ਲੁਧਿਆਣਾ-ਬਾਬਾ ਬੜਦਾ ਸਿੰਘ ਬਹਾਦਰ ਟਚਯਟ ਰਕਬਾ(ਲ਼ੁਧਿਆਣਾ) ਵੱਲੋਂ ਪੰਜਾਬੀ ਸਾਹਿੱਤ ਸ਼੍ਰੋਮਣੀ. ਗੁਲਜ਼ਾਰ ਸਿੰਘ ਸੰਧੂ ਦਾ ਚੰਡੀਗੜ੍ਹ ਵਿੱਚ ਉਨ੍ਹਾਂ ਦੇ ਘਰ ਪਹੁੰਚ ਕੇ ਸਨਮਾਨ ਕੀਤਾ ਗਿਆ।
ਟਰਸਟ ਦੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ, ਸਾਬਕਾ ਮੰਤਰੀ ਪੰਜਾਬ ਸ. ਮਲਕੀਤ ਸਿੰਘ ਦਾਖਾ, ਸੀਨੀਅਰ ਕਾਂਗਰਸੀ ਆਗੂ ਤੇ ਲੁਧਿਆਣਾ ਦੇ ਉੱਘੇ ਕਾਰੋਬਾਰੀ ਸ. ਗੁਰਦੇਵ ਸਿੰਘ ਲਾਪਰਾਂ ਤੋਂ ਇਲਾਵਾ ਫੁੱਲੇ ਸਮਾਜ ਸੇਵਕ ਤੇ ਰਾਮਗੜ੍ਹੀਆ ਭਾਈਚਾਰਾ ਆਗੂ ਸ. ਗੁਰਨਾਮ ਸਿੰਘ ਕਲੇਰ ਨੇ ਸ. ਗੁਲਜ਼ਾਰ ਸਿੰਘ ਸੰਧੂ ਨੂੰ ਸਿਰੋਪਾਉ ਤੇ ਬਾਬਾ ਬੰਦਾ ਸਿੰਘ ਬਹਾਦਰ ਟਰਸਟ ਦੀਆਂ ਪ੍ਰਕਾਸ਼ਨਾਵਾਂ ਦਾ ਸੈੱਟ ਫੇਂਟ ਕੀਤਾ।
ਇਸ ਮੌਕੇ ਬੋਲਦਿਆਂ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਅੱਜ ਡੇਢ ਘੰਟਾ ਸ. ਸੰਧੂ ਨਾਲ ਬਿਤਾ ਕੇ ਇੰਜ ਮਹਿਸੂਸ ਹੋ ਰਿਹਾ ਹੈ ਜਿਵੇਂ ਗਿਆਨ ਸਾਗਰ ਵਿੱਚ ਇਸ਼ਨਾਨ ਕੀਤਾ ਹੋਵੇ। ਸ. ਸੰਧੂ ਦੀ ਚੇਤਨਾ ਸ਼ਕਤੀ ਅਤੇ ਹਾਸ ਵਿਅੰਗ ਵੇਖ ਕੇ ਲੱਗਦਾ ਹੀ ਨਹੀਂ ਕਿ ਉਹ 93 ਬਹਾਰਾਂ ਤੇ ਪੱਤਝੜਾਂ ਮਾਣ ਚੁੱਕੇ ਹਨ। ਸ. ਬਾਵਾ ਨੇ ਦੱਸਿਆ ਕਿ ਉਹ ਰਕਬਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਭਵਨ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਦੇਖ ਰੇਖ ਤੇ ਅਗਵਾਈ ਵਿੱਚ ਵਿਸ਼ਾਲ ਲਾਇਬਰੇਰੀ ਬਣਾ ਰਹੇ ਹਨ। ਇਸ ਲਈ ਅਮਰੀਕਾ ਵਾਸੀ ਲੇਖਕ ਧਰਮ ਸਿੰਘ ਗੋਰਾਇਆ ਨੇ ਸਿੱਖ ਇਤਿਹਾਸ ਸਬੰਧੀ 100ਕਿਤਾਬਾਂ ਭੇਜੀਆਂ ਹਨ। ਇਵੇਂ ਹੀ ਡਾ. ਰਤਨ ਸਿੰਘ ਜੱਗੀ ਪਰਿਵਾਰ ਵੱਲੋਂ ਵੀ ਕਿਤਾਬਾਂ ਦੀ ਪੂਰੀ ਤਰ੍ਹਾਂ ਭਰੀ ਅਲਮਾਰੀ ਭੇਂਟ ਕੀਤੀ ਜਾ ਰਹੀ ਹੈ।
ਸ. ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਮੈਂ ਚੜ੍ਹਦੀ ਜਵਾਨੀ ਵੇਲੇ ਤੋਂ ਹੀ ਉਨ੍ਰਾਂ ਦੀਆਂ ਲਿਖਤਾਂ ਪੜ੍ਹਦਾ ਆ ਰਿਹਾ ਹਾਂ। ਉਨ੍ਹਾਂ ਦੱਸਿਆ ਕਿ ਜਿਸ ਸਾਲ ਉਨ੍ਹਾਂ ਨੂੰ ਭਾਰਤੀ ਸਾਹਿੱਤ ਅਕਾਡਮੀ ਇਨਾਮ ਮਿਲਿਆ ਸੀ, ਉਦੋਂ ਹੀ ਮੈਂ ਲਾਹੌਰ ਬੁੱਕ ਸ਼ਾਪ ਲੁਧਿਆਣਾ ਤੋਂ ਇਹ ਕਿਤਾਬ “ਅਮਰ ਕਥਾ”ਖਰੀਦ ਕੇ ਪੜ੍ਹੀ ਸੀ।
ਸ. ਗੁਰਦੇਵ ਸਿੰਘ ਲਾਪਰਾਂ ਨੇ ਵੀ ਉਨ੍ਹਾਂ ਦੀਆਂ ਲਿਖਤਾਂ ਦੇ ਹਵਾਲੇ ਨਾਲ ਕਿਹਾ ਕਿ ਉਹ ਗੌਰਮਿੰਟ ਕਾਲਿਜ ਰਾੜ੍ਹਾ ਸਾਹਿਬ ਵਿੱਚ ਪੜ੍ਹਨ ਵੇਲੇ ਤੋਂ ਹੀ ਆਰਸੀ ਰਸਾਲੇ ਰਾਹੀਂ ਉਨ੍ਹਾਂ ਦੀਆਂ ਲਿਖਤਾਂ ਪੜ੍ਹਦਾ ਰਿਹਾ ਹਾਂ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਹੋਣ ਵੇਲੇ ਵੀ ਮੈਂ ਲਗਾਤਾਰ ਪੜ੍ਹ ਰਿਹਾ ਹਾਂ ਹੁਣ ਵੀ ਉਨ੍ਹਾਂ ਦੇ ਅਜੀਤ ਵਿੱਚ ਛਪਦੇ ਕਾਲਮ “ ਨਿਕਸੁਕ“ ਦਾ ਮੈਂ ਪੱਕਾ ਪਾਠਕ ਹਾਂ।
ਸ. ਗੁਲਜ਼ਾਰ ਸਿੰਘ ਸੰਧੂ ਨੇ ਬਾਬਾ ਬੰਦਾ ਸਿੰਘ ਬਹਾਦਰ ਟਰਸਟ ਦਾ ਧੰਨਵਾਦ ਕੀਤਾ ਤੇ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਗੁਜ਼ਾਰੇ ਦਿਨਾਂ ਨੂੰ ਚੇਤੇ ਕਰਦਿਆਂ ਸ. ਜਗਦੇਵ ਸਿੰਘ ਜੱਸੋਵਾਲ ਨੂੰ ਚੇਤੇ ਕੀਤਾ।