੀਰ ਕੌਰ ਚਾਹੰੁਦੀ ਹੈ ਕਿ ਸ਼ਹੀਦ ਹੋਏ ਉਸ ਦੇ ਪਤੀ ਦੀ ਇਕ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਸਥਾਪਿਤ ਯਾਦਗਾਰ ਸ਼ਹੀਦਾਂ ਦੇ ਹੇਠਾਂ ਬਣੀ ਸ਼ਹੀਦੀ ਗੈਲਰੀ ਵਿਚ ਤਸਵੀਰ ਸਥਾਪਿਤ ਕਰ ਦਿੱਤੀ ਜਾਵੇ। ਅੱਜ ਇਸ ਪੱਤਰਕਾਰ ਨੂੰ ਆਪਬੀਤੀ ਸੁਣਾਉਦਿਆਂ ਬੀਬੀ ਕਸ਼ਮੀਰ ਕੌਰ ਨੇ ਦਸਿਆ ਕਿ ਉਨਾਂ ਦਾ ਪਰਿਵਾਰ ਮਲੌਟ ਦਾ ਰਹਿਣ ਵਾਲਾ ਹੈ ਤੇ ਜੂਨ 1984 ਵਿਚ ਉਸ ਦੇ ਪਤੀ ਭਾਈ ਕੁਲਵੰਤ ਸਿੰਘ ਪੁੱਤਰ ਕਰਤਾਰ ਸਿੰਘ ਸ੍ਰੀ ਦਰਬਾਰ ਸਾਹਿਬ ਵਿਖੇ ਆਇਆ ਸੀ।ਫੌਜ਼ ਵਲੋ ਸ੍ਰੀ ਦਰਬਾਰ ਸਾਹਿਬ ਤੇ ਕੀਤੀ ਗੋਲੀਬਾਰੀ ਦੌਰਾਨ ਗੋਲੀ ਲਗਣ ਕਾਰਨ ਸ਼ਹੀਦ ਹੋ ਗਿਆ। ਉਨਾਂ ਦਸਿਆ ਕਿ ਭਾਈ ਕੁਲਵੰਤ ਸਿੰਘ ਦੀ ਮ੍ਰਿਤਕ ਦੇਹ ਦਾ ਸਸਕਾਰ ਸ਼ਮਸ਼ਾਨ ਘਾਟ ਚਾਟੀਵਿੰਡ ਵਿਖੇ ਹੋਇਆ।ਉਨਾਂ ਦਸਿਆ ਕਿ ਸਮੇ ਦੀ ਇਕ ਮਾਰ ਉਸ ਸਮੇ ਪਈ ਜਦ ਉਨਾਂ ਦੇ ਇਕ ਪੁੱਤਰ ਦੀ ਮੌਤ ਹੋ ਗਈ ਤੇ ਦੂਜੇ ਪੱੁਤਰ ਦੀ ਰੀਡ ਦੀ ਹਡੀ ਦਾ ਮਣਕਾ ਟੁੱਟ ਗਿਆ ਤੇ ਉਹ ਬਿਸਤਰੇ ਤੇ ਆਣ ਪਿਆ।ਇਸ ਦੌਰਾਨ ਉਨਾਂ ਦੀ ਨੂੰਹ ਦੀ ਵੀ ਮੌਤ ਹੋ ਗਈ।ਹਲਾਤ ਇਹ ਹਨ ਕਿ ਦੋ ਵਕਤ ਦੀ ਰੋਟੀ ਚਲਣੀ ਵੀ ਮੁਸ਼ਕਿਲ ਹੈ। ਉਨਾਂ ਸ਼ੋ੍ਰਮਣੀ ਕਮੇਟੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਨਾਂ ਨੂੰ ਆਰਥਿਕ ਮਦਦ ਕੀਤੀ ਜਾਵੇ ਤਾਂ ਕਿ ਉਹ ਆਪਣੇ ਪੁੱਤਰ ਦਾ ਇਲਾਜ ਕਰਵਾ ਸਕਣ ਤੇ ਪੋਤਰੀਆਂ ਦੀ ਪੜਾਈ ਪੂਰੀ ਕਰਵਾ ਸਕਣ। ਇਸ ਦੌਰਾਨ ਸ਼ੋ੍ਰਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਤੁਗਲਵਾਲ ਨੇ ਬੀਬੀ ਕਸ਼ਮੀਰ ਕੌਰ ਨੂੰ ਵਿਸ਼ਵਾਸ ਦਿਵਾਇਆ ਕਿ ਉਨਾਂ ਦੀਆਂ ਮੰਗਾਂ ਬਾਰੇ ਉਹ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਗਲ ਕਰਨਗੇ।