ਅੰਮ੍ਰਿਤਸਰ -ਭਗਵਾਨ ਸ਼੍ਰੀ ਬਾਲਮੀਕ ਜੀ ਦੇ ਪਵਿੱਤਰ ਪ੍ਰਗਟ ਦਿਵਸ ਨੂੰ ਸਮਰਪਿਤ ਅੱਜ ਅੰਮ੍ਰਿਤਸਰ ਵਿਖੇ ਬਾਲਮੀਕ ਭਾਈਚਾਰੇ ਵੱਲੋਂ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਸ਼ਾਮਲ ਹੋਏ ਅਤੇ ਭਗਵਾਨ ਵਾਲਮੀਕ ਜੀ ਦੀ ਮੂਰਤੀ ਨੂੰ ਸਤਿਕਾਰ ਭੇਟ ਕੀਤਾ ਅਤੇ ਸ੍ਰੀ ਸੰਨੀ ਦਾਨਵ ਜੀ ( ਅੰਬੇਦਕਰ ਸਮਾਜ ਦਲ ਅਤੇ ਭਗਵਾਨ ਵਾਲਮੀਕ ਤੀਰਥ ਤੋਂ ਅਤੇ ਸ੍ਰੀ ਸੰਦੀਪ ਜੀ ਜੰਡਿਆਲਾ ਏਕਤਾ ਸੰਘਰਸ਼ ਦਲ ਵੱਲੋਂ ਬਾਪੂ ਤਰਸੇਮ ਸਿੰਘ ਦੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਪੂ ਤਰਸੇਮ ਸਿੰਘ ਜੀ ਨੇ ਨੇ ਸਮੂਹ ਬਾਲਮੀਕ ਭਾਈਚਾਰੇ ਨੂੰ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਭਗਵਾਨ ਸ਼੍ਰੀ ਬਾਲਮੀਕ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪਵਿੱਤਰ ਦਿਹਾੜੇ ਸਾਨੂੰ ਜਾਤ-ਪਾਤ, ਊਚ-ਨੀਚ ਅਤੇ ਸਮਾਜਿਕ ਵੰਡੀਆਂ ਤੋਂ ਉੱਪਰ ਉੱਠ ਕੇ ਆਪਸੀ ਪਿਆਰ, ਸਤਿਕਾਰ, ਬਰਾਬਰਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੰਦੇ ਹਨ। ਬਾਪੂ ਤਰਸੇਮ ਸਿੰਘ ਜੀ ਨੇ ਕਿਹਾ ਕਿ ਇੱਕ ਸਿਹਤਮੰਦ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਤਾਂ ਹੀ ਸੰਭਵ ਹੈ, ਜਦੋਂ ਹਰ ਮਨੁੱਖ ਨੂੰ ਬਿਨਾਂ ਕਿਸੇ ਭੇਦਭਾਵ ਦੇ ਬਰਾਬਰ ਸਤਿਕਾਰ, ਹੱਕ ਅਤੇ ਅੱਗੇ ਵਧਣ ਦੇ ਮੌਕੇ ਮਿਲਣ। ਉਨ੍ਹਾਂ ਕਿਹਾ ਕਿ ਸਾਨੂੰ ਭਗਵਾਨ ਸ਼੍ਰੀ ਬਾਲਮੀਕ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਿਆਂ ਸਮਾਜ ਵਿੱਚੋਂ ਨਫ਼ਰਤ, ਵਿਤਕਰੇ ਅਤੇ ਅਨਿਆਂ ਨੂੰ ਖ਼ਤਮ ਕਰਨ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਇਸ ਪਵਿੱਤਰ ਦਿਹਾੜੇ ਦੀਆਂ ਖੁਸ਼ੀਆਂ ਨੂੰ ਸਮਾਜਿਕ ਏਕਤਾ, ਆਪਸੀ ਸਦਭਾਵਨਾ ਅਤੇ ਮਨੁੱਖਤਾ ਦੀ ਸੇਵਾ ਦੇ ਸੰਕਲਪ ਨਾਲ ਜੋੜਿਆ ਜਾਵੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਬਰਾਬਰੀ, ਸਾਂਝ ਅਤੇ ਸਤਿਕਾਰ ਵਾਲੇ ਸਮਾਜ ਦੀ ਨੀਂਹ ਰੱਖੀ ਜਾ ਸਕੇ। ਇਸ ਸ਼ੋਭਾ ਯਾਤਰਾ ਦਾ ਆਗਾਜ਼ ਅੰਮ੍ਰਿਤਸਰ ਵਿਖੇ ਗਵਾਲਮੰਡੀ ਨੇੜੇ ਸਥਿਤ ਭਗਵਾਨ ਸ਼੍ਰੀ ਬਾਲਮੀਕ ਜੀ ਦੇ ਮੂਰਤੀ ਸਥਲ ਤੋਂ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਬਾਪੂ ਤਰਸੇਮ ਸਿੰਘ ਜੀ ਦੇ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਹੋਰ ਸੀਨੀਅਰ ਆਗੂ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਹਾਜ਼ਰ ਪਾਰਟੀ ਆਗੂਆਂ ਵਿੱਚ ਮੁੱਖ ਤੌਰ ਤੇ ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਅਮਨਦੀਪ ਸਿੰਘ ਡੱਡੂਆਣਾਂ, ਭਾਈ ਪਲਵਿੰਦਰ ਸਿੰਘ ਜੱਲੂਪੁਰ, ਭਾਈ ਅਮਰਜੀਤ ਸਿੰਘ ਜੱਲੂਪੁਰ, ਬਾਪੂ ਦਯਾ ਸਿੰਘ ਜੀ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਸ੍ਰ ਗੁਰਵਿੰਦਰ ਸਿੰਘ ਝੰਡੇਰ, ਸ੍ਰ ਗੁਰਦੇਵ ਸਿੰਘ ਜੱਜੀ, ਸ੍ਰ ਜਸਬੀਰ ਸਿੰਘ ਵਡਾਲੀ, ਸ੍ਰ ਅੰਗਰੇਜ ਸਿੰਘ, ਸ੍ਰ ਸੰਦੀਪ ਸਿੰਘ ਗੁੰਮਟਾਲਾ, ਭਾਈ ਜਗਜੋਤ ਸਿੰਘ ਖ਼ਾਲਸਾ, ਭਾਈ ਮਹਿੰਦਰਪਾਲ ਸਿੰਘ ਤੁੰਗ, ਸ੍ਰ ਜਤਿੰਦਰ ਸਿੰਘ, ਸ੍ਰ ਸ਼ਾਹਜੀਤ ਸਿੰਘ ਬੱਲ, ਸ੍ਰ ਅੰਗਰੇਜ ਸਿੰਘ, ਸ੍ਰ ਹਰਕਮਲਪ੍ਰੀਤ ਸਿੰਘ, ਸੁਖਬੀਰ ਸਿੰਘ ਤੇ ਜਰਮਨਦੀਪ ਸਿੰਘ ਆਦਿ ਹਾਜ਼ਰ ਸਨ