ਲੁਧਿਆਣਾ-ਗੁਜਰਾਂਵਾਲਾ ਗੁਰੂ ਨਾਨਕ ਪਬਲਿਕ ਸਕੂਲ, ਰੋਜ਼ ਗਾਰਡਨ, ਲੁਧਿਆਣਾ ਵਿਖੇ ਅਧਿਆਪਕ ਦਿਵਸ ਬੜੇ ਜੋਸ਼ ਅਤੇ ਉਤਸ਼ਾਹ ਨਾਲ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਰਲ਼ ਕੇ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਤੇ 38 ਸਾਲ ਪੰਜਾਬ ਦੇ ਪ੍ਰਮੁੱਖ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੜ੍ਹਾ ਚੁੱਕੇ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਦੇ ਪੁਰਾਣੇ ਵਿਦਿਆਰਥੀ ਪ੍ਰੋਂ਼ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਮੇਰੇ ਮੁਰਸ਼ਦ ਡਾ. ਐੰਸ ਪੀ ਸਿੰਘ ਮੇਰੇ ਰਸਮੀ ਅਧਿਆਪਕ ਕਦੇ ਵੀ ਨਹੀਂ ਰਹੇ ਪਰ ਜਿਹੜੇ ਸਬਕ ਮੈਂ ਉਨ੍ਹਾਂ ਤੋਂ ਪੜ੍ਹੇ ਹਨ ਉਹ ਹੁਣ ਤੀਕ ਕੰਮ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਸਿਰਫ਼ ਵਿਦਿਆਰਥੀ ਨੂੰ ਪੜ੍ਹਾਉਂਦਾ ਹੀ ਨਹੀਂ ਸਗੋਂ ਪੜ੍ਹਨਾ ਸਿਖਾਉਂਦਾ ਹੈ ਅਤੇ ਆਪਣੇ ਵਿਦਿਆਰਥੀ ਤੋਂ ਵੀ ਬਹੁਤ ਕੁਝ ਸਿੱਖਦਾ ਹੈ।
ਉਨ੍ਹਾਂ ਕਿਹਾ ਕਿ ਗੁਜਰਾਂਵਾਲਾ ਸੰਸਥਾਵਾਂ ਦੀ ਪ੍ਰਬੰਧਕ ਕਮੇਟੀ ਨੇ ਮੈਨੂੰ ਗਵਰਨਿੰਗ ਕੌਂਸਲ ਦਾ ਮੈਂਬਰ ਬਣਾ ਕੇ ਮੇਰੀ ਜ਼ੁੰਮੇਵਾਰੀ ਹੋਰ ਵਧਾਈ ਹੈ। ਮੈਂ ਇਸ ਦੇ ਕਾਬਲ ਬਣਨ ਦਾ ਯਤਨ ਕਰਾਂਗਾ।
ਸਕੂਲ ਪ੍ਰਿੰਸੀਪਲ ਸਰਦਾਰਨੀ ਗੁਣਮੀਤ ਕੋਰ ਨੇ ਕਿਹਾ ਕਿ ਇਹ ਦਿਨ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਮਹਾਨ ਅਧਿਆਪਕ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮ ਦਿਨ ਤੇ ਮਨਾਇਆ ਜਾਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਗਿਆਨ ਮਾਰਗ ਦੇ ਪਾਂਧੀ ਬਣਨ ਲਈ ਪ੍ਰੇਰਿਆ।
ਉਨ੍ਹਾਂ ਡਾ: ਐਸ. ਪੀ. ਸਿੰਘ, ਪ੍ਰਧਾਨ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਅਤੇ ਸਾਬਕਾ ਉਪ-ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਮਾਣਯੋਗ ਜਨਰਲ ਸਕੱਤਰ ਸ: ਹਰਸ਼ਰਨ ਸਿੰਘ ਨਰੂਲਾ, ਅਤੇ ਇਸ ਵਿਸ਼ੇਸ਼ ਮੌਕੇ ਦੇ ਮੁੱਖ ਮਹਿਮਾਨ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਅਤੇ ਕੌਂਸਲ ਦੇ ਮਾਣਯੋਗ ਮੈਂਬਰ ਸ: ਹਰਦੀਪ ਸਿੰਘ ਅਤੇ ਪ੍ਰਧਾਨ ਆਰੀਆ ਕਾਲਜ ਪ੍ਰਬੰਧਕ ਕਮੇਟੀ ਐਸ. ਐਲ. ਸ਼ਰਮਾ ਜੀ ਦਾ ਵੀ ਸਵਾਗਤ ਕੀਤਾ।
ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਹੋਰ ਕਿਹਾ ਕਿ ਅਧਿਆਪਕ ਹੀ ਸੱਚੇ ਰਾਸ਼ਟਰ ਨਿਰਮਾਤਾ ਹੁੰਦੇ ਹਨ। ਅਧਿਆਪਕ ਹੀ ਉਹ ਦੀਵਾ ਹੈ ਜੋ ਵਿਦਿਆਰਥੀਆਂ ਦੇ ਜੀਵਨ ਵਿੱਚੋਂ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਫੈਲਾਉਂਦਾ ਹੈ।
ਵਿਦਿਆਰਥੀਆਂ ਨੇ ਆਪਣੇ ਪਿਆਰੇ ਅਧਿਆਪਕਾਂ ਪ੍ਰਤੀ ਸਤਿਕਾਰ ਅਤੇ ਧੰਨਵਾਦ ਪ੍ਰਗਟ ਕਰਨ ਲਈ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਵਿਦਿਆਰਥੀਆਂ ਨੇ ਆਪਣੇ ਹੱਥੀਂ ਬਣਾਏ ਸੁੰਦਰ ਕਾਰਡ ਅਤੇ ਤੋਹਫੇ ਦੇ ਕੇ ਆਪਣੇ ਅਧਿਆਪਕਾਂ ਦਾ ਸਨਮਾਨ ਕੀਤਾ।
ਇਸ ਮੌਕੇ ਤੇ ਗੁਜਰਾਂਵਾਲਾ ਖਾਲਸਾ ਐਜੂਕੇਸ਼ਨ ਕੌਂਸਲ, ਲੁਧਿਆਣਾ ਦੇ ਪ੍ਰਬੰਧਕਾਂ ਤੇ ਪ੍ਰਿੰਸੀਪਲ ਸਾਹਿਬਾ ਨੇ ਮੁੱਖ ਮਹਿਮਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੇ ਵੀ ਸਾਰੇ ਅਧਿਆਪਕਾਂ ਦੀ ਸਖ਼ਤ ਮਿਹਨਤ, ਲਗਨ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਸਾਰੇ ਅਧਿਆਪਕਾਂ ਨੂੰ ਪਿਆਰ ਅਤੇ ਸਤਿਕਾਰ ਦੇ ਪ੍ਰਤੀਕ ਵਜੋਂ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ।
ਅੰਤ ਵਿੱਚ ਪ੍ਰਿੰਸੀਪਲ ਸ੍ਰੀਮਤੀ ਗੁਣਮੀਤ ਕੌਰ ਜੀ ਨੇ ਇਸ ਦਿਨ ਨੂੰ ਯਾਦਗਾਰੀ ਬਣਾਉਣ ਲਈ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਾਰੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ