ਨਵੀਂ ਦਿੱਲੀ- ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਵੱਲੋਂ 30 ਅਕਤੂਬਰ ਨੂੰ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਵਿਖੇ ਕੀਤੇ ਜਾਣ ਵਾਲੇ ਪ੍ਰੋਗਰਾਮ ਨੂੰ ਦਿੱਲੀ ਪੁਲਿਸ ਨੇ ਸੁਰੱਖਿਆ ਚਿੰਤਾਵਾਂ ਅਤੇ ਤਿਉਹਾਰੀ ਸੀਜ਼ਨ ਦੌਰਾਨ ਵਧੀਆਂ ਸੁਰੱਖਿਆ ਲੋੜਾਂ ਦਾ ਹਵਾਲਾ ਦਿੰਦਿਆਂ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦਿਲਜੀਤ ਦੇ ਇਸ ਪ੍ਰੋਗਰਾਮ ਨੂੰ ਲੈ ਕੇ ਪਹਿਲਾਂ ਤੋਂ ਹੀ ਵਿਵਾਦ ਬਣਿਆ ਹੋਇਆ ਸੀ ਇਸ ਪ੍ਰੋਗਰਾਮ ਦੀ ਪਹਿਲਾਂ ਤਰੀਕ 1 ਨਵੰਬਰ ਸੀ । ਸਾਹਮਣੇ ਆਈਆਂ ਰਿਪੋਰਟਾਂ ਮੁਤਾਬਕ ਸਭ ਤੋਂ ਪਹਿਲਾਂ ਗੁਰਪਤਵੰਤ ਸਿੰਘ ਪਨੂੰ ਵੱਲੋਂ ਦਿਲਜੀਤ ਦੇ ਪ੍ਰੋਗਰਾਮ ਦਾ ਵਿਰੋਧ ਕੀਤਾ ਗਿਆ ਅਤੇ ਇਸ ਵਿੱਚ ਵਿਘਨ ਪਾਉਣ ਸਬੰਧੀ ਗੱਲ ਕਹੀ ਗਈ ਸੀ ਕਿਉਕਿ 1 ਨਵੰਬਰ 1984 ਨੂੰ ਦਿੱਲੀ ਅਤੇ ਹੋਰ ਰਾਜਾ ਅੰਦਰ ਸਿੱਖਾਂ ਦਾ ਕਤਲੇਆਮ ਸ਼ੁਰੂ ਹੋਇਆ ਸੀ । ਇਸ ਤੋਂ ਬਾਅਦ ਦਿੱਲੀ ਦੇ ਕੁਝ ਸਿੱਖ ਆਗੂਆਂ ਅਤੇ ਸਿੱਖ ਭਾਈਚਾਰੇ ਵੱਲੋਂ ਵੀ ਦਿਲਜੀਤ ਦੇ ਪ੍ਰੋਗਰਾਮ ’ਤੇ ਇਤਰਾਜ਼ ਜਤਾਏ ਜਾਣ ਦੀਆਂ ਗੱਲਾਂ ਸਾਹਮਣੇ ਆਈਆਂ ਸਨ । ਜਿਸ ਉਪਰੰਤ ਤਰੀਕ ਬਦਲ ਕੇ 30 ਅਕਤੂਬਰ ਕਰ ਦਿੱਤੀ ਗਈ ਸੀ ਹਾਲਾਂਕਿ ਦਿੱਲੀ ਪੁਲਿਸ ਨੇ ਆਪਣੇ ਅਧਿਕਾਰਤ ਫੈਸਲੇ ਵਿੱਚ ਪ੍ਰੋਗਰਾਮ ਨੂੰ ਮਨਜ਼ੂਰੀ ਨਾ ਦੇਣ ਦਾ ਕਾਰਨ ਸੁਰੱਖਿਆ ਚਿੰਤਾਵਾਂ ਅਤੇ ਤਿਉਹਾਰੀ ਸੀਜ਼ਨ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਦੱਸਿਆ ਹੈ। ਪੁਲਿਸ ਵੱਲੋਂ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਪਹਿਲਾਂ ਸਾਹਮਣੇ ਆਏ ਵਿਰੋਧ ਜਾਂ ਕਿਸੇ ਵਿਸ਼ੇਸ਼ ਧਮਕੀ ਨੇ ਫੈਸਲੇ ਨੂੰ ਪ੍ਰਭਾਵਿਤ ਕੀਤਾ ਜਾਂ ਨਹੀਂ। ਦਿਲਜੀਤ ਦੋਸਾਂਝ ਦਾ ਇਹ ਪ੍ਰੋਗਰਾਮ ‘ਔਰਾ ਵਰਲਡ ਟੂਰ’ ਤਹਿਤ ਭਾਰਤ ਵਿੱਚ ਉਨ੍ਹਾਂ ਦੇ ਦੌਰੇ ਦੀ ਸ਼ੁਰੂਆਤ ਹੋਣਾ ਸੀ। ਇਸ ਤੋਂ ਬਾਅਦ ਇੰਦੌਰ, ਅਹਿਮਦਾਬਾਦ, ਮੁੰਬਈ, ਬੈਂਗਲੁਰੂ, ਲਖਨਊ ਅਤੇ ਚੰਡੀਗੜ੍ਹ ਵਿੱਚ ਵੀ ਉਨ੍ਹਾਂ ਦੇ ਪ੍ਰੋਗਰਾਮ ਹੋਣੇ ਤੈਅ ਸਨ।