ਮਾਨਸਾ- ਕਾਂਗਰਸੀ ਆਗੂਆਂ ਨੇ ਅੱਜ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਦੀ ਸਾਢੇ ਚਾਰ ਸਾਲ ਪਹਿਲਾਂ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਏਆਈਸੀਸੀ ਜਨਰਲ ਸਕੱਤਰ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਤੋਂ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੱਕ, ਸਾਰਿਆਂ ਨੇ ਕਿਹਾ ਕਿ ਉਹ ਅੱਜ ਵੀ ਮੂਸੇਵਾਲਾ ਨੂੰ ਬਹੁਤ ਯਾਦ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸਿਰਫ਼ ਇੱਕ ਪ੍ਰਤਿਭਾਸ਼ਾਲੀ ਗਾਇਕ ਹੀ ਨਹੀਂ ਸਨ, ਸਗੋਂ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਅਤੇ ਉਨ੍ਹਾਂ ਨੂੰ ਇਕਜੁੱਟ ਕਰਨ ਦੀ ਵਿਲੱਖਣ ਸਮਰੱਥਾ ਵੀ ਰੱਖਦੇ ਸਨ।
ਪਾਰਟੀ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੋਸ਼ੀ ਠਹਿਾਉਂਦਿਆਂ, ਕਿਹਾ ਕਿ ਭਾਰੀ ਖਤਰਿਆਂ ਦੇ ਬਾਵਜੂਦ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈ ਲਈ ਗਈ ਅਤੇ ਇਸ ਗੱਲ ਦਾ ਜਨਤਕ ਤੌਰ 'ਤੇ ਪ੍ਰਚਾਰ ਵੀ ਕੀਤਾ ਗਿਆ ਕਿ ਉਨ੍ਹਾਂ ਦੀ ਸੁਰੱਖਿਆ ਘਟਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਵੀ ਮੂਸੇਵਾਲਾ ਨੂੰ ਇਨਸਾਫ਼ ਨਹੀਂ ਮਿਲਿਆ।
ਇਸ ਮੌਕੇ ਸੰਬੋਧਨ ਕਰਦਿਆਂ, ਭੂਪੇਸ਼ ਬਘੇਲ ਨੇ ਕਿਹਾ ਕਿ ਆਪ ਸਰਕਾਰ ਨੇ ਪੰਜਾਬ ਨੂੰ ਗੈਂਗਸਟਰਾਂ ਦੇ ਹਵਾਲੇ ਕਰ ਦਿੱਤਾ ਹੈ, ਜਿਨ੍ਹਾਂ ਨੇ ਨੌਜਵਾਨਾਂ ਦੇ ਮਹਾਨ ਪ੍ਰਤੀਕ ਸਿੱਧੂ ਮੂਸੇਵਾਲਾ ਸਮੇਤ ਕਈ ਬੇਕਸੂਰ ਲੋਕਾਂ ਦੀ ਜਾਨ ਲਈ ਹੈ।
ਉਨ੍ਹਾਂ ਨੇ ਲੋਕਾਂ ਨੂੰ ਆਪ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਦੀ ਅਪੀਲ ਕਰਦਿਆਂ, ਕਿਹਾ ਕਿ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਇਸ ਸਰਕਾਰ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹੀ ਸਰਕਾਰ ਉਨ੍ਹਾਂ ਦੀ ਮੌਤ ਲਈ ਜ਼ਿੰਮੇਵਾਰ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਮੂਸੇਵਾਲਾ ਨਾਲ ਆਪਣੇ ਡੂੰਘੇ ਰਿਸ਼ਤਿਆਂ ਨੂੰ ਯਾਦ ਕਰਦਿਆਂ, ਕਿਹਾ ਕਿ ਉਹ ਉਨ੍ਹਾਂ ਲਈ ਛੋਟੇ ਭਰਾ ਵਾਂਗ ਸਨ ਅਤੇ ਉਹ ਹਮੇਸ਼ਾ ਉਨ੍ਹਾਂ ਦੀ ਕਮੀ ਮਹਿਸੂਸ ਕਰਦੇ ਰਹਿਣਗੇ। ਉਨ੍ਹਾਂ ਨੇ ਵਾਅਦਾ ਕੀਤਾ ਕਿ ਜਦੋਂ ਆਪ ਸਰਕਾਰ ਨੂੰ ਹਰਾ ਕੇ ਕਾਂਗਰਸ ਪੰਜਾਬ ਵਿੱਚ ਸਰਕਾਰ ਬਣਾਏਗੀ, ਤਾਂ ਮੂਸੇਵਾਲਾ ਨੂੰ ਜ਼ਰੂਰ ਇਨਸਾਫ਼ ਮਿਲੇਗਾ।
ਉਨ੍ਹਾਂ ਨੇ ਕਿਹਾ ਕਿ ਆਪ ਸਰਕਾਰ ਨੇ ਕਾਨੂੰਨ-ਵਿਵਸਥਾ, ਆਰਥਿਕਤਾ, ਖੇਤੀਬਾੜੀ, ਸਿੱਖਿਆ ਅਤੇ ਰੁਜ਼ਗਾਰ ਦੇ ਖੇਤਰਾਂ ਵਿੱਚ ਪੰਜਾਬ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਇਸ ਲੜੀ ਹੇਠ, ਆਪ ਸਰਕਾਰ ਨੇ ਕਿਸਾਨਾਂ, ਸਫਾਈ ਸੇਵਕਾਂ, ਮਨਰੇਗਾ ਵਰਕਰਾਂ, ਲਾਈਨਮੈਨਾਂ ਅਤੇ ਅਧਿਆਪਕਾਂ ਸਮੇਤ ਸਮਾਜ ਦੇ ਹਰ ਵਰਗ ਖ਼ਿਲਾਫ਼ ਪੁਲਿਸ ਬਲ ਦੀ ਬੇਰਹਿਮੀ ਨਾਲ ਵਰਤੋਂ ਕੀਤੀ ਹੈ।
ਇਸ ਮੌਕੇ ਬ੍ਰਹਮ ਮਹਿੰਦਰਾ, ਹੀਨਾ ਕਾਂਵਰੇ, ਬਲਕੌਰ ਸਿੰਘ ਮੂਸੇਵਾਲਾ, ਗੁਰਪ੍ਰੀਤ ਵਿੱਕੀ, ਅਰਸ਼ਦੀਪ ਸਿੰਘ ਮਿਚਲ ਗਗੋਵਾਲ, ਬਿਕਰਮ ਮੋਫਰ, ਰਣਵੀਰ ਕੌਰ, ਸਤਪਾਲ ਸਿੰਘ, ਕੁਲਵੰਤ ਰਾਏ ਸਿੰਗਲਾ, ਹਰਵਿੰਦਰ ਕੌਰ ਸਿੱਧੂ ਸਣੇ ਹੋਰ ਆਗੂ ਵੀ ਮੌਜੂਦ ਰਹੇ।