ਅੰਮ੍ਰਿਤਸਰ-ਖਾਲਸਾ ਯੂਨੀਵਰਸਿਟੀ ਦੇ ਨਵੇਂ ਅਕਾਦਮਿਕ ਸੈਸ਼ਨ ਦੀ ਆਰੰਭਤਾ ਮੌਕੇ ਕਾਲਜ ਕੈੰਪਸ ਸਥਿਤ ਗੁਰੂਦੁਆਰਾ ਸਾਹਿਬ ਵਿਖ਼ੇ ਧਾਰਮਿਕ ਸਮਾਗਮ ਅਰਦਾਸ ਦਿਵਸ ਕਰਵਾਇਆ ਗਿਆ। ਸਮਾਗਮ ਦੌਰਾਨ ਗੁਰੂ ਸਾਹਿਬ ਅੱਗੇ ਸਰਬੱਤ ਦੇ ਭਲੇ, ਵਿਦਿਆਰਥੀਆਂ ਦੀ ਤਰੱਕੀ ਅਤੇ ਯੂਨੀਵਰਸਿਟੀ ਦੀਆਂ ਅਕਾਦਮਿਕ ਤੇ ਸਮਾਜਿਕ ਗਤੀਵਿਧੀਆਂ ਦੀ ਸਫਲਤਾ ਲਈ ਅਰਦਾਸ ਕੀਤੀ ਗਈ। ਜਿਸ ਚ ਖਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ. ਰਜਿੰਦਰ ਮੋਹਨ ਸਿੰਘ ਛੀਨਾ ਨੇ ਉਚੇਚੇ ਤੌਰ ਤੇ ਗੁਰੁ ਚਰਨਾਂ ਵਿਚ ਹਾਜ਼ਰੀ ਲਗਵਾਈ।
ਇਸ ਮੌਕੇ ਸੰਬੋਧਨ ਕਰਦਿਆਂ ਸ. ਛੀਨਾ ਨੇ ਨਵੇਂ ਸੈਸ਼ਨ ਲਈ ਸਮੂਹ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਡਿਗਰੀਆਂ ਪ੍ਰਦਾਨ ਕਰਨਾ ਨਹੀਂ, ਸਗੋਂ ਉਨ੍ਹਾਂ ਨੂੰ ਗਿਆਨਵਾਨ, ਹੁਨਰਮੰਦ, ਅਨੁਸ਼ਾਸਿਤ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਮੁਕਾਬਲੇ ਭਰੇ ਯੁੱਗ ਵਿੱਚ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਅਤੇ ਸਮਰੱਥਾ ਨੂੰ ਪਛਾਣ ਕੇ ਨਿਰੰਤਰ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਤਸਾਹਿਤ ਕਰਦਿਆਂ ਕਿਹਾ ਕਿ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਖੋਜ, ਤਕਨਾਲੋਜੀ, ਸੱਭਿਆਚਾਰ, ਕਲਾ ਅਤੇ ਹੋਰ ਖੇਤਰਾਂ ਵਿੱਚ ਵੀ ਸਰਗਰਮ ਭੂਮਿਕਾ ਨਿਭਾਉਣ।
ਸ. ਛੀਨਾ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਵਿਸ਼ਵ ਪੱਧਰ ’ਤੇ ਆਪਣੀ ਪਛਾਣ ਬਣਾਉਣ ਦੀ ਪੂਰੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੀ ਪੜ੍ਹਾਈ ਵਿੱਚ ਵਧੀਆ ਪ੍ਰਤੀਸ਼ਤ ਹਾਸਲ ਕਰਨ ਦੇ ਨਾਲ-ਨਾਲ ਅਜਿਹੇ ਹੁਨਰ ਵਿਕਸਿਤ ਕਰਨ, ਜੋ ਉਨ੍ਹਾਂ ਨੂੰ ਰਾਸ਼ਟਰੀ ਅਤੇ ਗਲੋਬਲ ਪੱਧਰ ’ਤੇ ਮੁਕਾਬਲਾ ਕਰਨ ਦੇ ਯੋਗ ਬਣਾਉਣ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮੇਂ ਦੀ ਕਦਰ ਕਰਨ, ਆਪਣੇ ਟੀਚੇ ਨਿਰਧਾਰਤ ਕਰਨ ਅਤੇ ਉਨ੍ਹਾਂ ਦੀ ਪ੍ਰਾਪਤੀ ਲਈ ਪੂਰੀ ਇਮਾਨਦਾਰੀ ਤੇ ਲਗਨ ਨਾਲ ਯਤਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਵਿਦਿਆਰਥੀ ਆਪਣੇ ਜੀਵਨ ਵਿੱਚ ਉੱਚੇ ਆਦਰਸ਼ ਅਪਣਾਉਣ ਅਤੇ ਸਮਾਜ ਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ।
ਉਨ੍ਹਾਂ ਕਿਹਾ ਕਿ ਨਵਾਂ ਅਕਾਦਮਿਕ ਸੈਸ਼ਨ ਵਿਦਿਆਰਥੀਆਂ ਲਈ ਨਵੀਆਂ ਉਮੀਦਾਂ, ਨਵੇਂ ਟੀਚਿਆਂ ਅਤੇ ਨਵੀਆਂ ਪ੍ਰਾਪਤੀਆਂ ਦਾ ਆਗਾਜ਼ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਯੂਨੀਵਰਸਿਟੀ ਵੱਲੋਂ ਉਨ੍ਹਾਂ ਨੂੰ ਗੁਣਵੱਤਾ ਭਰਪੂਰ ਸਿੱਖਿਆ, ਆਧੁਨਿਕ ਸਹੂਲਤਾਂ ਅਤੇ ਆਪਣੇ ਹੁਨਰ ਨਿਖਾਰਨ ਲਈ ਢੁੱਕਵੇਂ ਮੌਕੇ ਪ੍ਰਦਾਨ ਕੀਤੇ ਜਾਣਗੇ।
ਇਸ ਮੌਕੇ ਉਪ-ਕੁਲਪਤੀ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੀ ਵਧਾਈ ਦਿੰਦਿਆਂ ਕਿਹਾ ਕਿ ਸਿੱਖਿਆ ਮਨੁੱਖ ਦੇ ਜੀਵਨ ਨੂੰ ਸਹੀ ਦਿਸ਼ਾ ਦੇਣ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੇ ਅਧਿਐਨ ਨੂੰ ਸਿਰਫ਼ ਪ੍ਰੀਖਿਆਵਾਂ ਤੱਕ ਸੀਮਤ ਨਾ ਰੱਖਣ, ਸਗੋਂ ਗਿਆਨ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ। ਉਨ੍ਹਾਂ ਵਿਦਿਆਰਥੀਆਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਹਰ ਵਿਦਿਆਰਥੀ ਵਿੱਚ ਕੋਈ ਨਾ ਕੋਈ ਵਿਸ਼ੇਸ਼ ਪ੍ਰਤਿਭਾ ਹੁੰਦੀ ਹੈ ਅਤੇ ਲੋੜ ਸਿਰਫ਼ ਉਸ ਨੂੰ ਪਛਾਣ ਕੇ ਸਹੀ ਦਿਸ਼ਾ ਵਿੱਚ ਵਿਕਸਿਤ ਕਰਨ ਦੀ ਹੈ।
ਇਸ ਮੌਕੇ ਡਾ. ਮਹਿਲ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਟੀਚੇ ਉੱਚੇ ਰੱਖਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਪ੍ਰਾਪਤੀ ਲਈ ਨਿਰੰਤਰ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਫਲਤਾ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ। ਸਮੇਂ ਦੀ ਪਾਬੰਦੀ, ਅਨੁਸ਼ਾਸਨ, ਮਿਹਨਤ, ਸਬਰ ਅਤੇ ਲਗਨ ਹੀ ਸਫਲਤਾ ਦੀਆਂ ਕੁੰਜੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਧਿਆਪਕਾਂ ਤੋਂ ਮਾਰਗਦਰਸ਼ਨ ਲੈਣ, ਕਲਾਸਾਂ ਵਿੱਚ ਨਿਯਮਿਤ ਹਾਜ਼ਰੀ ਯਕੀਨੀ ਬਣਾਉਣ ਅਤੇ ਆਪਣੀ ਪੜ੍ਹਾਈ ਪ੍ਰਤੀ ਪੂਰੀ ਗੰਭੀਰਤਾ ਦਿਖਾਉਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਇੱਥੇ ਵਿਦਿਆਰਥੀਆਂ ਨੂੰ ਅਕਾਦਮਿਕ ਗਿਆਨ ਦੇ ਨਾਲ ਨੈਤਿਕ ਕਦਰਾਂ-ਕੀਮਤਾਂ, ਸੱਭਿਆਚਾਰਕ ਚੇਤਨਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨਾਲ ਜੋੜਨ ਲਈ ਵੀ ਯਤਨ ਕੀਤੇ ਜਾਂਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਨਵੇਂ ਸੈਸ਼ਨ ਦੌਰਾਨ ਵਿਦਿਆਰਥੀ ਨਵੀਂ ਊਰਜਾ ਅਤੇ ਉਤਸ਼ਾਹ ਨਾਲ ਆਪਣੀ ਪੜ੍ਹਾਈ ਕਰਨਗੇ ਅਤੇ ਯੂਨੀਵਰਸਿਟੀ, ਆਪਣੇ ਮਾਪਿਆਂ ਅਤੇ ਸਮਾਜ ਦਾ ਨਾਮ ਰੌਸ਼ਨ ਕਰਨਗੇ।
ਇਸ ਮੌਕੇ ਧਰਮ ਅਧਿਐਨ ਵਿਭਾਗ ਦੇ ਮੁਖੀ ਅਤੇ ਡੀਨ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਕਿਹਾ ਕਿ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਨਾਲ ਕਰਨਾ ਸਾਡੇ ਲਈ ਆਤਮਿਕ ਤੌਰ ’ਤੇ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਮਿਹਨਤ, ਇਮਾਨਦਾਰੀ, ਨਿਮਰਤਾ ਅਤੇ ਅਨੁਸ਼ਾਸਨ ਨਾਲ ਆਪਣੇ ਜੀਵਨ ਦੇ ਟੀਚੇ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨਵੇਂ ਸੈਸ਼ਨ ਲਈ ਸਮੂਹ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੀ ਚੜ੍ਹਦੀ ਕਲਾ ਅਤੇ ਸਫਲਤਾ ਲਈ ਅਰਦਾਸ ਕੀਤੀ।
ਸਮਾਗਮ ਦੇ ਅੰਤ ਵਿੱਚ ਵਿਦਿਆਰਥੀਆਂ ਦੀ ਚੜ੍ਹਦੀ ਕਲਾ, ਚੰਗੇ ਭਵਿੱਖ ਅਤੇ ਯੂਨੀਵਰਸਿਟੀ ਦੀ ਤਰੱਕੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ, ਰਿਸਰਚ ਡੀਨ ਡਾ. ਆਰ ਕੇ ਧਵਨ, ਐਗਜ਼ਾਮੀਨੇਸ਼ਨ ਕੰਟਰੋਲਰ ਡੀਨ ਡਾ. ਕੰਵਲਜੀਤ ਸਿੰਘ, ਸਕੂਲ ਆਫ ਲਾਅ ਡੀਨ ਡਾ. ਜਸਪਾਲ ਸਿੰਘ, ਵਧੀਕ ਆਨਰੇਰੀ ਸਕੱਤਰ ਸ. ਦਲਬੀਰ ਸਿੰਘ ਘੁੰਮਣ, ਜੁਆਇੰਟ ਸਕੱਤਰ ਸ.ਅਜਮੇਰ ਸਿੰਘ ਹੇਰ, ਸਿੰਘ. ਸ. ਲਖਵਿੰਦਰ ਸਿੰਘ ਢਿੱਲੋਂ, ਪਰਮਜੀਤ ਸਿੰਘ ਬੱਲ, ਗੁਰਪ੍ਰੀਤ ਸਿੰਘ ਗਿੱਲ, ਖਾਲਸਾ ਕਾਲਜ ਚਵਿੰਡਾ ਦੇਵੀ ਦੇ ਪ੍ਰਿੰਸੀਪਲ ਸ. ਗੁਰਦੇਵ ਸਿੰਘ, ਅਧਿਆਪਕ, ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।