ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਦੋਂ ਇਹ ਅਹਿਸਾਸ ਹੋ ਗਿਆ ਕਿ ਲੋਕ 2027 ਲਈ ਉਹਨਾਂ ਨੂੰ ਠੁਕਰਾ ਦੇਣਗੇ ਤਾਂ ਉਹ ਮੈਦਾਨ ਛੱਡ ਕੇ ਭੱਜ ਗਏ ਜਿਸ ਕਾਰਨ ਪੰਜਾਬ ਵਿਚ ਪ੍ਰਸ਼ਾਸਨਿਕ ਢਾਂਚਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਿਆ ਹੈ ਅਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਪੰਜਾਬੀਆਂ ਅਤੇ ਅਕਾਲੀ ਦਲ ਦੇ ਨਾਲ ਹੈ।
ਅਕਾਲੀ ਦਲ ਦੇ ਪ੍ਰਧਾਨ ਜੋ ਪਾਰਟੀ ਦੇ ਹਲਕਾ ਇੰਚਾਰਜਾਂ ਦੀ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਪਹਿਲਾਂ ਕਦੇ ਵੀ ਅਜਿਹੇ ਹਾਲਾਤ ਵੇਖਣ ਨੂੰ ਨਹੀਂ ਮਿਲੇ ਜਿਵੇਂ ਦਲਜੀਤ ਸਿੰਘ ਦੇ ਕੇਸ ਵਿਚ ਮਿਲੇ ਜਿਸਦੀ ਮ੍ਰਿਤਕ ਦੇਹ ਪੁਲਿਸ ਜ਼ਬਰੀ ਪਰਿਵਾਰ ਕੋਲੋਂ ਖੋਹ ਕੇ ਲੈ ਗਈ। ਉਹਨਾਂ ਕਿਹਾ ਕਿ ਪੰਜਾਬ ਵਿਚ ਕੋਈ ਕਮਾਂਡਰ ਨਹੀਂ ਹੈ, ਇਸ ਕਾਰਨ ਪੁਲਿਸ ਆਪਣੀ ਮਰਜ਼ੀ ਮੁਤਾਬਕ ਕੰਮ ਕਰ ਰਹੀ ਹੈ ਜੋ ਹੈਰਾਨੀਜਨਕ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਪੰਜਾਬੀਆਂ ਦੇ ਨਾਲ ਹੈ। ਉਹਨਾਂ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦਾ ਪੰਜਾਬੀਆਂ ’ਤੇ ਕਿਸੇ ਵੀ ਤਰੀਕੇ ਅਸਰ ਨਹੀਂ ਪਵੇਗਾ ਕਿਉਂਕਿ ਉਹਨਾਂ ਨੇ ਆਪਣੀ ਖੇਤਰੀ ਪਾਰਟੀ ਦੀ ਹਮਾਇਤ ਦਾ ਮਨ ਬਣਾ ਲਿਆ ਹੈ ਜੋ ਉਹਨਾਂ ਦੀਆਂ ਆਸਾਂ ਦੇ ਇੱਛਾਵਾਂ ਮੁਤਾਬਕ ਡੱਟ ਸਕਦੀ ਹੈ।
ਮੀਡੀਆ ਦੇ ਇਕ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਅਸੀਂ ਕਿਸੇ ਵੀ ਉਸ ਸਿਆਸੀ ਪਾਰਟੀ ਨਾਲ ਗਠਜੋੜ ਵਾਸਤੇ ਤਿਆਰ ਹਾਂ ਜੋ ਸਾਡੀ ਵਿਚਾਰਧਾਰਾ ਤੇ ਨੀਤੀਆਂ ਨਾਲ ਸਹਿਮਤ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਹੈ ਕਿ ਅਕਾਲੀ ਦਲ ਕਦੇ ਵੀ ਕਾਂਗਰਸ ਜਾਂ ਆਪ ਨਾਲ ਗਠਜੋੜ ਨਹੀਂ ਕਰੇਗਾ। ਉਹਨਾਂ ਕਿਹਾ ਕਿ ਜਦੋਂ ਵੀ ਗਠਜੋੜ ਦੀ ਕੋਈ ਤਜਵੀਜ਼ ਆਉਂਦੀ ਹੈ ਤਾਂ ਅਸੀਂ ਉਸ ’ਤੇ ਵਿਚਾਰ ਕਰਾਂਗੇ।
ਇਸ ਦੌਰਾਨ ਪਾਰਟੀ ਦੀ ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸੀਨੀਅਰ ਪਾਰਟੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਯਾਤਰਾ ਜੋ 10 ਨਵੰਬਰ ਤੋਂ ਸ਼ੁਰੂ ਹੋਣੀ ਸੀ, ਹੁਣ 15 ਨਵੰਬਰ ਤੋਂ ਸ਼ੁਰੂ ਹੋਵੇਗੀ।
ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਯਾਤਰਾ ਦੀ ਅਗਵਾਈ ਕਰਨਗੇ। ਇਹ ਯਾਤਰਾ ਤਿਓਹਾਰ ਦੇ ਸੀਜ਼ਨ ਕਾਰਨ ਅਤੇ ਕਿਸਾਨ ਦੇ ਮੰਡੀਆਂ ਵਿਚ ਰੁੱਝਣ ਕਾਰਨ ਅੱਗੇ ਕੀਤੀ ਗਈ ਹੈ।
ਅਕਾਲੀ ਆਗੂ ਨੇ ਐਲਾਨ ਕੀਤਾ ਕਿ ਅਕਾਲੀ ਦਲ ਦੇ ਪ੍ਰਧਾਨ ਇਕ ਭਲਕੇ ਇਕ ਵਿਸ਼ੇਸ਼ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ ਜਿਸ ਤਹਿਤ 12 ਹਲਕਿਆਂ ਵਿਚ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਮੁਲਾਕਾਤ ਕਰਨਗੇ। ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ 12 ਵਿਧਾਨ ਸਭਾ ਹਲਕੇ ਕਵਰ ਕੀਤੇ ਜਾਣਗੇ ਤੇ ਪਹਿਲੀ ਮੀਟਿੰਗ ਭਲਕੇ ਸੰਗਰੂਰ ਤੇ ਬਰਨਾਲਾ ਵਿਚ ਹੋਵੇਗੀ।
ਉਹਨਾਂ ਇਹ ਵੀ ਐਲਾਨ ਕੀਤਾ ਕਿ ਪਾਰਟੀ ਦਾ ਇਕ ਵਫਦ ਜਲਦ ਹੀ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨਾਲ ਮੁਲਾਕਾਤ ਕਰੇਗਾ ਅਤੇ ਉਹਨਾਂ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਅਪੀਲ ਕਰੇਗਾ ਜੋ ਮਾਨਸਾ ਵਿਚ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਜ਼ਬਰੀ ਪਰਿਵਾਰ ਕੋਲੋਂ ਖੋਹ ਕੇ ਲੈ ਕੇ ਗਏ ਹਨ। ਉਹਨਾਂ ਕਿਹਾ ਕਿ ਪੀੜਤ ਪਰਿਵਾਰ ਨਾਲ ਕੁੱਟਮਾਰ ਵੀ ਕੀਤੀ ਗਈ, ਇਹ ਤੱਥ ਵੀ ਕਮਿਸ਼ਨ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਕੀਤੀ ਵਧੀਕੀ ਵੀ ਕਮਿਸ਼ਨ ਦੇ ਧਿਆਨ ਵਿਚ ਲਿਆਂਦੀ ਜਾਵੇਗੀ।
ਮੀਟਿੰਗ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਸੂਬਾ ਸਿੰਘ ਡੱਬਵਾਲੀ ਤੇ ਅਮਰਜੀਤ ਸਿੰਘ ਭਲਾਈਪੁਰ ਦੇ ਹਾਲ ਹੀ ਵਿਚ ਅਕਾਲ ਚਲਾਣਾ ਕਰਨ ’ਤੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ।