ਪੰਜਾਬ

ਸ਼੍ਰੋਮਣੀ ਕਮੇਟੀ ਵੱਲੋਂ ਚਲਦਾ ਵਹੀਰ ਗੁਰਮਤਿ ਪ੍ਰਚਾਰ ਲਹਿਤ ਤਹਿਤ ਸੁਲਤਾਨਪੁਰ ਲੋਧੀ ਵਿਖੇ ਕਰਵਾਇਆ ਗਿਆ ਗੁਰਮਤਿ ਸਮਾਗਮ

ਕੌਮੀ ਮਾਰਗ ਬਿਊਰੋ | August 17, 2026 07:32 PM

ਸੁਲਤਾਨਪੁਰ ਲੋਧੀ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਦਾ ਵਹੀਰ ਗੁਰਮਤਿ ਪ੍ਰਚਾਰ ਲਹਿਰ ਤਹਿਤ ਅੱਜ ਗੁਰਦੁਆਰਾ ਗੁਰੂ ਕਾ ਬਾਗ ਸੁਲਤਾਨਪੁਰ ਲੋਧੀ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਸੰਬੋਧਨ ਦੌਰਾਨ ਸੰਗਤ ਨੂੰ ਗੁਰਮਤਿ ਦੇ ਸਿਧਾਂਤਾਂ ’ਤੇ ਚੱਲਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਅਤੇ ਸਿੱਖ ਸਿਧਾਂਤਾਂ ਨਾਲ ਜੁੜਨ ਦਾ ਸੁਨੇਹਾ ਦਿੱਤਾ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਆਪਸੀ ਏਕਤਾ, ਸੰਜਮ ਅਤੇ ਗੁਰੂ ਸਾਹਿਬ ਦੀ ਬਾਣੀ ਅਨੁਸਾਰ ਜੀਵਨ ਬਤੀਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਘਰ ਸਿੱਖ ਸੰਗਤ ਲਈ ਸ਼ਰਧਾ, ਸ਼ਾਂਤੀ ਅਤੇ ਆਤਮਿਕਤਾ ਦੇ ਕੇਂਦਰ ਹਨ, ਇਸ ਲਈ ਇਨ੍ਹਾਂ ਪਵਿੱਤਰ ਅਸਥਾਨਾਂ ਦੀ ਮਰਿਆਦਾ ਅਤੇ ਪਵਿੱਤਰਤਾ ਨੂੰ ਹਰ ਹਾਲਤ ਵਿਚ ਕਾਇਮ ਰੱਖਣਾ ਚਾਹੀਦਾ ਹੈ।
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਬਹੁਤ ਸਾਰੀਆਂ ਪੰਥ ਵਿਰੋਧੀ ਸ਼ਕਤੀਆਂ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ। ਇਸ ਲਈ ਸਿੱਖ ਸੰਸਥਾਵਾਂ ’ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਨੂੰ ਇਨ੍ਹਾਂ ਤਾਕਤਾਂ ਵਿਰੁੱਧ ਇਕਜੁਟ ਹੋਣ ਦੀ ਲੋੜ ਹੈ, ਤਾਂ ਜੋ ਇਹ ਪੰਥ ਵਿਰੋਧੀ ਸ਼ਕਤੀਆਂ ਆਪਣੇ ਮਨਸੂਬੇ ਵਿਚ ਕਾਮਯਾਬ ਨਾ ਹੋ ਸਕਣ।
ਉਨ੍ਹਾਂ ਬੀਤੇ ਦਿਨੀਂ ਨਾਂਦੇੜ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਪਵਿੱਤਰ ਧਰਤੀ ’ਤੇ ਕਿਸੇ ਵੀ ਤਰ੍ਹਾਂ ਦੀ ਹਿੰਸਕ ਜਾਂ ਅਣਸੁਖਾਵੀਂ ਘਟਨਾ ਨਹੀਂ ਵਾਪਰਨੀ ਚਾਹੀਦੀ। ਗੁਰੂ ਘਰ ਮਾਨਵਤਾ ਨੂੰ ਸ਼ਾਂਤੀ, ਸੇਵਾ, ਨਿਮਰਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ, ਇਸ ਲਈ ਇਥੇ ਅਜਿਹਾ ਵਰਤਾਰਾ ਸਿੱਖੀ ਦੀਆਂ ਕਦਰਾਂ-ਕੀਮਤਾਂ ਦੇ ਅਨੁਕੂਲ ਨਹੀਂ ਹੈ।
ਇਸ ਦੌਰਾਨ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਦੀ ਧਰਤੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਹੈ, ਜਿਥੇ ਗੁਰੂ ਸਾਹਿਬ ਨੇ ਮਨੁੱਖਤਾ ਨੂੰ ਇਕ ਅਕਾਲ ਪੁਰਖ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਅੰਦਰ ਫੈਲੇ ਅੰਧ-ਵਿਸ਼ਵਾਸ ਅਤੇ ਭਰਮ ਵਿਰੁੱਧ ਅਵਾਜ਼ ਉਠਾਈ ਅਤੇ ਲੋਕਾਈ ਨੂੰ ਸੱਚ, ਸੇਵਾ, ਸਿਮਰਨ, ਨਿਰਮਤਾ ਅਤੇ ਸਰਬੱਤ ਦੇ ਭਲੇ ਦੇ ਮਾਰਗ ’ਤੇ ਚੱਲਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਵਹੀਰ ਦਾ ਮੰਤਵ ਜਿਥੇ ਸੰਗਤਾਂ ਨੂੰ ਸਿੱਖ ਸਿਧਾਂਤਾਂ ਨਾਲ ਜੋੜਨਾ ਹੈ, ਉਥੇ ਹੀ ਨੌਜੁਆਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਕਰਨਾ ਹੈ। ਉਨ੍ਹਾਂ ਸੰਗਤ ਨੂੰ ਗੁਰਮਤਿ ਅਨੁਸਾਰੀ ਜੀਵਨ ਬਤੀਤ ਕਰਨ ਅਤੇ ਅੰਮ੍ਰਿਤਧਾਰੀ ਹੋਣ ਦੀ ਅਪੀਲ ਵੀ ਕੀਤੀ। ਸਮਾਗਮ ਦੌਰਾਨ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਬੁਲਾਰਿਆਂ ਨੇ ਸੰਗਤ ਨਾਲ ਗੁਰੂ ਸਾਹਿਬਾਨ ਦੇ ਜੀਵਨ ਇਤਿਹਾਸ ਦੀ ਸਾਂਝ ਪਾਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਜੂਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਲਿਆਣ ਅਤੇ ਮੈਂਬਰ ਬੀਬੀ ਗੁਰਪ੍ਰੀਤ ਕੌਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਨਮਾਨਿਤ ਵੀ ਕੀਤਾ।
ਇਸ ਮੌਕੇ ਜੂਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਲਿਆਣ, ਮੈਂਬਰ ਬੀਬੀ ਗੁਰਪ੍ਰੀਤ ਕੌਰ, ਬਾਬਾ ਬੂਟਾ ਸਿੰਘ, ਇੰਜੀ ਸ. ਸਰਵਣ ਸਿੰਘ, ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਸਾਹਿਬ ਦੇ ਮੈਨੇਜਰ ਸ. ਅਵਤਾਰ ਸਿੰਘ ਸਮੇਤ ਵੱਡੀ ਗਿਣਤੀ ਸੰਗਤਾ ਮੌਜੂਦ ਸਨ।

Have something to say? Post your comment

 
 
 
 

ਪੰਜਾਬ

ਮੈਂ ਦਿਮਾਗੀ ਨਕਸਲ ਹਾਂ, ਕਿਉਂਕਿ ਮੈਂ ਦੇਸ਼ ਭਗਤ ਹਾਂ ਅਤੇ ਮੈਨੂੰ ਇਸ 'ਤੇ ਮਾਣ ਹੈ- ਕੇਜਰੀਵਾਲ

ਪੰਜਾਬ ਵਿੱਚ ਕੌਮੀ ਦਿਵਸ ਸਮਾਗਮਾਂ ਦਾ ਅਹਿਮ ਹਿੱਸਾ ਹੋਵੇਗਾ ‘ਯੁੱਧ ਨਸ਼ਿਆਂ ਵਿਰੁੱਧ’

ਪਹਿਲੀ ਵਾਰ ਕਿਸੇ ਸਰਕਾਰ ਨੇ ਮਾਵਾਂ-ਧੀਆਂ ਦੀਆਂ ਲੋੜਾਂ, ਸਨਮਾਨ ਅਤੇ ਹੱਕ ਨੂੰ ਦਿੱਤੀ ਪਹਿਲ

ਪੰਜਾਬ ਨੂੰ ਨਸ਼ਾ ਤੇ ਬੇਰੁਜ਼ਗਾਰੀ ਤੋਂ ਸਿਰਫ਼ ਭਾਜਪਾ ਦੀ 'ਡਬਲ ਇੰਜਣ' ਸਰਕਾਰ ਹੀ ਬਚਾ ਸਕਦੀ ਹੈ: ਕੇਵਲ ਸਿੰਘ ਢਿੱਲੋਂ

ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਛੁੱਟੀ,ਐਨਆਈਏ ਜਾਂਚ ਦੀ ਮੰਗ

ਆਈ.ਪੀ.ਆਰ.ਓ. ਅਮਨਪ੍ਰੀਤ ਸਿੰਘ ਮਨੌਲੀ ਦੇ ਪਿਤਾ ਮਨਜੀਤ ਸਿੰਘ ਮਨੌਲੀ ਨਮਿਤ ਅੰਤਿਮ ਅਰਦਾਸ ਹੋਈ

ਪੰਜਾਬ ਦੇ ਰਾਜਪਾਲ ਨੇ ਆਜ਼ਾਦੀ ਦਿਵਸ 'ਤੇ 'ਐਟ ਹੋਮ' ਸਮਾਰੋਹ ਦੀ ਮੇਜ਼ਬਾਨੀ ਕੀਤੀ

ਜਮਹੂਰੀਅਤ ਢੰਗਾਂ ਰਾਹੀ ਰੋਸ ਪ੍ਰਗਟ ਕਰ ਰਹੀ ਸਿੱਖ ਲੀਡਰਸਿਪ ਤੇ ਸੰਗਤਾਂ ਨਾਲ ਹਕੂਮਤੀ ਜਬਰ ਕੀਤਾ ਗਿਆ -ਟਿਵਾਣਾ

ਹੁਣ ਤੱਕ 4 ਲੱਖ ਬਜ਼ੁਰਗ ਮੁਫ਼ਤ ਤੀਰਥ ਯਾਤਰਾ ਕਰ ਚੁੱਕੇ ਹਨ- ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਮੱਖਣ ਸ਼ਾਹ ਲੁਬਾਣਾ ਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ’ਚ ਗੁਰਮਤਿ ਸਮਾਗਮ