ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ 'ਵਿਕਸਤ ਭਾਰਤ 2047' ਤਹਿਤ ਸ਼ੁਰੂ ਕੀਤੇ ਗਏ 'ਨਸ਼ਾ ਮੁਕਤ ਯੁਵਾ ਅਭਿਆਨ' ਦੌਰਾਨ ਐਮਪੀ ਵਿਕਰਮਜੀਤ ਸਿੰਘ ਸਾਹਨੀ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸੰਨ ਫਾਊਂਡੇਸ਼ਨ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਏਗੀ, ਜਿਸ ਤਹਿਤ ਪੰਜ ਲੱਖ ਨੌਜਵਾਨ ਨਸ਼ਾ ਮੁਕਤੀ ਦੀ ਸਹੁੰ ਚੁੱਕਣਗੇ। ਸਾਹਨੀ ਨੇ ਦੱਸਿਆ ਕਿ ਉਨ੍ਹਾਂ ਦਾ ਐਨਜੀਓ ਪੰਜਾਬ ਵਿੱਚ 12 ਨਸ਼ਾ ਮੁਕਤੀ ਕੇਂਦਰ ਚਲਾ ਰਿਹਾ ਹੈ, ਜਿੱਥੇ ਯੋਗਾ, ਧਿਆਨ, ਖੇਡਾਂ ਅਤੇ ਹੁਨਰ ਵਿਕਾਸ ਰਾਹੀਂ ਨਸ਼ਾ ਪੀੜਤ ਨੌਜਵਾਨਾਂ ਦਾ ਪੁਨਰਵਾਸ ਕਰਕੇ ਉਨ੍ਹਾਂ ਨੂੰ ਰੋਜ਼ਗਾਰ ਦੇ ਯੋਗ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਵਿੱਚ ਸਮਾਜ, ਪਰਿਵਾਰ ਅਤੇ ਨੌਜਵਾਨਾਂ ਦੀ ਸਾਂਝੀ ਭਾਗੀਦਾਰੀ ਹੀ ਇਸ ਸਮੱਸਿਆ ਦਾ ਸਥਾਈ ਹੱਲ ਹੈ। ਉਨ੍ਹਾਂ ਦੇ ਸੰਬੋਧਨ ਦੌਰਾਨ ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਹੁਨਰ ਅਤੇ ਪੁਨਰਵਾਸ ਕੇਂਦਰਾਂ ਨਾਲ ਜੁੜੇ ਕਰੀਬ 5, 000 ਨੌਜਵਾਨ ਵੀ ਆਨਲਾਈਨ ਸ਼ਾਮਲ ਹੋਏ। ਸਾਹਨੀ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਹੋਰਨਾਂ ਨੂੰ ਵੀ ਇਸ ਬੁਰਾਈ ਤੋਂ ਬਚਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ।