ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇੱਕ ਡੈਲੀਗੇਸ਼ਨ ਦੇ ਨਾਲ 18 ਅਗਸਤ ਨੂੰ ਪਾਕਿਸਤਾਨੀ ਦੂਤਾਵਾਸ ਵਿਖੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਨਾਲ ਮੁਲਾਕਾਤ ਕਰਨਗੇ। ਇਸ ਮੁਲਾਕਾਤ ਦਾ ਮੁੱਖ ਏਜੰਡਾ ਨਵੰਬਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਜਥੇ ਲਈ ਖੁੱਲ ਦਿਲੀ ਨਾਲ ਵੀਜ਼ਾ ਪ੍ਰਾਪਤ ਕਰਨਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 3000 ਯਾਤਰੀਆਂ ਦਾ ਇੱਕ ਜੱਥਾ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੀ ਯਾਤਰਾ ਲਈ ਭੇਜਿਆ ਜਾਂਦਾ ਹੈ। ਇਸ ਯਾਤਰੀ ਜਥੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਟੇ ਵਿੱਚੋਂ ਮਾਹਿਜ 1800 ਯਾਤਰੀ ਹੀ ਹੁੰਦੇ ਹਨ। ਇਸ ਤੋਂ ਇਲਾਵਾ ਭਾਰਤ ਭਰ ਦੀਆਂ ਸਿੱਖ ਸੰਸਥਾਵਾਂ ਵੱਲੋਂ ਯਾਤਰੂਆਂ ਲਈ ਵੀਜ਼ੇ ਲਗਵਾਏ ਜਾਂਦੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਆਪਣੇ ਤੌਰ ਤੇ ਯਾਤਰੀਆਂ ਨੂੰ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਵੀਜ਼ੇ ਲਗਵਾ ਕੇ ਦਿੰਦੀਆਂ ਸਨ ਪਰ ਆਪਰੇਸ਼ਨ ਸੰਦੂਰ ਤੋਂ ਬਾਅਦ ਨਿੱਜੀ ਸੰਸਥਾਵਾਂ ਨੂੰ ਦਿੱਤੇ ਜਾਣ ਵਾਲੇ ਵੀਜਿਆਂ ਵਿੱਚ ਕਟੌਤੀ ਕਰ ਦਿੱਤੀ ਗਈ। ਇਸ ਤੋਂ ਬਾਅਦ ਸਾਰਾ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਇਸ ਵਰੇ ਯਾਤਰਾ ਤੇ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਾਤਰਾ ਵਿਭਾਗ ਕੋਲ ਇਸ ਵੇਲੇ 7 ਹਜਾਰ ਦੇ ਕਰੀਬ ਪਾਸਪੋਰਟ ਵੀਜ਼ੇ ਲਈ ਪਹੁੰਚੇ ਹਨ। ਇਹਨਾਂ ਯਾਤਰੂਆਂ ਲਈ ਵੱਧ ਤੋਂ ਵੱਧ ਵੀਜ਼ੇ ਹਾਸਿਲ ਕਰਨ ਦੇ ਮਨਸ਼ੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਪਣੇ ਨਾਲ ਇੱਕ ਡੈਲੀਗੇਸ਼ਨ ਲੈ ਜਾ ਰਹੇ ਹਨ ਜੋ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਇਹ ਅਪੀਲ ਕਰੇਗਾ ਕਿ ਇਸ ਵਾਰ ਖੁੱਲ ਦਿਲੀ ਨਾਲ ਵੀਜੇ ਦਿੱਤੇ ਜਾਣ ਤਾਂ ਕਿ ਵੱਧ ਤੋਂ ਵੱਧ ਸ਼ਰਧਾਲੂ ਗੁਰਧਾਮਾਂ ਦੇ ਦਰਸ਼ਨ ਕਰ ਸਕਣ ।