ਨਵੀਂ ਦਿੱਲੀ - ਦਿੱਲੀ ਦੇ ਜਮਨਾਪਾਰ ਇਲਾਕੇ ਦੇ ਗੀਤਾ ਕਲੋਨੀ ਵਿਖੇ ਬੀਤੀ ਰਾਤ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 44 ਤੋਂ ਸੰਭਾਵਿਤ ਚੋਣ ਉਮੀਦਵਾਰ ਸਰਦਾਰ ਕੁਲਵਿੰਦਰ ਸਿੰਘ ਦੇ ਹੱਕ ਵਿੱਚ ਹੋਏ ਵਿਸ਼ਾਲ ਇਕੱਠ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਇਸ ਵੱਡੇ ਇੱਕੱਠ ਦੌਰਾਨ ਆਗੂਆਂ ਨੇ ਦਿੱਲੀ ਕਮੇਟੀ ਦੀ ਮੌਜੂਦਾ ਕਾਰਜਸ਼ੈਲੀ ਨੂੰ ਲੈ ਕੇ ਤਿੱਖੇ ਹਮਲੇ ਕੀਤੇ ਅਤੇ ਪ੍ਰਬੰਧਕਾਂ ਨੂੰ ਘੇਰਦਿਆਂ ਸਵਾਲਾਂ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ। ਇਸ ਮੌਕੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਗੁਰਦੁਆਰਾ ਬੰਗਲਾ ਸਾਹਿਬ ਮਾਮਲੇ ਨੂੰ ਲੈ ਕੇ ਪ੍ਰਬੰਧਕਾਂ 'ਤੇ ਗਰਮਾ-ਗਰਮ ਪ੍ਰਹਾਰ ਕਰਦਿਆਂ ਆਖਿਆ ਕਿ ਮੌਜੂਦਾ ਪ੍ਰਬੰਧਕਾਂ ਦੀ ਮਾਨਸਿਕਤਾ ਪੰਥ ਵਿਰੋਧੀ ਹੋ ਚੁੱਕੀ ਹੈ। ਉਨ੍ਹਾਂ ਸਖ਼ਤ ਲਹਿਜੇ ਵਿੱਚ ਸਵਾਲ ਕੀਤਾ ਕਿ ਇਹ ਕਿਹੋ ਜਿਹਾ ਨਿਆਂ ਹੈ ਕਿ ਗੁਰੂ ਘਰ ਮੱਥਾ ਟੇਕਣ ਅਤੇ ਲੰਗਰ ਛਕਣ ਆਉਣ ਵਾਲੇ ਲੋਕਾਂ ਨੂੰ 'ਕ੍ਰਿਮੀਨਲ ਟ੍ਰੈਸਪਾਸਰ' ਯਾਨੀ ਅਪਰਾਧੀ ਗਰਦਾਨਿਆ ਜਾ ਰਿਹਾ ਹੈ? ਕੀ ਗੁਰੂ ਘਰ ਆਉਣ ਵਾਲਾ ਹਰ ਸ਼ਖ਼ਸ ਅਪਰਾਧੀ ਹੈ? ਉਨ੍ਹਾਂ ਕਿਹਾ ਕਿ ਕਮੇਟੀ ਅਧੀਨ ਚੱਲ ਰਹੇ ਸਕੂਲ ਅਤੇ ਕਾਲਜ ਤਬਾਹੀ ਦੇ ਕੰਢੇ ਪਹੁੰਚ ਚੁੱਕੇ ਹਨ, ਤਿੰਨ ਕਾਲਜ ਬੰਦ ਹੋ ਚੁੱਕੇ ਹਨ ਅਤੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਹੁਣ ਸਮਾਂ ਆ ਗਿਆ ਹੈ ਕਿ ਮੌਜੂਦਾ ਨਿਜ਼ਾਮ ਤੋਂ ਖਹਿੜਾ ਛੁਡਾ ਕੇ ਪੰਥਕ ਸਰਮਾਏ ਨੂੰ ਬਚਾਇਆ ਜਾਵੇ ਅਤੇ ਸਰਦਾਰ ਕੁਲਵਿੰਦਰ ਸਿੰਘ ਵਰਗੇ ਸੂਝਵਾਨ ਤੇ ਦੂਰਅੰਦੇਸ਼ ਆਗੂਆਂ ਨੂੰ ਮੋਹਰੀ ਹੋ ਕੇ ਅੱਗੇ ਲਿਆਂਦਾ ਜਾਵੇ। ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਸਾਬਕਾ ਚੇਅਰਮੈਨ ਰਹੇ ਸਰਦਾਰ ਕੁਲਵਿੰਦਰ ਸਿੰਘ, ਜਿਨ੍ਹਾਂ ਨੇ ਮੌਜੂਦਾ ਕਮੇਟੀ ਪ੍ਰਬੰਧਕਾਂ ਦੀਆਂ ਧੱਕੇਸ਼ਾਹੀਆਂ ਅਤੇ ਆਪਹੁਦਰੀਆਂ ਤੋਂ ਤੰਗ ਆ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਹੈ, ਨੇ ਇਸ ਭਾਰੀ ਇਕੱਠ ਵਿੱਚ ਪਹੁੰਚੀਆਂ ਸੰਗਤਾਂ ਅਤੇ ਇਲਾਕੇ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਗਤ ਦਾ ਇਹ ਭਾਰੀ ਉਤਸ਼ਾਹ ਮੌਜੂਦਾ ਦਿੱਲੀ ਕਮੇਟੀ ਪ੍ਰਬੰਧਕਾਂ ਦੇ ਤਾਬੂਤ ਵਿੱਚ ਆਖਰੀ ਕਿੱਲ ਸਾਬਤ ਹੋਵੇਗਾ ਅਤੇ ਪੰਥਕ ਵਿਰੋਧੀ ਤਾਕਤਾਂ ਨੂੰ ਮੂੰਹ ਦੀ ਖਾਣੀ ਪਵੇਗੀ। ਇਸ ਮੌਕੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਨੇ ਵੀ ਪ੍ਰਬੰਧਕਾਂ ਨੂੰ ਆੜ੍ਹੇ ਹੱਥੀਂ ਲੈਂਦਿਆਂ ਆਪਣੇ ਪਿਤਾ ਜਥੇਦਾਰ ਸੰਤੋਖ ਸਿੰਘ ਵੱਲੋਂ ਪੰਥ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕਰਵਾਇਆ ਅਤੇ ਕਿਹਾ ਕਿ ਵੱਡੀਆਂ ਜਦੋ-ਜਹਿਦਾਂ ਤੇ ਸਰਕਾਰਾਂ ਨਾਲ ਟੱਕਰ ਲੈ ਕੇ ਇਹ ਪੰਥਕ ਸਰਮਾਇਆ ਹੋਂਦ ਵਿੱਚ ਆਇਆ ਸੀ, ਜਿਸ ਨੂੰ ਅੱਜ ਮੌਜੂਦਾ ਨਲਾਇਕ ਪ੍ਰਬੰਧਕ ਆਪਣੇ ਨਿੱਜੀ ਹਿੱਤਾਂ ਲਈ ਬਰਬਾਦ ਕਰ ਰਹੇ ਹਨ। ਸਮਾਗਮ ਦੌਰਾਨ ਕਮੇਟੀ ਮੈਂਬਰ ਤਜਿੰਦਰ ਸਿੰਘ ਗੋਪਾ, ਪਰਮਜੀਤ ਸਿੰਘ ਖੁਰਾਣਾ, ਸਤਨਾਮ ਸਿੰਘ ਖੀਵਾ ਅਤੇ ਐਸਜੀਪੀਸੀ ਸਿੱਖ ਮਿਸ਼ਨ ਦੇ ਭਾਈ ਜਸਵਿੰਦਰ ਸਿੰਘ ਲੌਂਗੋਵਾਲ ਸਮੇਤ ਵੱਡੀ ਗਿਣਤੀ ਵਿੱਚ ਪੰਥਕ ਆਗੂ ਅਤੇ ਸੰਗਤਾਂ ਹਾਜ਼ਰ ਸਨ।