ਅੰੰਮ੍ਰਿਤਸਰ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਲਦ ਹੀ ਆਹਮੋ ਸਾਹਮਣੇ ਹੋਣਗੇ। ਇਹ ਸੰਭਾਵੀ ਮੁਲਾਕਾਤ ਜਥੇਦਾਰ ਗੜਗੱਜ ਦੀ ਵਿਦੇਸ਼ ਫੇਰੀ ਤੋ ਬਾਅਦ ਅਤੇ ਨਵੰਬਰ ਦੇ ਪਹਿਲੇ ਹਫਤੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਹੋਣ ਦੀਆਂ ਸੰਭਾਵਨਾਵਾਂ ਹਨ। ਇਸ ਮੀਟਿੰਗ ਵਿਚ ਜਥੇਦਾਰ ਮਿਲ ਕੇ ਉਸ ਚਿਠੀ ਤੇ ਚਰਚਾ ਕਰਨਗੇ ਜਿਹੜੀ ਚਿੱਠੀ ਗਿਆਨੀ ਹਰਪੀਤ ਸਿੰਘ ਨੇ 1 ਅਕਤੂਬਰ ਨੂੰ ਗਿਆਨੀ ਗੜਗੱਜ ਨੂੰ ਲਿਖੀ ਸੀ। ਦਰਅਸਲ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲ ਇਕ ਪੱਤਰ ਭੇਜ਼ ਕੇ ਜਥੇਦਾਰ ਗੜਗੱਜ ਦੀ ਕਾਰਜਸ਼ੈਲੀ ਤੇ ਪ੍ਰਸ਼ਨਚਿੰਨ ਲਗਾਏ ਸਨ ਜਿਸ ਤੋ ਬਾਅਦ ਇਸ ਮੀਟਿੰਗ ਦਾ ਬਾਣਨੂੰ ਬਝਾ। ਆਪਣੇ ਪੱਤਰ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਜੇਕਰ ਮਰਿਆਦਾ ਜਾਂ ਸਿੱਖ ਪਰੰਪਰਾ ਦੀ ਸਮਝ ਨਾ ਲੱਗੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਹੁਕਮ ਜਾਰੀ ਕਰਨ ਤੋਂ ਪਹਿਲਾਂ ਗੁਰਸਿੱਖ ਵਿਦਵਾਨਾਂ ਨਾਲ ਚਰਚਾ ਕਰਨੀ ਜ਼ਰੂਰੀ ਹੁੰਦੀ ਹੈ ਜਾਂ ਘੱਟੋ-ਘੱਟ ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਾਹਿਬ ਨਾਲ ਜਾਂ ਸਿੰਘ ਸਾਹਿਬਾਨ ਪਾਸ ਜਾ ਕੇ ਸਲਾਹ ਲੈਣ ਨਾਲ ਸ਼ਾਨ ਘੱਟਦੀ ਨਹੀਂ ਸਗੋਂ ਵਧਦੀ ਹੈ।ਤੁਹਾਡੇ ਤੋਂ ਪਹਿਲਾਂ ਵਾਲੇ ਜਥੇਦਾਰ ਸਾਹਿਬਾਨ ਇਹ ਨਿਯਮ ਪਾਲਦੇ ਰਹੇ ਹਨ। ਕਿਸੇ ਪੰਥਕ ਰਹੁਰੀਤਾਂ ਦੇ ਜਾਣਕਾਰ ਬੁੱਧੀਜੀਵੀ ਸਿੱਖ ਵਿਦਵਾਨ ਪਾਸੋਂ ਵਿਧੀ ਵਿਧਾਨ, ਇਤਿਹਾਸ ਤੇ ਸਿੱਖ ਅਤੇ ਮਰਿਆਦਾ ਬਾਰੇ ਜਾਣਕਾਰੀ ਲੈਣਾ ਮੁਨਾਸਿਬ ਨਹੀਂ ਸਮਝਿਆ।ਇਤਿਹਾਸ ਗਵਾਹ ਹੈ ਕਿ ਰਾਇ ਮਸਲਿਆਂ ਤੋਂ ਬਿਨਾਂ ਕਿਸੇ ਵਿਸ਼ੇਸ਼ ਦੀਆਂ ਸਿਆਸੀ ਇੱਛਾਵਾਂ ਦੀ ਪੂਰਤੀ ਲਈ ਕੀਤੇ ਫ਼ੈਸਲੇ ਪੰਥਕ ਸਰਬੱਤ ਵਿੱਚ ਪ੍ਰਵਾਨ ਨਹੀਂ ਚੜ੍ਹਦੇ। ਕੋਈ ਸਿੱਖ, ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸੇਵਾਦਾਰ ਜਥੇਦਾਰ ਹੋ ਸਕਦਾ ਹੈ ਪਰ ਖ਼ੁਦ ਸ੍ਰੀ ਅਕਾਲ ਤਖ਼ਤ ਸਾਹਿਬ ਨਹੀਂ। ਇਸ ਲਈ ਫ਼ੈਸਲਾ ਕਰਦੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁੱਖ ਰੱਖਣਾ ਜ਼ਰੂਰੀ ਹੁੰਦਾ ਹੈ।ਪੱਤਰ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਲਿਿਖਆ ਸੀ ਕਿ ਤੁਸੀ ਵਿਰਸਾ ਸਿੰਘ ਵਲਟੋਹਾ ਨੂੰ ਮੁਆਫ ਕੀਤਾ ਪਰ ਉਸ ਦੁਆਰਾ ਸਾਡੀ ਕੀਤੀ ਗਈ ਕ੍ਰਿਦਾਰਕੁਸ਼ੀ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਤੁਸੀ ਕੋਈ ਆਦੇਸ਼ ਜਾਰੀ ਨਹੀ ਕੀਤਾ। ਇਸ ਦੇ ਨਾਲ ਹੀ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਦੋ ਸ਼ੋ੍ਰਮਣੀ ਕਮੇਟੀ ਮੈਂਬਰਾਂ ਮਿੱਠੂ ਸਿੰਘ ਕਾਹਨੇਕੇ ਤੇ ਜ਼ਸਵੰਤ ਸਿੰਘ ਪੁੜੈਣ ਦਾ ਸ਼ੋ੍ਰਮਣੀ ਕਮੇਟੀ ਦੀ ਕਿਸੇ ਇਕਤਰਤਾ ਵਿਚ ਭਾਗ ਲੈਣ ਤੇ ਰੋਕ ਲਗਾਉਣਾ ਵੀ ਸ਼ਾਮਲ ਹੈ। ਹੁਣ ਦੇਖਣਾ ਹੈ ਕਿ ਜਦ ਮੌਜੂਦਾ ਤੇ ਸਾਬਕਾ ਜਥੇਦਾਰ ਮਿਲਦੇ ਹਨ ਤਾਂ ਇਹ ਮੀਟਿੰਗ ਕੀ ਰੰਗ ਲਿਆਏਗੀ।