ਅੰਮ੍ਰਿਤਸਰ-¸ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਤਿਰੰਗਾ ਰੈਲੀ ਕਰਵਾਈ ਗਈ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਅਗਵਾਈ ਹੇਠ ਕਰਵਾਈ ਰੈਲੀ ’ਚ ਵਿਦਿਆਰਥੀਆਂ ਅਤੇ ਸਟਾਫ਼ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਦੇਸ਼-ਭਗਤੀ, ਰਾਸ਼ਟਰੀ ਮਾਣ ਅਤੇ ਏਕਤਾ ਦੀ ਭਾਵਨਾ ਨੂੰ ਉਜਾਗਰ ਕੀਤਾ।
ਇਸ ਸਬੰਧੀ ਪ੍ਰਿੰ: ਡਾ. ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਹਿਲ ਦਾ ਮਕਸਦ ਵਿਦਿਆਰਥੀਆਂ ਅਤੇ ਸਮਾਜ ਦੇ ਲੋਕਾਂ ਨੂੰ ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨਾ ਅਤੇ ਨਾਗਰਿਕਾਂ ਨੂੰ ਆਪਣੇ ਘਰਾਂ ’ਤੇ ਰਾਸ਼ਟਰੀ ਝੰਡਾ ਮਾਣ ਅਤੇ ਸਨਮਾਨ ਨਾਲ ਲਹਿਰਾਉਣ ਲਈ ਪ੍ਰੇਰਿਤ ਕਰਨਾ ਸੀ। ਉਨ੍ਹਾਂ ਕਿਹਾ ਕਿ ਰੈਲੀ ਰਾਹੀਂ ਦੇਸ਼-ਭਗਤੀ, ਰਾਸ਼ਟਰੀ ਏਕਤਾ, ਭਾਈਚਾਰਕ ਸਾਂਝ, ਦੇਸ਼ ਪ੍ਰਤੀ ਸਤਿਕਾਰ ਅਤੇ ਜ਼ਿੰਮੇਵਾਰ ਨਾਗਰਿਕਤਾ ਦੇ ਮੁੱਲਾਂ ਦਾ ਸੰਦੇਸ਼ ਦਿੱਤਾ ਗਿਆ। ਜਿਸ ਦੌਰਾਨ ਵਿਦਿਆਰਥੀਆਂ ਨੇ ਤਿਰੰਗੇ ਲਹਿਰਾਉਂਦੇ ਹੋਏ ਬੜੇ ਉਤਸ਼ਾਹ ਨਾਲ ਦੇਸ਼-ਭਗਤੀ ਦੇ ਗੀਤ ਗਾਏ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਰਾਸ਼ਟਰੀ ਝੰਡੇ ਦੀ ਸ਼ਾਨ ਅਤੇ ਮਰਿਆਦਾ ਨੂੰ ਕਾਇਮ ਰੱਖਣ ਅਤੇ ਦੇਸ਼ ਦੀ ਤਰੱਕੀ ਤੇ ਵਿਕਾਸ ’ਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਪ੍ਰਣ ਵੀ ਲਿਆ।
ਉਨ੍ਹਾਂ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਦਿਖਾਏ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੈਲੀ ਕਾਲਜ ਦੀਆਂ ਐੱਨ. ਐੱਸ. ਐੱਸ. ਇਕਾਈਆਂ, ਐੱਨ. ਸੀ. ਸੀ. ਇਕਾਈਆਂ ਅਤੇ ਰੈੱਡ ਰਿਬਨ ਕਲੱਬ ਵੱਲੋਂ ਸਾਂਝੇ ਤੌਰ ’ਤੇ ਆਯੋਜਿਤ ਕੀਤੀ ਗਈ। ਜਿਸ ’ਚ ਪ੍ਰੋ. ਰਣਦੀਪ ਸਿੰਘ, ਐੱਨ. ਐੱਸ. ਐੱਸ. ਇੰਚਾਰਜ ਅਤੇ ਨੋਡਲ ਅਫ਼ਸਰ, ਰੈੱਡ ਰਿਬਨ ਕਲੱਬ, ਡਾ. ਸੰਦੀਪ ਸਿੰਘ, ਡਾ. ਸਿਓਜ਼ੀ ਭਾਟੀਆ ਅਤੇ ਪ੍ਰੋ. ਗੁਰਪ੍ਰੀਤ ਸਿੰਘ, ਐੱਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ ਅਤੇ ਡਾ. ਕਿਰਨਦੀਪ ਕੌਰ ਅਤੇ ਡਾ. ਪਰਮਿੰਦਰ ਸਿੰਘ, ਐੱਨ. ਸੀ. ਸੀ. ਵਿੰਗਾਂ ਦੇ ਇੰਚਾਰਜਾਂ ਵੱਲੋਂ ਸਹਿਯੋਗ ਦਿੱਤਾ ਗਿਆ।
ਉਨ੍ਹਾਂ ਐਨ.ਐਸ.ਐਸ., ਐਨ.ਸੀ.ਸੀ. ਅਤੇ ਰੈੱਡ ਰਿਬਨ ਕਲੱਬ ਦੀਆਂ ਟੀਮਾਂ ਦੀ ਉਕਤ ਪਹਿਲ ਨੂੰ ਸਫਲ ਬਣਾਉਣ ਲਈ ਕੀਤੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨੌਜਵਾਨ ਪੀੜ੍ਹੀ ’ਚ ਰਾਸ਼ਟਰੀ ਮਾਣ, ਅਨੁਸ਼ਾਸਨ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਮਜ਼ਬੂਤ ਭਾਵਨਾ ਪੈਦਾ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਸ ਮੌਕੇ ਵਿਦਿਆਰਥੀ ਭਲਾਈ ਡੀਨ ਡਾ. ਦਲਜੀਤ ਸਿੰਘ ਨੇ ਕਿਹਾ ਕਿ ‘ਹਰ ਘਰ ਤਿਰੰਗਾ ਮੁਹਿੰਮ’ ਨੌਜਵਾਨਾਂ ਲਈ ਦੇਸ਼ ਪ੍ਰਤੀ ਆਪਣੇ ਪਿਆਰ, ਸਤਿਕਾਰ ਅਤੇ ਮਾਣ ਦਾ ਪ੍ਰਗਟਾਵਾ ਕਰਨ ਦਾ ਇੱਕ ਅਰਥਪੂਰਨ ਮੌਕਾ ਹੈ।