ਪੰਜਾਬ

ਸਾਡੀ ਸਰਕਾਰ ਮਾਵਾਂ-ਧੀਆਂ ਦੇ ਫ਼ੋਨ ’ਤੇ ‘ਟੂੰ-ਟੂੰ’ ਦੇ ਸੁਨੇਹੇ ਕਦੇ ਬੰਦ ਨਹੀਂ ਹੋਣ ਦੇਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਕੌਮੀ ਮਾਰਗ ਬਿਊਰੋ | October 05, 2026 10:40 PM

ਸਰਦੂਲਗੜ੍ਹ-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਆਪਣੀਆਂ ਲੋਕ-ਪੱਖੀ ਨੀਤੀਆਂ ਨੂੰ ਨਿਰੰਤਰ ਜਾਰੀ ਰੱਖੇਗੀ, ਜਿਨ੍ਹਾਂ ਵਿੱਚ ਔਰਤਾਂ ਲਈ ‘ਮਾਵਾਂ-ਧੀਆਂ ਸਤਿਕਾਰ ਯੋਜਨਾ’, ਘਰਾਂ ਲਈ ਮੁਫ਼ਤ ਬਿਜਲੀ, ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਸਪਲਾਈ ਅਤੇ “ਨੋ ਕੈਸ਼, ਨੋ ਫਰਮਾਇਸ਼” ਦੀ ਪਾਰਦਰਸ਼ੀ ਪ੍ਰਣਾਲੀ ਰਾਹੀਂ ਸਰਕਾਰੀ ਨੌਕਰੀਆਂ ਦੇਣਾ ਸ਼ਾਮਲ ਹੈ। ਇਸ ਦੇ ਨਾਲ ਹੀ ਉਨ੍ਹਾਂ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਪਾਰਟੀਆਂ ਇਨ੍ਹਾਂ ਲੋਕ ਭਲਾਈ ਕਾਰਜਾਂ ਦਾ ਵਿਰੋਧ ਕਰ ਰਹੀਆਂ ਹਨ ਅਤੇ ਉਨ੍ਹਾਂ ਕੋਲ ਪੰਜਾਬ ਲਈ ਕੋਈ ਸਪੱਸ਼ਟ ਵਿਜ਼ਨ ਨਹੀਂ ਹੈ।

ਸਰਦੂਲਗੜ੍ਹ ਹਲਕੇ ਵਿੱਚ ‘ਲੋਕ ਮਿਲਣੀ’ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕੀਤੇ ਵਾਅਦਿਆਂ ਨਾਲੋਂ ਵੱਧ ਕੰਮ ਕਰ ਕੇ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਹੈ, ਜਨਤਕ ਸਹੂਲਤਾਂ ਦਾ ਪਸਾਰ ਕੀਤਾ ਹੈ ਅਤੇ ਅਜਿਹਾ ਮਾਹੌਲ ਸਿਰਜਿਆ ਹੈ, ਜਿਸ ਨਾਲ ਪੰਜਾਬ ਦੇ ਪਿੰਡਾਂ ਵਿੱਚੋਂ ਉੱਭਰੇ ਖਿਡਾਰੀ ਓਲੰਪਿਕ ਤਗ਼ਮੇ ਜਿੱਤ ਕੇ ਲਿਆ ਰਹੇ ਹਨ।

ਲੋਕ ਮਿਲਣੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਰਕਾਰ ਦੇ ਕੰਮਕਾਜ ਵਿੱਚ ਬੁਨਿਆਦੀ ਤਬਦੀਲੀ ਦੇਖੀ ਹੈ, ਜਿੱਥੇ ਲੋਕਾਂ ਦਾ ਪੈਸਾ ਭਲਾਈ, ਸਿੱਖਿਆ, ਸਿਹਤ ਸੰਭਾਲ, ਬਿਜਲੀ, ਸਿੰਜਾਈ ਅਤੇ ਰੋਜ਼ਗਾਰ ਲਈ ਖ਼ਰਚਿਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ, “ਜਦੋਂ ਵੀ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਵਿੱਤੀ ਸਹਾਇਤਾ ਪਹੁੰਚਦੀ ਹੈ ਤਾਂ ਉਨ੍ਹਾਂ ਦੇ ਚਿਹਰਿਆਂ ’ਤੇ ਝਲਕਦੀ ਖ਼ੁਸ਼ੀ ਇਸ ਲੋਕ-ਪੱਖੀ ਸ਼ਾਸਨ ਦੇ ਪ੍ਰਭਾਵ ਦੀ ਗਵਾਹੀ ਭਰਦੀ ਹੈ। ਸਾਡੀ ਸਰਕਾਰ ਪੰਜਾਬ ਦੀਆਂ ਮਾਵਾਂ-ਭੈਣਾਂ ਦੇ ਮੋਬਾਈਲ ਫ਼ੋਨਾਂ ’ਤੇ ਆਉਣ ਵਾਲੇ ਟੂੰ-ਟੂੰ ਦੇ ਸੁਨੇਹੇ ਕਦੇ ਬੰਦ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀ ਸਰਕਾਰ ਲੋਕਾਂ ਦੀ ਸੇਵਾ ‘ਚ ਹੈ, ਔਰਤਾਂ ਲਈ ਇਹ ਵਿੱਤੀ ਸਹਾਇਤਾ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਨਿਰੰਤਰ ਪਹੁੰਚਦੀ ਰਹੇਗੀ।”

ਮੁੱਖ ਮੰਤਰੀ ਨੇ ਕਿਹਾ ਕਿ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਯੋਗ ਲਾਭਪਾਤਰੀ ਔਰਤਾਂ ਨੂੰ ਸਿੱਧੇ ਉਨ੍ਹਾਂ ਦੇ ਖ਼ਾਤਿਆਂ ਵਿੱਚ ਵਿੱਤੀ ਸਹਾਇਤਾ ਦੇਣ ਲਈ ਤਿਆਰ ਕੀਤੀ ਗਈ ਹੈ ਅਤੇ ਸੂਬਾ ਸਰਕਾਰ ਨੇ ਹਾਲ ਹੀ ਵਿੱਚ 36.87 ਲੱਖ ਔਰਤਾਂ ਨੂੰ ਤਿੰਨ ਮਹੀਨਿਆਂ ਦੀ 1, 262.54 ਕਰੋੜ ਰੁਪਏ ਦੀ ਦੂਜੀ ਕਿਸ਼ਤ ਟਰਾਂਸਫਰ ਕੀਤੀ ਹੈ। ਉਨ੍ਹਾਂ ਕਿਹਾ, “ਸਾਡੀ ਸਰਕਾਰ ਦਾ ਉਦੇਸ਼ ਸਿਰਫ਼ ਐਲਾਨ ਕਰਨਾ ਨਹੀਂ ਹੈ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਭਲਾਈ ਸਕੀਮਾਂ ਅਸਲ ਵਿੱਚ ਲੋਕਾਂ ਤੱਕ ਪਹੁੰਚਣ। ਉਨ੍ਹਾਂ ਕਿਹਾ ਕਿ ਸ਼ਾਸਨ ਦਾ ਅਸਲ ਉਦੇਸ਼ ਉਦੋਂ ਪੂਰਾ ਹੁੰਦਾ ਹੈ, ਜਦੋਂ ਪਿੰਡ ਵਿੱਚ ਬੈਠੀ ਕਿਸੇ ਔਰਤ ਦੇ ਫ਼ੋਨ ’ਤੇ ਸੁਨੇਹਾ ਆਉਂਦਾ ਹੈ ਕਿ ਉਸ ਦੇ ਖਾਤੇ ਵਿੱਚ ਪੈਸੇ ਜਮ੍ਹਾਂ ਹੋ ਗਏ ਹਨ।”

ਉਨ੍ਹਾਂ ਕਿਹਾ, “ਅਜਿਹਾ ਸੁਨੇਹਾ ਉਸ ਨੂੰ ਭਰੋਸਾ ਦਿਵਾਉਂਦਾ ਹੈ ਕਿ ਸਰਕਾਰ ਉਸ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੀ ਭਲਾਈ ਲਈ ਕੀਤੇ ਜਾਣ ਵਾਲੇ ਇਸ ਨੇਕ ਕਾਰਜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।”

ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ’ਤੇ ਤਿੱਖਾ ਹਮਲਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪਾਰਟੀਆਂ ਔਰਤਾਂ ਨੂੰ ਦਿੱਤੀ ਜਾ ਰਹੀ ਮਹੀਨਾਵਾਰ ਵਿੱਤੀ ਸਹਾਇਤਾ ਦਾ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਕਿਹਾ, “ਦਹਾਕਿਆਂ ਤੱਕ ਪੰਜਾਬ ’ਤੇ ਰਾਜ ਕਰਨ ਵਾਲੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਆਮ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਲਈ ਕੀ ਕੀਤਾ। ਅੱਜ ਜਦੋਂ ਔਰਤਾਂ ਨੂੰ ਸਿੱਧੀ ਉਨ੍ਹਾਂ ਦੇ ਖ਼ਾਤਿਆਂ ਵਿੱਚ ਵਿੱਤੀ ਸਹਾਇਤਾ ਮਿਲ ਰਹੀ ਹੈ ਤਾਂ ਇਹ ਪਾਰਟੀਆਂ ਇਸ ਸਕੀਮ ’ਤੇ ਸਵਾਲ ਚੁੱਕ ਰਹੀਆਂ ਹਨ।”

ਉਨ੍ਹਾਂ ਕਿਹਾ, “ਸਾਡੀ ਸਰਕਾਰ ਨੇ ਆਪਣਾ ਰੁਖ਼ ਬਿਲਕੁਲ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੀਆਂ ਮਾਵਾਂ ਅਤੇ ਧੀਆਂ ਦੀ ਭਲਾਈ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।”

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਰਕਾਰੀ ਸਕੀਮਾਂ ਦੇ ਲਾਭ ਕੁਝ ਪ੍ਰਭਾਵਸ਼ਾਲੀ ਵਰਗਾਂ ਤੱਕ ਸੀਮਤ ਰੱਖਣ ਦੀ ਬਜਾਏ ਔਰਤਾਂ, ਕਿਸਾਨਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਆਪਣੇ ਪ੍ਰਸ਼ਾਸਨਿਕ ਮਾਡਲ ਦੇ ਕੇਂਦਰ ਵਿੱਚ ਰੱਖਿਆ ਹੈ। ਉਨ੍ਹਾਂ ਕਿਹਾ, “ਸਰਕਾਰ ਦੀ ਜ਼ਿੰਮੇਵਾਰੀ ਲੋਕਾਂ ਤੋਂ ਟੈਕਸ ਇਕੱਠਾ ਕਰਨਾ ਅਤੇ ਉਸ ਪੈਸੇ ਦੀ ਲੋਕ ਭਲਾਈ ਅਤੇ ਵਿਕਾਸ ਲਈ ਪਾਰਦਰਸ਼ੀ ਢੰਗ ਨਾਲ ਵਰਤੋਂ ਕਰਨਾ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕੀਤੇ ਗਏ ਵਾਅਦਿਆਂ ਨਾਲੋਂ ਵੱਧ ਕੰਮ ਕਰਕੇ ਦਿਖਾਇਆ ਹੈ। ਉਨ੍ਹਾਂ ਕਿਹਾ, ‘‘ਸਾਡੀ ਸਰਕਾਰ ਲੋਕਾਂ ਕੋਲ ਵਾਅਦੇ ਲੈ ਕੇ ਆਈ ਸੀ, ਪਰ ਅਸੀਂ ਸਿਰਫ਼ ਵਾਅਦਿਆਂ ਤੱਕ ਹੀ ਸੀਮਤ ਨਹੀਂ ਰਹੇ। ਅਸੀਂ ਮੁਫ਼ਤ ਬਿਜਲੀ, ਬਿਹਤਰ ਸਰਕਾਰੀ ਸਕੂਲ, ਸਿਹਤ ਸਹੂਲਤਾਂ, ਰੋਜ਼ਗਾਰ, ਨਹਿਰੀ ਪਾਣੀ, ਬੁਨਿਆਦੀ ਢਾਂਚਾ ਅਤੇ ਔਰਤਾਂ ਲਈ ਵਿੱਤੀ ਸਹਾਇਤਾ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਇਹ ਸਾਰੇ ਉਪਰਾਲੇ ਇੱਕ ਵੱਡੀ ਤਬਦੀਲੀ ਦਾ ਹਿੱਸਾ ਹਨ।’’

ਉਨ੍ਹਾਂ ਕਿਹਾ ਕਿ ਸਰਕਾਰ ਨੇ ’ਲੋਕ ਮਿਲਣੀ’ ਵਰਗੇ ਪ੍ਰੋਗਰਾਮਾਂ ਰਾਹੀਂ ਪ੍ਰਸ਼ਾਸਨ ਨੂੰ ਸਿੱਧਾ ਲੋਕਾਂ ਤੱਕ ਪਹੁੰਚਾ ਕੇ ਸ਼ਾਸਨ ਪ੍ਰਣਾਲੀ ਨੂੰ ਵਧੇਰੇ ਪਹੁੰਚਯੋਗ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ‘‘ਮੈਂ ਇੱਥੇ ਸਿਰਫ਼ ਮੰਚ ’ਤੇ ਬੈਠਣ ਜਾਂ ਪਹਿਲਾਂ ਤੋਂ ਤਿਆਰ ਕੀਤੇ ਭਾਸ਼ਣ ਸੁਣਨ ਲਈ ਨਹੀਂ ਆਇਆ ਹਾਂ, ਬਲਕਿ ਸਿੱਧੇ ਤੌਰ ਤੇ ਲੋਕਾਂ ਦੀ ਗੱਲ ਸੁਣਨ ਆਇਆ ਹਾਂ। ਉਨ੍ਹਾਂ ਦੀਆਂ ਸਮੱਸਿਆਵਾਂ, ਸੁਝਾਅ ਅਤੇ ਉਨ੍ਹਾਂ ਦੀਆਂ ਉਮੀਦਾਂ ਹੀ ਸਰਕਾਰ ਦਾ ਅਸਲ ਏਜੰਡਾ ਹਨ।’’

ਭਾਜਪਾ, ਕਾਂਗਰਸ ਅਤੇ ਅਕਾਲੀ ਦਲ ’ਤੇ ਤਿੱਖਾ ਨਿਸ਼ਾਨਾ ਸੇਧਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪਾਰਟੀਆਂ ਪੰਜਾਬ ਲਈ ਕੋਈ ਉਸਾਰੂ ਜਾਂ ਨਿਵੇਕਲਾ ਰੋਡਮੈਪ ਪੇਸ਼ ਕਰਨ ਦੀ ਬਜਾਏ ਸਰਕਾਰ ਦੀ ਆਲੋਚਨਾ ਕਰਨ ’ਤੇ ਜ਼ਿਆਦਾ ਧਿਆਨ ਦੇ ਰਹੀਆਂ ਹਨ। ਉਨ੍ਹਾਂ ਕਿਹਾ, ‘‘ਪੰਜਾਬ ਦੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਪੰਜਾਬ ਲਈ ਉਨ੍ਹਾਂ ਦਾ ਕੀ ਟੀਚਾ ਹੈ? ਉਹ ਔਰਤਾਂ ਲਈ ਕੀ ਕਰਨਗੇ? ਉਹ ਕਿਸਾਨਾਂ ਲਈ ਕੀ ਕਰਨਗੇ? ਉਹ ਨੌਜਵਾਨਾਂ ਲਈ ਕੀ ਕਰਨਗੇ? ਉਹ ਸਰਕਾਰੀ ਸਕੂਲਾਂ ਲਈ ਕੀ ਕਰਨਗੇ? ਉਹ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਕੀ ਕਰਨਗੇ?’’

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਦੀ ਸਰਕਾਰ ਨੂੰ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ ਅਤੇ ਉਹ ਇਸ ਜ਼ਿੰਮੇਵਾਰੀ ਨੂੰ ਇਮਾਨਦਾਰੀ ਤੇ ਲਗਨ ਨਾਲ ਨਿਭਾ ਰਹੇ ਹਨ। ਉਨ੍ਹਾਂ ਕਿਹਾ, ‘‘ਜੋ ਕੰਮ ਸ਼ੁਰੂ ਹੋਇਆ ਹੈ, ਉਹ ਹੁਣ ਰੁਕੇਗਾ ਨਹੀਂ।’’

ਉਨ੍ਹਾਂ ਕਿਹਾ, ‘‘ਔਰਤਾਂ ਦੇ ਫੋਨਾਂ ’ਤੇ ਨੋਟੀਫਿਕੇਸ਼ਨ ਆਉਣ ਦਾ ਸਿਲਸਿਲਾ ਜਾਰੀ ਰਹੇਗਾ, ਮੁਫ਼ਤ ਬਿਜਲੀ ਮਿਲਦੀ ਰਹੇਗੀ, ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਮਿਲਦੀ ਰਹੇਗੀ, ਯੋਗਤਾ-ਆਧਾਰਿਤ ਭਰਤੀ ਜਾਰੀ ਰਹੇਗੀ ਅਤੇ ਪੰਜਾਬ ਦੀ ਕਾਇਆ-ਕਲਪ ਦਾ ਕੰਮ ਵੀ ਜਾਰੀ ਰਹੇਗਾ।’’

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁਹਰਾਇਆ ਕਿ ਸ਼ਾਸਨ ਦਾ ਅਸਲ ਪੈਮਾਨਾ ਆਮ ਲੋਕਾਂ ਦੇ ਰੋਜ਼ਾਨਾ ਜੀਵਨ ਵਿੱਚ ਆਇਆ ਸੁਧਾਰ ਹੁੰਦਾ ਹੈ। ਉਨ੍ਹਾਂ ਕਿਹਾ, ‘‘ਸਾਡੀ ਸਰਕਾਰ ਇੱਕ ਮਜ਼ਬੂਤ, ਖ਼ੁਸ਼ਹਾਲ ਸ਼ਹਾਲ ਅਤੇ ਤਰੱਕੀ-ਪਸੰਦ ਪੰਜਾਬ ਦੀ ਸਿਰਜਣਾ ਦੇ ਉਦੇਸ਼ ਨਾਲ ਕੰਮ ਕਰਨਾ ਜਾਰੀ ਰੱਖੇਗੀ।’’

Have something to say? Post your comment

 
 
 
 

ਪੰਜਾਬ

ਧੜੇਬੰਦੀਆਂ ਦੇ ਸਮਝੌਤਿਆਂ ’ਤੇ ਟਿਕੀ ਲੀਡਰਸ਼ਿਪ ਤੋਂ ਕਾਂਗਰਸੀ ਵਰਕਰ ਨਿਰਾਸ਼; ਸੰਗਰੂਰ ਤੇ ਮਾਲਵੇ ਦੀ ਕੀਤੀ ਅਣਦੇਖੀ: ਅਮਨ ਅਰੋੜਾ

ਮੈਂ ਅਪਮਾਨਜਨਕ ਭਾਸ਼ਾ ਨਹੀਂ ਵਰਤਾਂਗਾ, ਪਰ ਹਰ ਸਵਾਲ ਦਾ ਜਵਾਬ ਹੈ ਮੇਰੇ ਕੋਲ: ਬਲਤੇਜ ਪੰਨੂ

ਮੁੱਖ ਮੰਤਰੀ ਪੰਜਾਬ ਦਫ਼ਤਰ ਨਾਲ ਜੁੜੇ ਨਿੱਜੀ ਲੋਕਾਂ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼, ਪੰਜਾਬ-ਹਰਿਆਣਾ ਹਾਈਕੋਰਟ ਨੇ ਜਾਂਚ ਸੀਬੀਆਈ ਨੂੰ ਸੌਂਪੀ

ਸੀਐੱਮਓ ਤੇ ਮੁੱਖ ਮੰਤਰੀ ਦੇ ਓਐੱਸਡੀ ਖਿਲਾਫ਼ ਸੀਬੀਆਈ ਜਾਂਚ ਦੇ ਅਦਾਲਤੀ ਹੁਕਮਾਂ ਨਾਲ ਇਮਾਨਦਾਰੀ ਬੇਨਕਾਬ- ਕੇਵਲ ਸਿੰਘ ਢਿੱਲੋਂ

ਰਾਜਸਥਾਨ ਪੁਲਿਸ ਦੀ ਗੁਰੂ ਘਰ ਅੰਦਰ ਕਾਰਵਾਈ ਨੇ ਸਿੱਖ ਭਾਵਨਾ ਨੂੰ ਮਾਰੀ ਸੱਟ: ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸੂਬੇ ਭਰ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਲਈ ਪੁਖ਼ਤਾ ਪ੍ਰਬੰਧ: ਲਾਲ ਚੰਦ ਕਟਾਰੂਚੱਕ

ਪਿਕਟਸ ਅਧੀਨ ਠੇਕੇ 'ਤੇ ਕੰਮ ਕਰਦੇ ਨਾਨ-ਟੀਚਿੰਗ ਸਟਾਫ਼ ਦੀਆਂ ਸੇਵਾਵਾਂ ਕੀਤੀਆਂ ਜਾਣਗੀਆਂ ਰੈਗੂਲਰ

180 ਈ.ਟੀ.ਟੀ. ਅਧਿਆਪਕਾਂ ਨੂੰ ਜੂਨੀਅਰਾਂ ਦੇ ਮੁਕਾਬਲੇ ਤਨਖਾਹ ਅਸਮਾਨਤਾ ਤੋਂ ਮਿਲੇਗੀ ਰਾਹਤ: ਹਰਪਾਲ ਸਿੰਘ ਚੀਮਾ

ਹਰੇਕ ਮਾਂ ਤੇ ਭੈਣ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਦੀ ਬ੍ਰਾਂਡ ਅੰਬੈਸਡਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਇਸ ਸਾਲ ਫਿਰ ਤੋਂ ਦੇਸ਼ ਲਈ 180 ਲੱਖ ਮੀਟ੍ਰਿਕ ਟਨ ਚੌਲਾਂ ਦਾ ਰਿਕਾਰਡ ਯੋਗਦਾਨ ਪਾਉਣ ਲਈ ਤਿਆਰ-ਮੁੱਖ ਮੰਤਰੀ ਭਗਵੰਤ ਸਿੰਘ ਮਾਨ