ਚੰਡੀਗੜ੍ਹ- ਸ਼ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਇਕ ਵਫਦ ਨੇ ਅੱਜ ਚੰਡੀਗੜ੍ਹ ਪੁਲਿਸ ਹੈੱਡਕੁਆਰਟਰ ਵਿੱਚ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ਼੍ਰੀ ਗੌਰਵ ਯਾਦਵ ਨਾਲ ਮੁਲਾਕਾਤ ਕੀਤੀ। ਇਸ ਵਫਦ ਨੇ ਐਫ.ਆਈ.ਆਰ. ਨੰਬਰ 0149 ਮਿਤੀ 21.08.2026, ਜੋ ਕਿ ਪੁਲਿਸ ਸਟੇਸ਼ਨ ਅਨੰਦਪੁਰ ਸਾਹਿਬ ਵਿੱਚ ਦਰਜ ਹੈ, ਦੀ ਜਾਂਚ ਦਾ ਘੇਰਾ ਤੁਰੰਤ ਵਧਾਉਣ ਦੀ ਮੰਗ ਕੀਤੀ। ਵਫਦ ਦੇ ਆਗੂ ਸ ਗੁਰਜੀਤ ਸਿੰਘ ਤਲਵੰਡੀ ਨੇ ਕਿਹਾ ਕਿਉਂਕਿ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 2 ਦਸੰਬਰ 2024 ਨੂੰ ਜਾਰੀ ਹੋਏ ਹੁਕਮਨਾਮਿਆ ਤੋਂ ਬਾਅਦ ਸਿੰਘ ਸਾਹਿਬਾਨ ਦੀ ਸਾਖ 'ਤੇ ਹਮਲਾ ਕਰਨ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕਥਿਤ ਵਿਆਪਕ ਸਾਜ਼ਿਸ਼ ਨਾਲ ਜੁੜਿਆ ਹੋਇਆ ਹੈ। ਅਤੇ ਇਹਨਾਂ ਹੁਕਮਨਾਮਿਆ ਨੂੰ ਲਾਗੂ ਕਰਵਾਉਣ ਵਾਲੀ ਸੰਸਥਾ ਐਸ ਜੀ ਪੀ ਸੀ ਵੱਲ ਇਸ ਸਾਜਿਸ਼ ਦੀ ਉਂਗਲ ਉਠ ਰਹੀ ਹੈ। ਇਸ ਲਈ ਇਸ ਦੀ ਜਾਂਚ ਦਾ ਦਾਇਰਾ ਵੀ ਏਨਾ ਹੀ ਵਿਆਪਕ ਹੋਣਾ ਚਾਹੀਦਾ ਹੈ ਕਿ ਸਾਰੀਆਂ ਪਰਤਾਂ ਤੋਂ ਪਰਦਾ ਚੁੱਕਿਆ ਜਾ ਸਕੇ। ਸ ਤਲਵੰਡੀ ਨੇ ਕਿਹਾ ਕਿ ਨਵੇਂ ਵੀਡੀਓ ਸਬੂਤਾਂ ਵਿੱਚ ਪੀੜਤਾ ਨੇ ਖੁਲਾਸਾ ਕੀਤਾ ਹੈ ਕਿ ਉਸਨੂੰ "ਇੱਕ ਮਿਸ਼ਨ ਤਹਿਤ ਭਾਰਤ ਲਿਆਂਦਾ ਗਿਆ ਸੀ ਅਤੇ ਉਦੇਸ਼ ਪੂਰਾ ਕਰਨ ਲਈ ਪੈਸੇ ਦਾ ਵਾਅਦਾ ਕੀਤਾ ਗਿਆ ਸੀ"। ਇਹ ਇਲਜ਼ਾਮ ਸਾਜ਼ਿਸ਼ਕਾਰਾਂ ਦੀ ਭੂਮਿਕਾ ਨੂੰ ਬੇਨਕਾਬ ਕਰਦੇ ਹਨ ਅਤੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਵਿੱਚ ਗੰਭੀਰ ਚਿੰਤਾ ਪੈਦਾ ਕਰਦੇ ਹਨ। ਇਸ ਲਈ ਅਸੀਂ ਮੰਗ ਕਰਦੇ ਹਾਂ ਕਿ:
- ਸਾਰੇ ਇਲੈਕਟ੍ਰਾਨਿਕ ਅਤੇ ਦਸਤਾਵੇਜ਼ੀ ਸਬੂਤਾਂ (ਸੀਸੀਟੀਵੀ ਫੁਟੇਜ, ਕਾਲ ਡਿਟੇਲ ਰਿਕਾਰਡ, ਡਿਜੀਟਲ ਸੰਚਾਰ, ਵਿਜ਼ਟਰ ਰਜਿਸਟਰ ਆਦਿ) ਨੂੰ ਤੁਰੰਤ ਜ਼ਬਤ ਕਰਕੇ ਫੋਰੈਂਸਿਕ ਜਾਂਚ ਦਾ ਹਿੱਸਾ ਬਣਾਇਆ ਜਾਵੇ।
ਘਟਨਾਵਾਂ ਦੇ ਪੂਰੇ ਕਾਲਕ੍ਰਮ ਦਾ ਪੁਨਰ ਨਿਰਮਾਣ ਕਰਕੇ ਮੁੱਖ ਸਾਜ਼ਿਸ਼ਕਾਰਾਂ, ਮਾਸਟਰਮਾਈਂਡਾਂ, ਵਿੱਤਦਾਤਾਵਾਂ ਅਤੇ ਲਾਭਪਾਤਰੀਆਂ ਦੀ ਪਛਾਣ ਕੀਤੀ ਜਾਵੇ। ਸੋਸ਼ਲ ਮੀਡੀਆ 'ਤੇ ਚਲਾਈ ਗਈ ਕਥਿਤ ਤਾਲਮੇਲ ਮੁਹਿੰਮ, ਜਿਸ ਵਿੱਚ ਬਦਨਾਮੀ ਅਤੇ ਧਮਕੀ ਭਰੀ ਸਮੱਗਰੀ ਸ਼ਾਮਲ ਸੀ, ਦੀ ਵੀ ਸੁਤੰਤਰ ਜਾਂਚ ਕੀਤੀ ਜਾਵੇ।ਜਾਂਚ ਵਿੱਚ ਆਈ.ਟੀ. ਐਕਟ 79A, BNSS 176(3), BNS 299, BNS 298, BNS 61(2), BNS 61(1) ਦੀਆਂ ਧਾਰਾਵਾਂ ਨੂੰ ਸ਼ਾਮਲ ਕੀਤਾ ਜਾਵੇ।
ਸ ਤਲਵੰਡੀ ਨੇ ਕਿਹਾ ਕਿ ਇਹ ਮਾਮਲਾ ਸ੍ਰੀ ਅਕਾਲ ਤਖਤ ਤੋਂ ਆਦੇਸ਼ ਜਾਰੀ ਕਰਨ ਵਾਲੀ ਸਿੱਖ ਧਾਰਮਿਕ ਲੀਡਰਸ਼ਿਪ ਦੀ ਸਾਖ ਨਾਲ ਜੁੜਿਆ ਹੋਇਆ ਹੈ ਅਤੇ ਇਸਦੀ ਗੰਭੀਰਤਾ ਨੂੰ ਦੇਖਦੇ ਹੋਏ ਅਸੀਂ ਉਚ ਪੱਧਰ ਦੀ ਨਿਗਰਾਨੀ ਹੇਠ ਵਿਆਪਕ ਜਾਂਚ ਦੀ ਮੰਗ ਕਰਦੇ ਹਾਂ। ਅੱਜ ਦੇ ਇਸ ਵਫ਼ਦ ਵਿੱਚ ਸ. ਗੁਰਜੀਤ ਸਿੰਘ ਤਲਵੰਡੀ (ਯੂਥ ਪ੍ਰਧਾਨ) ਤੋਂ ਇਲਾਵਾ ਐਡਵੋਕੇਟ ਬਲਬੀਰ ਸਿੰਘ ਸੇਵਕ, ਮੀਡੀਆ ਇੰਚਾਰਜ ਤੇਜਿੰਦਰ ਸਿੰਘ ਪੰਨੂ, ਸ ਅਮਰਿੰਦਰ ਸਿੰਘ ਬੰਨੀ ਬਰਾੜ ਅਤੇ ਸ ਜਗਜੀਤ ਸਿੰਘ ਸ਼ਾਮਲ ਸਨ।