ਤਲਵੰਡੀ ਸਾਬੋ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸੂਬੇ ਨੂੰ ਉਹਨਾਂ ਪੰਜਾਬ ਵਿਰੋਧੀ ਤਾਕਤਾਂ ਤੋਂ ਬਚਾਉਣ ਦਾ ਸੱਦਾ ਦਿੱਤਾ ਜੋ ਸਿੱਖ ਲੀਡਰਸ਼ਿਪ ਨੂੰ ਖ਼ਤਮ ਕਰਨਾ ਚਾਹੁੰਦੀਆਂ ਹਨ ਅਤੇ ਸੂਬੇ ਦੀ ਅਮਨ ਤੇ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਖ਼ਤਮ ਕਰ ਕੇ ਇਸਨੂੰ ਮੁੜ ਕਾਲੇ ਦੌਰ ਵਿਚ ਧੱਕਣਾ ਚਾਹੁੰਦੀਆਂ ਹਨ।
ਅਕਾਲੀ ਦਲ ਦੇ ਪ੍ਰਧਾਨ 13 ਅਗਸਤ ਨੂੰ ਨਾਂਦੇੜ ਵਿਖੇ ਹੋਏ ਕਾਤਲਾਨਾ ਹਮਲੇ ਵਿਚ ਜ਼ਖ਼ਮੀ ਹੋਣ ਉਪਰੰਤ ਠੀਕ ਹੋਣ ’ਤੇ ਆਪਣੀ ਪਤਨੀ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਮਿਲ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਵਾਸਤੇ ਇਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਆਏ ਸਨ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ ਜਿਹਨਾਂ ਨੇ ਪਾਰਟੀ ਪ੍ਰਧਾਨ ਨਾਲ ਇਕਜੁੱਟਤਾ ਪ੍ਰਗਟ ਕੀਤੀ ।
ਸਰਦਾਰ ਬਾਦਲ ਨੇ ਨਿਮਾਣੇ ਹੋ ਕੇ ਕਿਹਾ ਕਿ ਉਹ ਅਕਾਲ ਪੁਰਖ਼ ਦਾ ਸ਼ੁਕਰਾਨਾ ਕਰਨ ਆਏ ਹਨ ਜਿਹਨਾਂ ਨੇ ਪੰਥ ਦੇ ਦੁਸ਼ਮਣਾਂ ਤੋਂ ਉਹਨਾਂ ਦੀ ਰਾਖੀ ਕੀਤੀ ਜਦੋਂ ਕਿ ਪੰਥ ਦੇ ਇਹ ਦੋਖੀ ਇਹ ਵੀ ਨਹੀਂ ਜਾਣਦੇ ਕਿ ਗੁਰੂ ਘਰ ਦੀ ਮਰਿਆਦਾ ਕੀ ਹੈ। ਉਹਨਾਂ ਕਿਹਾ ਕਿ ਮੈਂ ਉਹਨਾਂ ਲੱਖਾਂ ਲੋਕਾਂ ਦਾ ਵੀ ਸ਼ੁਕਰਾਨਾ ਕਰਦਾ ਹਾਂ ਜੋ ਮੇਰੇ ਲਈ ਅਰਦਾਸਾਂ ਕਰ ਰਹੇ ਸਨ ਅਤੇ ਮੈਨੂੰ ਸ਼ੁਭ ਇੱਛਾਵਾਂ ਭੇਜੀਆਂ। ਉਹਨਾਂ ਕਿਹਾ ਕਿ ਜਿਥੇ ਉਹਨਾਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ, ਉਥੇ ਹੀ ਪੰਜਾਬ ਵਿਚ ਖੁਸ਼ਹਾਲੀ ਪਰਤਣ ਦੀ ਅਰਦਾਸ ਵੀ ਕੀਤੀ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਬਾਦਲ ਨੇ ਦੱਸਿਆ ਕਿ ਅਕਾਲੀ ਦਲ ਪ੍ਰਧਾਨ ਆਪਣੇ ਟਾਂਕੇ ਕੱਟਣ ਮਗਰੋਂ ਪੰਜਾਬ ਪਹੁੰਚੇ ਹਨ ਅਤੇ ਉਹਨਾਂ ਦੀ ਬਾਂਹ ’ਤੇ ਪਲੱਸਤਰ ਲੱਗਾ ਹੈ ਤਾਂ ਜੋ ਕਾਤਲਾਨਾ ਹਮਲੇ ਵਿਚ ਉਹਨਾਂ ਦੀ ਹੱਡੀ ਜਿਹੜੀ ਚੀਰੀ ਗਈ ਸੀ, ਉਹ ਠੀਕ ਹੋ ਜਾਵੇ। ਉਹਨਾਂ ਨੇ ਸਭ ਲੋਕਾਂ ਦਾ ਸ਼ੁਕਰਾਨਾ ਕੀਤਾ ਜੋ ਪਾਰਟੀ ਲੀਹਾਂ ਤੋਂ ਉਪਰ ਉਠ ਕੇ ਵੀ ਉਹਨਾਂ ਤੱਕ ਪਹੁੰਚੇ ।
ਉਹਨਾਂ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਅਤੇ ਅਕਾਲੀ ਦਲ ਪ੍ਰਧਾਨ ਦੀ ਦੋ ਸਾਲਾਂ ਵਿਚ ਦੋ ਵਾਰ ਕਾਤਲਾਨਾ ਹਮਲੇ ਵਿਚ ਰਾਖੀ ਕਰਨ ਅਤੇ ਪਰਿਵਾਰ ਨੂੰ ਆਪਣੀ ਓਟ ਤੇ ਆਸਰੇ ਵਿਚ ਰੱਖਣ ’ਤੇ ਅਕਾਲ ਪੁਰਖ਼ ਦਾ ਸ਼ੁਕਰਾਨਾ ਕੀਤਾ।
ਇਸ ਮੌਕੇ ਬਲਵਿੰਦਰ ਸਿੰਘ ਭੂੰਦੜ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ ਅਤੇ ਹੀਰਾ ਸਿੰਘ ਗਾਬੜੀਆ ਤੋਂ ਇਲਾਵਾ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਵੀ ਹਾਜ਼ਰ ਸਨ।