ਬਠਿੰਡਾ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਦੱਸਣ ਕਿ ਆਪਣੀਆਂ ਜਨਤਕ ਸਟੇਜਾਂ ਤੋਂ ਜਿਹੜਾ ਉਹ ਕਿਸਾਨਾਂ ਨੂੰ ਖੇਤੀਬਾੜੀ ਵਾਸਤੇ ਦਿਨ ਵੇਲੇ 10-10 ਘੰਟੇ ਬਿਜਲੀ ਸਪਲਾਈ ਦੇਣ ਦਾ ਵਾਅਦਾ ਕਰਦੇ ਸਨ, ਉਹ ਕਿਥੇ ਹੈ ?
ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਸਟੇਜਾਂ ਤੋਂ ਝੂਠ ਬੋਲਦੇ ਸਨ। ਉਹਨਾਂ ਕਿਹਾ ਸੱਚਾਈ ਇਹ ਹੈ ਕਿ ਕਿਸਾਨਾਂ ਨੂੰ ਰੋਜ਼ਾਨਾਂ 8 ਤੋਂ 10 ਘੰਟੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਉਦਯੋਗਾਂ ਨੂੰ ਰੋਜ਼ਾਨਾ ਛੇ ਤੋਂ ਅੱਠ ਘੰਟੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਕੰਮਕਾਜ ਪ੍ਰਭਾਵਤ ਹੋ ਰਿਹਾ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਇਥੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਵਜੋਂ ਸਵਰਨ ਸਿੰਘ ਪੂਹਲੀ ਤੇ ਵਾਈਸ ਚੇਅਰਪਰਸਨ ਵਜੋਂ ਜਸਕਰਨ ਕੌਰ ਬੱਲੂਆਣਾ ਦੇ ਅਹੁਦਾ ਸੰਭਾਲਣ ਵੇਲੇ ਉਹਨਾਂ ਨੂੰ ਸਨਮਾਨਤ ਕਰਨ ਪਹੁੰਚੇ ਸਨ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਨੂੰ ਖੁਦ ਇਹ ਪ੍ਰਵਾਨ ਕਰਨਾ ਚਾਹੀਦਾ ਹੈ ਕਿ ਉਹ ਬਿਜਲੀ ਦੀ ਸਪਲਾਈ ਵਾਸਤੇ ਢੁਕਵੇਂ ਪ੍ਰਬੰਧ ਕਰਨ ਵਿਚ ਨਾਕਾਮ ਰਹੇ ਹਨ ਅਤੇ ਉਹ ਬਿਜਲੀ ਖਰੀਦ ਵਾਸਤੇ ਸਮੇਂ ਸਿਰ ਇੰਤਜ਼ਾਮ ਨਹੀਂ ਕਰ ਸਕੇ ਤੇਹੁਣ ਅਫਸਰ ਬਦਲ ਕੇ ਪ੍ਰਭਾਵ ਦੇਣ ਲਈ ਯਤਨਸ਼ੀਲ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਦੇ ਰਾਜ ਵਿਚ 8 ਤੋਂ 9 ਹਜ਼ਾਰ ਮੈਗਾਵਾਟ ਬਿਜਲੀ ਦੀ ਘਾਟ ਹੈ ਜੋ ਆਪ ਸਰਕਾਰ ਪੂਰੀ ਕਰਨ ਵਿਚ ਅਸਮਰਥ ਹੈ। ਉਹਨਾਂ ਕਿਹਾ ਕਿ ਜੇਕਰ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਂਗੂ ਬਿਜਲੀ ਖਰੀਦ ਸਮਝੌਤੇ ਕੀਤੇ ਗਏ ਹੁੰਦੇ ਤਾਂ ਇਹ ਸਪਲਾਈ ਪੂਰੀ ਹੋ ਸਕਦੀ ਸੀ।
ਅਕਾਲੀ ਦਲ ਪ੍ਰਧਾਨ ਨੇ ਕਾਂਗਰਸ ਤੇ ਮੌਜੂਦਾ ਅਪਾ ਸਰਕਾਰ ’ਤੇ ਦੋਸ਼ ਲਗਾਇਆ ਕਿ ਉਹ ਸੂਬੇ ਵਿਚ ਬਿਜਲੀ ਖੇਤਰ ਨੂੰ ਤਬਾਹ ਕਰ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਨਵੇਂ ਥਰਮਲ ਪਲਾਂਟ ਲਗਾ ਕੇ ਅਤੇ ਬਾਇਓ ਮਾਸ ਤੇ ਸੋਲਰ ਬਿਜਲੀ ਸਹੂਲਤਾਂ ਨਾਲ ਸੂਬੇ ਨੂੰ ਬਿਜਲੀ ਸਰਪਲੱਸ ਬਣਾਇਆ।ਉਹਨਾਂ ਕਿਹਾ ਕਿ ਕਾਂਗਰਸ ਤੇ ਆਪ ਦੋਵਾਂ ਸਰਕਾਰਾਂ ਨੇ ਇਸ ਵਿਚ ਕੋਈ ਵੀ ਵਾਧਾ ਨਹੀਂ ਕੀਤਾ ਤੇ ਪਿਛਲੇ 10 ਸਾਲਾਂ ਵਿਚ ਇਕ ਵੀ ਮੈਗਾਵਾਟ ਬਿਜਲੀ ਦਾ ਵਾਧਾ ਨਹੀਂ ਕੀਤਾ ਗਿਆ ਜਿਸ ਕਾਰਨ ਪੰਜਾਬ ਹੁਣ ਮੁਸ਼ਕਿਲਾਂ ਝੱਲ ਰਿਹਾ ਹੈ।
ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਹਮਾਇਤ ਕਰਨ ਅਤੇ ਕਿਹਾ ਕਿ ਮੈਂ ਭਰੋਸਾ ਦੁਆਉਂਦਾ ਹਾਂ ਕਿ ਜਿਵੇਂ 2007 ਵਿਚ ਅਸੀਂ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਉਣ ਵਾਸਤੇ ਕਦਮ ਚੁੱਕੇ, ਇਸੇ ਤਰੀਕੇ ਅਸੀਂ 2027 ਵਿਚ ਸੱਤਾ ਵਿਚ ਆਉਣ ’ਤੇ ਪੰਜਾਬ ਵਿਚ ਬਿਜਲੀ ਪੈਦਾਵਾਰ ਵਧਾਉਣ ਦਾ ਯਤਨ ਕਰਾਂਗੇ।
ਇਸ ਮੌਕੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਵੀ ਅਕਾਲੀ ਦਲ ਪ੍ਰਧਾਨ ਦੇ ਨਾਲ ਸਨ।