ਚੰਡੀਗੜ੍ਹ- ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸਮੂਹ ਮਨੁੱਖੀ ਅਧਿਕਾਰ ਜਥੇਬੰਦੀਆਂ, ਰਾਜਸੀ ਪਾਰਟੀਆਂ, ਸਮਾਜਿਕ ਸੰਸਥਾਵਾਂ ਅਤੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੰਦੀ ਸਿੰਘ ਰਿਹਾਈ ਮਾਰਚ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਅਤੇ ਆਪਣੀ ਕੈਦ ਤੋਂ ਦੁੱਗਣਾ ਸਮਾਂ ਜੇਲ੍ਹ ਵਿੱਚ ਬਿਤਾ ਚੁੱਕੇ ਸਿੰਘਾਂ ਦੀ ਰਿਹਾਈ ਲਈ ਜੋਰਦਾਰ ਅਵਾਜ ਉਠਾਉਣ ਤਾਂ ਜੋ ਸਰਕਾਰਾਂ ਦੇ ਬੋਲੇ ਕੰਨ ਖੁਲ੍ਹ ਜਾਣ। ਬੰਦੀ ਸਿੰਘਾਂ ਦੀ ਰਿਹਾਈ ਲਈ ਇਸ ਮਾਰਚ ਦੀ ਕਾਲ ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤੀ ਗਈ ਹੈ ਜੋ 2 ਅਕਤੂਬਰ ਨੂੰ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ 3 ਅਕਤੂਬਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜਾ ਕੇ ਸਮਾਪਤ ਹੋਵੇਗਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਰਚ ਦਾ ਮਕਸਦ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਨੂੰ ਆਮ ਲੋਕਾਂ ਵਿੱਚ ਲੈ ਕੇ ਜਾਣਾ ਅਤੇ ਤਖਤ ਸਾਹਿਬ 'ਤੇ ਪਹੁੰਚ ਕੇ ਗੁਰੂ ਪਾਤਸ਼ਾਹ ਅੱਗੇ ਉਹਨਾਂ ਸਿੰਘਾਂ ਦੀ ਰਿਹਾਈ ਦੀ ਅਰਦਾਸ ਕਰਨਾ ਹੈ। ਕਿਉਂਕਿ ਸਰਕਾਰਾਂ ਦਾ ਵਤੀਰਾ ਬਹੁਤ ਹੀ ਅੜੀਅਲ ਬਣ ਚੁੱਕਿਆ ਹੈ। ਇਸ ਲਈ ਇਸ ਮਾਰਚ ਵਿੱਚ ਸਾਰੇ ਪੰਜਾਬੀ ਵੱਧ ਚੜ੍ਹ ਕੇ ਭਾਗ ਲੈਣ। ਮਨੁੱਖ ਹੱਕਾਂ ਦੀ ਲੜਾਈ ਲੜਨਾਂ ਪੰਜਾਬੀਆਂ ਦਾ ਇਤਿਹਾਸ ਰਿਹਾ ਹੈ।