ਕਰਤਾਰਪੁਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਭਾਜਪਾ ਨਾਲ ਹੱਥ ਮਿਲਾਉਣ ਲਈ ਤਰਲੋਮੱਛੀ ਹੋਣ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ 750 ਕਿਸਾਨਾਂ ਦੀਆਂ ਹੋਈਆਂ ਮੌਤਾਂ ਲਈ ਪੰਜਾਬ ਦੇ ਲੋਕ ਭਾਜਪਾ ਨੂੰ ਕਦੇ ਮਾਫ ਨਹੀਂ ਕਰਨਗੇ। ਕਰਤਾਰਪੁਰ ਦੇ ਪਿੰਡ ਕਾਹਲਵਾਂ ਵਿਖੇ ‘ਲੋਕ ਮਿਲਣੀ‘ ਦੌਰਾਨ ਉਨ੍ਹਾਂ ਕਿਹਾ ਕਿ ਅਕਾਲੀਆਂ ਅਤੇ ਕਾਂਗਰਸ ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ ਹੈ ਅਤੇ ਉਨ੍ਹਾਂ ਨੂੰ ਸਿਰਫ ਸੱਤਾ ਦੀ ਭੁੱਖ ਹੈ, ਜਦਕਿ ਉਨ੍ਹਾਂ ਦੀ ਸਰਕਾਰ ਨੇ ਇੱਕ ਇਮਾਨਦਾਰ ਅਤੇ ਲੋਕ ਭਲਾਈ ਵਾਲੇ ਪ੍ਰਸਾਸਨ ਰਾਹੀਂ ਲੋਕਾਂ ਨੂੰ ਅਸਲ ਲਾਭ ਪਹੁੰਚਾਏ ਹਨ।
90 ਫੀਸਦੀ ਘਰਾਂ ਦੇ ਜੀਰੋ ਬਿਜਲੀ ਬਿੱਲਾਂ, ਕਿਸਾਨਾਂ ਲਈ ਦਿਨ ਵੇਲੇ ਨਹਿਰੀ ਪਾਣੀ ਅਤੇ ਬਿਨਾਂ ਕਿਸੇ ਰਿਸਵਤ ਜਾਂ ਸਿਫਾਰਸ ਦੇ ਦਿੱਤੀਆਂ 70, 840 ਸਰਕਾਰੀ ਨੌਕਰੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਪਹਿਲਾਂ ਵਾਲੀ “ਚੋਰਾਂ ਦੀ ਸਰਕਾਰ“ ਅਤੇ ਮੌਜੂਦਾ “ਇਮਾਨਦਾਰ ਸਰਕਾਰ“ ਵਿਚਕਾਰ ਦਾ ਫਰਕ ਸਾਫ ਦੇਖ ਸਕਦੇ ਹਨ। ਉਨ੍ਹਾਂ ਨੇ ਪੂਰੇ ਸੂਬੇ ਵਿੱਚ ਨਸਾ ਫੈਲਾਉਣ ਲਈ ਅਕਾਲੀਆਂ ‘ਤੇ ਨਿਸਾਨਾ ਸਾਧਿਆ, ਜਦਕਿ ਇਹ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨਸ਼ਿਆਂ ਦੀ ਅਲਾਮਤ ‘ਤੇ ਕਾਬੂ ਪਾ ਰਹੀ ਹੈ।
‘ਲੋਕ ਮਿਲਣੀ‘ ਦੀਆਂ ਕੁੱਝ ਝਲਕੀਆਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਐਕਸ‘ ‘ਤੇ ਲਿਖਿਆ: “ਅੱਜ ਕਰਤਾਰਪੁਰ ਦੇ ਪਿੰਡ ਕਾਹਲਵਾਂ ਵਿਖੇ ਭਾਰੀ ਇਕੱਠ ਅਤੇ ਲੋਕਾਂ ਦਾ ਅਥਾਹ ਪਿਆਰ ਦੇਖ ਕੇ ਮੇਰਾ ਦਿਲ ਖੁਸੀ ਨਾਲ ਭਰ ਗਿਆ। ਤੁਹਾਡਾ ਇਹ ਉਤਸਾਹ ਮੈਨੂੰ ਹੋਰ ਵੀ ਵੱਧ ਤਾਕਤ ਦਿੰਦਾ ਹੈ। ਸਾਡੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਲੋਕ ਹਿੱਤ ਵਿੱਚ ਫੈਸਲੇ ਲੈਣੇ ਸੁਰੂ ਕਰ ਦਿੱਤੇ ਸਨ। ਹੁਣ 90% ਘਰਾਂ ਦੇ ਬਿਜਲੀ ਬਿੱਲ ਜੀਰੋ ਆ ਰਹੇ ਹਨ, ਕਿਸਾਨਾਂ ਨੂੰ ਦਿਨ ਵੇਲੇ ਨਹਿਰੀ ਪਾਣੀ ਮਿਲ ਰਿਹਾ ਹੈ ਅਤੇ 70, 840 ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸਵਤ ਜਾਂ ਸਿਫਾਰਸ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।“
ਪੋਸਟ ਦੇ ਅੰਤ ਵਿੱਚ ਉਨ੍ਹਾਂ ਲਿਖਿਆ: “ਕੱਲ੍ਹ ਰੱਖੜੀ ਦੇ ਪਵਿੱਤਰ ਤਿਉਹਾਰ ‘ਤੇ ‘ਸਤਿਕਾਰ ਯੋਜਨਾ‘ ਤਹਿਤ ਸ਼ਗਨ ਦੀ ਰਾਸ਼ੀ ਵੀ ਮੇਰੀਆਂ ਭੈਣਾਂ ਦੇ ਖਾਤਿਆਂ ਵਿੱਚ ਪਹੁੰਚ ਜਾਵੇਗੀ। ਮੈਂ ਪਿੰਡ ਕਾਹਲਵਾਂ ਦੇ ਵਿਕਾਸ ਲਈ ਪੰਚਾਇਤ ਨੂੰ 51 ਲੱਖ ਰੁਪਏ ਦਾ ਚੈੱਕ ਵੀ ਸੌਂਪਿਆ ਹੈ। ਲੋਕਾਂ ਦਾ ਪੈਸਾ ਪੰਜਾਬ ਦੇ ਲੋਕਾਂ ‘ਤੇ ਹੀ ਖਰਚ ਕੀਤਾ ਜਾਵੇਗਾ।“
‘ਲੋਕ ਮਿਲਣੀ‘ ਦੌਰਾਨ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮੈਂ ਜਿੱਥੇ ਵੀ ਜਾਂਦਾ ਹਾਂ, ਲੋਕ ਮੈਨੂੰ ਅਥਾਹ ਪਿਆਰ ਦਿੰਦੇ ਹਨ, ਜਦਕਿ ਉਹ ਕਾਂਗਰਸ ਅਤੇ ਅਕਾਲੀਆਂ ਨਾਲ ਹੱਥ ਮਿਲਾਉਣ ਤੋਂ ਵੀ ਝਿਜਕਦੇ ਹਨ। ਮੈਂ ਪੈਸੇ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਇਆ, ਮੈਂ ਲੋਕਾਂ ਦੀ ਸੇਵਾ ਕਰਨ ਆਇਆ ਹਾਂ। ਮੈਂ ਪੰਜਾਬ ਅਤੇ ਇਸ ਦੇ ਲੋਕਾਂ ਦੀ ਸੇਵਾ ਲਈ ਆਪਣੀ ਸੋਹਰਤ ਪਿੱਛੇ ਛੱਡ ਦਿੱਤੀ ਸੀ।“
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਨੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਿਆ, ਜੋ ਕਿ ਉਨ੍ਹਾਂ ਦੇ ਰਾਜਨੀਤੀ ਵਿੱਚ ਆਉਣ ਦਾ ਇੱਕ ਮੁੱਖ ਕਾਰਨ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਲ 2022 ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਇਤਿਹਾਸਕ ਫਤਵਾ ਦਿੱਤਾ ਅਤੇ ਪ੍ਰਕਾਸ ਸਿੰਘ ਬਾਦਲ, ਚਰਨਜੀਤ ਸਿੰਘ ਚੰਨੀ, ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਰਗੇ ਕਈ ਸਿਆਸੀ ਥੰਮ੍ਹਾਂ ਨੂੰ ਉਨ੍ਹਾਂ ਦੇ ਰਵਾਇਤੀ ਗੜ੍ਹਾਂ ਤੋਂ ਹਰਾਇਆ। ਉਨ੍ਹਾਂ ਅੱਗੇ ਕਿਹਾ, “ਪੰਜਾਬ ਦੇ ਲੋਕਾਂ ਨੇ ਆਪਣੀ ਤਾਕਤ ਦੀ ਵਰਤੋਂ ਕਰਕੇ ਉਨ੍ਹਾਂ ਲੋਕਾਂ ਨੂੰ ਹਰਾਇਆ ਜਿਨ੍ਹਾਂ ਨੇ ਉਨ੍ਹਾਂ ਦੇ ਹਿੱਤਾਂ ਦੇ ਖ਼ਿਲਾਫ ਕੰਮ ਕੀਤਾ ਅਤੇ ਉਨ੍ਹਾਂ ਨੂੰ ਸਿਆਸੀ ਗੁੰਮਨਾਮੀ ਵਿੱਚ ਭੇਜ ਦਿੱਤਾ। ਇਸ ਤੋਂ ਬਾਅਦ ਸੂਬੇ ਵਿੱਚ ਇੱਕ ਇਮਾਨਦਾਰ ਸਰਕਾਰ ਨੇ ਵਾਗਡੋਰ ਸੰਭਾਲੀ। ਇਹਨਾਂ ਰਵਾਇਤੀ ਸਿਆਸੀ ਪਾਰਟੀਆਂ ਦਾ ਇੱਕੋ-ਇੱਕ ਏਜੰਡਾ ਪੰਜਾਬ ਨੂੰ ਬਦਨਾਮ ਕਰਨਾ ਹੈ। ਇਹ ਸਿਰਫ ਲੋਕਾਂ ਨੂੰ ਲੁੱਟਣ ਲਈ ਸੱਤਾ ਚਾਹੁੰਦੇ ਹਨ।“
ਅਕਾਲੀ ਦਲ ‘ਤੇ ਵਰ੍ਹਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਆਪਣੇ ਲੰਬੇ ਕੁਸਾਸਨ ਦੌਰਾਨ ਅਕਾਲੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਪਾਪ ਕੀਤਾ, ਇਸ ਘਿਨੌਣੇ ਅਪਰਾਧ ਦੇ ਦੋਸੀਆਂ ਦੀ ਪੁਸਤਪਨਾਹੀ ਕੀਤੀ ਅਤੇ ਨਿਰਦੋਸ ਲੋਕਾਂ ‘ਤੇ ਗੋਲੀਆਂ ਚਲਵਾਈਆਂ। ਉਨ੍ਹਾਂ ਨੇ ਪੰਜਾਬ ਨੂੰ ਬੇਰਹਿਮੀ ਨਾਲ ਲੁੱਟਿਆ, ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਅਤੇ ਸੂਬੇ ਵਿੱਚ ਮਾਫੀਏ ਨੂੰ ਸਹਿ ਦਿੱਤੀ। ਅਕਾਲੀ ਦਲ ਨੂੰ ਪਾਇਆ ਗਿਆ ਹਰ ਵੋਟ ਬੇਅਦਬੀ ਦੇ ਹੱਕ ਵਿੱਚ ਫਤਵਾ ਹੋਵੇਗਾ। ਅਕਾਲੀ ਲੀਡਰਸ਼ਿਪ ਨੇ ਪੰਜਾਬ ਦਾ ਜੋ ਨੁਕਸਾਨ ਕੀਤਾ ਹੈ, ਉਸ ਲਈ ਕਦੇ ਮਾਫ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਨਸਾ ਤਸਕਰੀ ਦੀ ਪੁਸਤਪਨਾਹੀ ਕੀਤੀ ਅਤੇ ਉਨ੍ਹਾਂ ਦੇ ਲੰਬੇ ਕੁਸਾਸਨ ਦੌਰਾਨ ਨਸ਼ਿਆਂ ਨੇ ਪੈਰ ਪਸਾਰੇ।“
ਉਨ੍ਹਾਂ ਕਿਹਾ, “ਸੱਤਾ ਦੀ ਲਾਲਸਾ ਖਾਤਰ ਅਕਾਲੀ ਦਲ ਹੁਣ ਭਾਜਪਾ ਨਾਲ ਗਠਜੋੜ ਲਈ ਤਰਲੇ ਮਾਰ ਰਿਹਾ ਹੈ, ਜਿਸ ਦੇ ਹੱਥ 700 ਤੋਂ ਵੱਧ ਉਨ੍ਹਾਂ ਕਿਸਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ ਜੋ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ ਪ੍ਰਦਰਸਨ ਕਰਦੇ ਹੋਏ ਸਹੀਦ ਹੋ ਗਏ ਸਨ। ਇਸ ਅਕਾਲੀ-ਭਾਜਪਾ ਗਠਜੋੜ ਦੀ ਕੋਈ ਵਿਚਾਰਧਾਰਾ ਜਾਂ ਜਨਤਕ ਭਲਾਈ ਦੀ ਚਿੰਤਾ ਨਹੀਂ ਹੈ। ਇਸ ਦਾ ਇੱਕੋ-ਇੱਕ ਮਕਸਦ ਪੰਜਾਬ ਵਿੱਚ ਸੱਤਾ ਹਥਿਆਉਣਾ ਹੈ।“
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕ ਅਜਿਹੀਆਂ ਸਿਆਸੀ ਚਾਲਾਂ ਨਾਲ ਮੂਰਖ ਨਹੀਂ ਬਣਨਗੇ ਅਤੇ ਦੋਵਾਂ ਪਾਰਟੀਆਂ ਨੂੰ ਢੁਕਵਾਂ ਜਵਾਬ ਦੇਣਗੇ। “ਅਕਾਲੀ ਆਗੂਆਂ ਨੂੰ ਹਮੇਸਾ ਪੰਜਾਬ ਜਾਂ ਪੰਜਾਬੀਆਂ ਨਾਲੋਂ ਆਪਣੇ ਹਿੱਤਾਂ ਦੀ ਚਿੰਤਾ ਰਹਿੰਦੀ ਹੈ। ਜੇਕਰ ਪ੍ਰਧਾਨ ਮੰਤਰੀ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਫੋਨ ਵੀ ਕਰਦੇ ਹਨ ਤਾਂ ਉਹ ਪੰਜਾਬ ਨੂੰ ਲੁੱਟਣ ਲਈ ਦਿੱਲੀ ਨਾਲ ਗਠਜੋੜ ਦੇ ਸੁਫਨੇ ਦੇਖਣ ਲੱਗ ਪੈਂਦੇ ਹਨ। ‘ਆਪ‘ ਸਿਰਫ ਪੰਜਾਬ ਅਤੇ ਇਸ ਦੇ ਲੋਕਾਂ ਲਈ ਵਚਨਬੱਧ ਹੈ।“
ਇਸ ਮੌਕੇ ਵਿਧਾਇਕ ਬਲਕਾਰ ਸਿੰਘ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਹੋਰ ਵੀ ਹਾਜਰ ਸਨ।