ਅੰਮ੍ਰਿਤਸਰ - ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੀ ਅਗਵਾਈ ਪਾਰਟੀ ਦੇ ਪਾਰਲੀਮਾਨੀ ਬੋਰਡ ਮੈਂਬਰਾਂ ਅਤੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਨੇ ਕੀਤੀ। ਇਸ ਮੌਕੇ ਪਾਰਲੀਮਾਨੀ ਬੋਰਡ ਦੇ ਕੋਆਰਡੀਨੇਟਰ ਸ੍ਰ. ਕਾਬਲ ਸਿੰਘ, ਸ੍ਰ. ਸੁਖਵਿੰਦਰ ਸਿੰਘ ਅਗਵਾਨ ਸ੍ਰ. ਬਾਬੂ ਸਿੰਘ ਬਰਾੜ ਅਤੇ ਸ੍ਰ. ਪ੍ਰਗਟ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਪ੍ਰੈਸ ਕਾਨਫਰੰਸ ਦੌਰਾਨ 2027 ਦੀਆਂ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਵੱਲੋਂ ਗਠਿਤ ਪਾਰਲੀਮਾਨੀ ਬੋਰਡ ਨੇ ਪੰਥਕ ਪਹਿਲਕਦਮੀਆਂ ਅਤੇ ਪਾਰਟੀ ਦੀ ਵਿਚਾਰਧਾਰਾ ਨੂੰ ਮੁੱਖ ਰੱਖਦਿਆਂ ਪੰਜ ਹੋਰ ਹਲਕਾ ਇੰਚਾਰਜਾਂ ਦਾ ਐਲਾਨ ਕੀਤਾ। ਜਿਸ ਵਿੱਚ ਪਾਰਲੀਮਾਨੀ ਬੋਰਡ ਵੱਲੋਂ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਭਾਈ ਦਲਜੀਤ ਸਿੰਘ ਕਲਸੀ, ਹਲਕਾ ਮੋਗਾ ਤੋਂ ਭਾਈ ਗੁਰਮੀਤ ਸਿੰਘ ਬੁੱਕਣਵਾਲਾ, ਹਲਕਾ ਗਿੱਲ ( ਲੁਧਿਆਣਾ ) ਤੋਂ ਦਰਸ਼ਨ ਸਿੰਘ ਸ਼ਿਵਾਲਿਕ, ਕਪੂਰਥਲਾ ਤੋਂ ਬਾਬਾ ਜਗਜੀਤ ਸਿੰਘ ਬਾਬਾ ਜੱਗਾ ਅਤੇ ਕੋਟਕਪੂਰਾ ਤੋਂ ਰਸ਼ਪਾਲ ਸਿੰਘ ਸ਼ੋਸ਼ਨ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹਲਕਾ ਇੰਚਾਰਜ ਐਲਾਨਿਆ ਗਿਆ। ਆਗੂਆਂ ਨੇ ਕਿਹਾ ਕਿ ਉਮੀਦਵਾਰਾਂ ਦੀ ਚੋਣ ਸਿਰਫ਼ ਚੋਣੀ ਸਮੀਕਰਨਾਂ ਨੂੰ ਧਿਆਨ ਵਿੱਚ ਰੱਖ ਕੇ ਨਹੀਂ ਕੀਤੀ ਗਈ, ਸਗੋਂ ਪੰਥਕ ਸੋਚ, ਲੋਕਾਂ ਨਾਲ ਜੁੜਾਅ, ਸਮਾਜਿਕ ਸਰੋਕਾਰਾਂ, ਸੰਘਰਸ਼ਮਈ ਪਿਛੋਕੜ ਅਤੇ ਪੰਜਾਬ ਦੇ ਹਿੱਤਾਂ ਪ੍ਰਤੀ ਵਚਨਬੱਧਤਾ ਨੂੰ ਮੁੱਖ ਮਾਪਦੰਡ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਈ ਦਲਜੀਤ ਸਿੰਘ ਕਲਸੀ ਅਤੇ ਭਾਈ ਗੁਰਮੀਤ ਸਿੰਘ ਬੁੱਕਣਵਾਲਾ, ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਵਜੋਂ ਲੰਮੇ ਸਮੇਂ ਤੋਂ ਪੰਥਕ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਸਰਗਰਮ ਰਹੇ ਹਨ ਅਤੇ ਦੋਵੇਂ ਪਹਿਲਾਂ ਐਨਐਸਏ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਰਹੇ ਹਨ ਅਤੇ ਇਸ ਸਮੇਂ ਵੀ ਜੇਲ੍ਹ ਵਿੱਚ ਨਜ਼ਰਬੰਦੀ ਦਾ ਸਾਹਮਣਾ ਕਰ ਰਹੇ ਹਨ। ਪਾਰਲੀਮਾਨੀ ਬੋਰਡ ਦੇ ਮੈਂਬਰਾਂ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਿਆਸਤ ਦਾ ਕੇਂਦਰ ਸਿਰਫ਼ ਸੱਤਾ ਪ੍ਰਾਪਤੀ ਨਹੀਂ, ਸਗੋਂ ਪੰਥਕ ਵਿਚਾਰਧਾਰਾ, ਪੰਜਾਬ ਦੇ ਹੱਕਾਂ, ਲੋਕ ਭਲਾਈ ਅਤੇ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਰੱਖਿਅਤ ਤੇ ਬਿਹਤਰ ਭਵਿੱਖ ਦੀ ਲੜਾਈ ਹੈ ਅਤੇ ਪਾਰਟੀ ਪੰਜਾਬ ਦੇ ਮਸਲਿਆਂ ਨੂੰ ਸਿਆਸੀ ਏਜੰਡੇ ਦੇ ਕੇਂਦਰ ਵਿੱਚ ਲਿਆ ਕੇ ਪੰਜਾਬ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਵਿਧਾਨ ਸਭਾ ਤੱਕ ਪਹੁੰਚਾਉਣ ਲਈ ਵਚਨਬੱਧ ਹੈ। ਇਸ ਮੌਕੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਿੱਚੋਂ ਬੀਬੀ ਸੰਦੀਪ ਕੌਰ, ਮਾਤਾ ਸਵਰਨਜੀਤ ਕੌਰ, ਭਾਈ ਸਿਮਰਜੀਤ ਸਿੰਘ ਕਲਸੀ, ਭਾਈ ਸੁਰਜੀਤ ਸਿੰਘ ਦੌਲਤਪੁਰ, ਭਾਈ ਮਹਾਂ ਸਿੰਘ ਰਾਉਕੇ, ਭਾਈ ਦਲੇਰ ਸਿੰਘ ਡੋਡ, ਭਾਈ ਤਰਨਦੀਪ ਸਿੰਘ, ਭਾਈ ਜਗਜਿੰਦਰ ਸਿੰਘ ਬੁੱਕਣਵਾਲਾ, ਭਾਈ ਜਸਕਰਨ ਸਿੰਘ ਰਿਆੜ, ਭਾਈ ਚਰਨਜੀਤ ਸਿੰਘ ਗਾਲਿਬ, ਭਾਈ ਗੁਰਜਿੰਦਰ ਸਿੰਘ ਝੰਡੇਰ, ਭਾਈ ਅਮਨਦੀਪ ਸਿੰਘ ਡੱਡੂਆਣਾਂ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਸੁਖਬੀਰ ਸਿੰਘ ਚੀਮਾਂ, ਭਾਈ ਦਯਾ ਸਿੰਘ, ਭਾਈ ਹਰਕਮਲਪ੍ਰੀਤ ਸਿੰਘ, ਭਾਈ ਮਹਿੰਦਰਪਾਲ ਸਿੰਘ ਤੁੰਗ, ਭਾਈ ਜਰਮਨਦੀਪ ਸਿੰਘ, ਭਾਈ ਸੁਖਰਾਜ ਸਿੰਘ ਸੁਲਤਾਨਵਿੰਡ, ਭਾਈ ਰਮਿੰਦਰ ਸਿੰਘ ਛਾਪਾ ਅਤੇ ਭਾਈ ਜਰਮਨਜੀਤ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜਰ ਸਨ।