ਨਵੀਂ ਦਿੱਲੀ - ਸ੍ਰੀ ਅਨੰਦਪੁਰ ਸਾਹਿਬ ਦੀ ਸਰਾਂ ਵਿਖੇ ਵਾਪਰੀ ਕਥਿਤ ਘਟਨਾ ’ਤੇ ਪੰਚ ਪ੍ਰਧਾਨੀ ਜਥੇ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਸ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਜਥੇ ਨੇ ਕਿਹਾ ਕਿ ਸਮੂਹਿਕ ਜ਼ਿੰਮੇਵਾਰੀ ਦੇ ਸਿਧਾਂਤ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਸਬੰਧਤ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਜਥੇ ਨੇ ਮੰਗ ਕੀਤੀ ਕਿ ਪੰਥ ਪ੍ਰਵਾਨਤ ਸ਼ਖ਼ਸੀਅਤਾਂ ਦੀ ਜਾਂਚ ਕਮੇਟੀ ਬਣਾ ਕੇ ਘਟਨਾ ਦੇ ਤੱਥਾਂ ਦੀ ਪੜਤਾਲ ਕੀਤੀ ਜਾਵੇ ਅਤੇ ਜਾਂਚ ਮੁਕੰਮਲ ਹੋਣ ਤੱਕ ਸਬੰਧਤ ਅਹੁਦੇਦਾਰਾਂ ਦੀ ਭੂਮਿਕਾ ਦੀ ਵੀ ਸਮੀਖਿਆ ਕੀਤੀ ਜਾਵੇ। ਭਾਈ ਨਰਾਇਣ ਸਿੰਘ ਚੋੜਾ ਅਤੇ ਭਾਈ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਨਿਯੁਕਤੀ ਨੂੰ ਲੈ ਕੇ ਪੰਥ ਵਿੱਚ ਗੰਭੀਰ ਸਵਾਲ ਮੌਜੂਦ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਕੌਮ ਦਾ ਵੱਡਾ ਹਿੱਸਾ ਗਿਆਨੀ ਗੜਗੱਜ ਨੂੰ ਪੰਥ ਵੱਲੋਂ ਪ੍ਰਵਾਨਤ ਜਥੇਦਾਰ ਵਜੋਂ ਨਹੀਂ ਮੰਨਦਾ, ਕਿਉਂਕਿ ਉਨ੍ਹਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਨੂੰ ਲੈ ਕੇ ਪੰਥਕ ਪੱਧਰ ’ਤੇ ਇਤਰਾਜ਼ ਹਨ। ਜਥੇ ਨੇ ਕਿਹਾ ਕਿ ਇਸੇ ਕਾਰਨ ਉਨ੍ਹਾਂ ਵੱਲੋਂ ਜਾਰੀ ਕੀਤੇ ਜਾ ਰਹੇ ਆਦੇਸ਼ਾਂ, ਸੰਦੇਸ਼ਾਂ ਅਤੇ ਹੁਕਮਨਾਮਿਆਂ ਦੀ ਪੰਥਕ ਪ੍ਰਵਾਨਗੀ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਨਾਲ ਹੀ ਜਥੇ ਨੇ ਸਾਰੀਆਂ ਧਿਰਾਂ ਨੂੰ ਅਪੀਲ ਕੀਤੀ ਕਿ ਮਾਮਲੇ ਨੂੰ ਨਿੱਜੀ ਵੈਰ-ਵਿਰੋਧ ਜਾਂ ਸੰਸਥਾਵਾਂ ਨੂੰ ਬਦਨਾਮ ਕਰਨ ਦਾ ਸਾਧਨ ਨਾ ਬਣਾਇਆ ਜਾਵੇ। ਪੰਥ ਸੇਵਕ ਭਾਈ ਦਲਜੀਤ ਸਿੰਘ, ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਭਾਈ ਸਤਨਾਮ ਸਿੰਘ ਝੰਜੀਆਂ ਨੇ ਕਿਹਾ ਕਿ ਮੌਜੂਦਾ ਹਾਲਾਤ ’ਤੇ ਪੰਥਕ ਪੱਧਰ ’ਤੇ ਗੰਭੀਰ ਵਿਚਾਰ-ਵਟਾਂਦਰੇ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਵਿੱਚ ਆਗੂ ਚੁਣਨ ਅਤੇ ਫ਼ੈਸਲੇ ਲੈਣ ਲਈ ਪੰਥਕ ਤਰੀਕਾਕਾਰ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਪੰਚ ਪ੍ਰਧਾਨੀ ਜਥੇ ਨੇ ਸ਼੍ਰੋਮਣੀ ਕਮੇਟੀ, ਹੋਰ ਸਿੱਖ ਸੰਸਥਾਵਾਂ, ਸੰਪਰਦਾਵਾਂ, ਜਥੇਬੰਦੀਆਂ, ਸਿੱਖ ਬੁੱਧੀਜੀਵੀਆਂ ਅਤੇ ਪੰਥਕ ਸ਼ਖ਼ਸੀਅਤਾਂ ਨੂੰ ਸਾਂਝੇ ਤੌਰ ’ਤੇ ਬੈਠ ਕੇ ਘਟਨਾ ਦੀ ਜਾਂਚ ਕਰਵਾਉਣ ਅਤੇ ਗੁਰਮਤਿ ਸਿਧਾਂਤਾਂ, ਪੰਥਕ ਰਵਾਇਤਾਂ ਤੇ ਪੰਚ ਪ੍ਰਧਾਨੀ ਸਿਧਾਂਤ ਅਨੁਸਾਰ ਹੱਲ ਤਲਾਸ਼ਣ ਦੀ ਅਪੀਲ ਕੀਤੀ।