ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦ ਕਰਵਾਉਣ ਲਈ ਕੇਂਦਰ ਸਰਕਾਰ ’ਤੇ ਦਬਾਅ ਬਣਾਉਣ ਦੇ ਬਿਆਨ ’ਤੇ ਸਰਦਾਰ ਸੰਤ ਮੀਤ ਸਿੰਘ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਦੂਜਿਆਂ ਦੇ ਘਰ ਦੀ ਚਿੰਤਾ ਕਰਨ ਤੋਂ ਪਹਿਲਾਂ ਕਾਲਕਾ-ਕਾਹਲੋਂ ਆਪਣੇ ਘਰ ਦਾ ਹਿਸਾਬ ਦੇਣ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੀਆਂ ਚੋਣਾਂ ਲੰਮੇ ਸਮੇਂ ਤੋਂ ਨਾ ਕਰਵਾਏ ਜਾਣ ਦੇ ਬਾਵਜੂਦ ਅਹੁਦਿਆਂ ’ਤੇ ਬਣੇ ਰਹਿਣ ਵਾਲੇ ਆਗੂ ਜੇਕਰ ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਦੁਹਾਈ ਦੇ ਰਹੇ ਹਨ ਤਾਂ ਇਹ ਸਿੱਖ ਸੰਗਤ ਨਾਲ ਵੱਡਾ ਵਿਰੋਧਾਭਾਸ ਹੈ। ਜੇਕਰ ਚੋਣਾਂ ਅਤੇ ਲੋਕਤੰਤਰ ਇੰਨੇ ਹੀ ਜ਼ਰੂਰੀ ਹਨ ਤਾਂ ਸਭ ਤੋਂ ਪਹਿਲਾਂ ਦਿੱਲੀ ਕਮੇਟੀ ਦੀਆਂ ਲਟਕੀਆਂ ਚੋਣਾਂ ਕਰਵਾਓ ਅਤੇ ਸੰਗਤ ਨੂੰ ਜਵਾਬ ਦਿਓ ਕਿ ਚੋਣਾਂ ਵਿੱਚ ਦੇਰੀ ਕਿਉਂ ਹੋ ਰਹੀ ਹੈ। ਸਰਦਾਰ ਸੰਤ ਮੀਤ ਸਿੰਘ ਨੇ ਕਿਹਾ ਕਿ ਕਾਲਕਾ-ਕਾਹਲੋਂ ਪੰਜਾਬ ਦੇ ਮਸਲਿਆਂ ’ਤੇ ਬਿਆਨਬਾਜ਼ੀ ਕਰਨ ਦੀ ਬਜਾਏ ਬੰਦੀ ਸਿੰਘਾਂ, ਦਿੱਲੀ ਕਮੇਟੀ ਦੇ ਸਕੂਲਾਂ ਅਤੇ ਆਪਣੇ ਪ੍ਰਬੰਧ ਨਾਲ ਜੁੜੇ ਹੋਰ ਮਸਲਿਆਂ ਦਾ ਜਵਾਬ ਦੇਣ। ਉਨ੍ਹਾਂ ਤਿੱਖੇ ਲਹਿਜ਼ੇ ਵਿੱਚ ਕਿਹਾ, “ਦਿੱਲੀ ਕਮੇਟੀ ਦੀਆਂ ਚੋਣਾਂ ਤੋਂ ਭੱਜ ਕੇ ਸਿੱਖ ਕੌਮ ਨੂੰ ਲੋਕਤੰਤਰ ਦਾ ਪਾਠ ਪੜ੍ਹਾਉਣਾ ਦੋਗਲਾਪਣ ਤੋਂ ਵੱਧ ਕੁਝ ਨਹੀਂ। ਪਹਿਲਾਂ ਆਪਣੇ ਘਰ ਦੀ ਅੱਗ ਬੁਝਾਓ, ਫਿਰ ਦੂਜਿਆਂ ਦੇ ਘਰਾਂ ਦੀ ਚਿੰਤਾ ਕਰੋ।” ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਦੀ ਮਜ਼ਬੂਤੀ ਬਿਆਨਾਂ ਨਾਲ ਨਹੀਂ, ਸਗੋਂ ਸਮੇਂ ਸਿਰ ਚੋਣਾਂ, ਪਾਰਦਰਸ਼ੀ ਪ੍ਰਬੰਧ ਅਤੇ ਸੰਗਤ ਪ੍ਰਤੀ ਜਵਾਬਦੇਹੀ ਨਾਲ ਹੁੰਦੀ ਹੈ। “ਪਹਿਲਾਂ ਦਿੱਲੀ ਦੀ ਸੰਗਤ ਨੂੰ ਹਿਸਾਬ ਦਿਓ, ਆਪਣੀਆਂ ਚੋਣਾਂ ਕਰਵਾਓ, ਫਿਰ ਪੰਜਾਬ ਅਤੇ ਸ਼੍ਰੋਮਣੀ ਕਮੇਟੀ ਦੀ ਚਿੰਤਾ ਕਰਿਓ, ” ਸੰਤ ਮੀਤ ਸਿੰਘ ਨੇ ਕਿਹਾ।