ਪੰਜਾਬ

ਔਰਤਾਂ ਦੇ ਮੋਬਾਈਲਾਂ ’ਤੇ ਮੁੜ ਹੋਈ ਸਨਮਾਨ ਰਾਸ਼ੀ ਦੀ ‘ਟੂੰ-ਟੂੰ’, ਮੁੱਖ ਮੰਤਰੀ ਮਾਨ ਨੇ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ’ਚ ਪਾਏ ਪੈਸੇ

ਕੌਮੀ ਮਾਰਗ ਬਿਊਰੋ | November 01, 2026 08:39 PM

ਅਬੋਹਰ-ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਅੱਜ ਫਿਰ ਪੰਜਾਬ ਦੀਆਂ ਔਰਤਾਂ ਦੇ ਮੋਬਾਈਲ ਫੋਨਾਂ ‘ਤੇ ‘ਟੂੰ-ਟੂੰ’ ਦੇ ਸੁਨੇਹੇ ਗੂੰਜੇ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ 37.43 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ 1, 291 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਟਰਾਂਸਫਰ ਕੀਤੀ ਗਈ। ਅਬੋਹਰ ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਟੀਚਾ ਸੂਬੇ ਦੀਆਂ ਇੱਕ ਕਰੋੜ ਔਰਤਾਂ ਨੂੰ ਇਸ ਦੇ ਦਾਇਰੇ ਵਿੱਚ ਲਿਆਉਣਾ ਹੈ, ਜਿਨ੍ਹਾਂ ਵਿੱਚੋਂ ਲਗਪਗ 80 ਲੱਖ ਰਜਿਸਟ੍ਰੇਸ਼ਨਾਂ ਪਹਿਲਾਂ ਹੀ ਮੁਕੰਮਲ ਹੋ ਚੁੱਕੀਆਂ ਹਨ। ਇਸ ਪਹਿਲਕਦਮੀ ਨੂੰ ਇੱਕ ਅਜਿਹਾ ‘ਸਮਾਜਿਕ ਇਨਕਲਾਬ’ ਕਰਾਰ ਦਿੰਦਿਆਂ, ਜਿਸ ਨਾਲ ਔਰਤਾਂ ਦੀ ਵਿੱਤੀ ਆਜ਼ਾਦੀ ਅਤੇ ਸਵੈ-ਮਾਣ ਮਜ਼ਬੂਤ ਹੋਵੇਗਾ, ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਨਵੇਂ ਸਾਲ ਦੇ ਤੋਹਫ਼ੇ ਵਜੋਂ ਪਹਿਲੀ ਜਨਵਰੀ ਨੂੰ ਸਾਰੀਆਂ ਰਜਿਸਟਰਡ ਲਾਭਪਾਤਰੀ ਔਰਤਾਂ ਨੂੰ ਸਨਮਾਨ ਰਾਸ਼ੀ ਦੀ ਇਕੱਠੀ ਅਦਾਇਗੀ ਕੀਤੀ ਜਾਵੇਗੀ। ਉਨ੍ਹਾਂ ਦੁਹਰਾਇਆ ਕਿ ਸਾਡੀ ਸਰਕਾਰ ਸਕੂਲਾਂ, ਹਸਪਤਾਲਾਂ, ਸੜਕਾਂ, ਨਹਿਰਾਂ ਅਤੇ 10 ਲੱਖ ਰੁਪਏ ਦੇ ਸਿਹਤ ਬੀਮੇ ਰਾਹੀਂ ਲੋਕਾਂ ਦਾ ਪੈਸਾ ਲੋਕਾਂ ਨੂੰ ਵਾਪਸ ਮੋੜ ਰਹੀ ਹੈ।

ਇਸ ਮੌਕੇ ਦੇ ਅਹਿਮ ਪਹਿਲੂ ਸਾਂਝੇ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅੱਜ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਅਬੋਹਰ ਵਿਖੇ ਭਾਰੀ ਇਕੱਠ ਦੌਰਾਨ ਪੰਜਾਬ ਭਰ ਦੀਆਂ 37.43 ਲੱਖ ਤੋਂ ਵੱਧ ਮਾਵਾਂ-ਭੈਣਾਂ ਦੇ ਬੈਂਕ ਖਾਤਿਆਂ ਵਿੱਚ 1, 291 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਤਬਦੀਲ ਕੀਤੀ ਗਈ ਹੈ। ਇਹ ਸਕੀਮ ਇੱਕ ‘ਸਮਾਜਿਕ ਇਨਕਲਾਬ’ ਹੈ, ਜੋ ਸਾਡੀਆਂ ਧੀਆਂ-ਭੈਣਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰੇਗੀ ਅਤੇ ਉਨ੍ਹਾਂ ਦੇ ਸਵੈ-ਮਾਣ ਨੂੰ ਵਧਾਏਗੀ। ਸਾਡਾ ਟੀਚਾ ਪੰਜਾਬ ਦੀਆਂ ਇੱਕ ਕਰੋੜ ਔਰਤਾਂ ਨੂੰ ਇਸ ਸਕੀਮ ਦੇ ਘੇਰੇ ਵਿੱਚ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੀਆਂ ਔਰਤਾਂ ਨੂੰ ਵਿੱਤੀ ਸੁਤੰਤਰਤਾ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਨਿਰੰਤਰ ਯਤਨਸ਼ੀਲ ਹਾਂ।”

ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਸਿਰਫ਼ ਇੱਕ ਵਿੱਤੀ ਸਹਾਇਤਾ ਸਕੀਮ ਨਹੀਂ ਹੈ, ਸਗੋਂ ਮਾਵਾਂ-ਧੀਆਂ ਦੇ ਆਤਮ-ਵਿਸ਼ਵਾਸ ਅਤੇ ਸਵੈ-ਮਾਣ ਨੂੰ ਮਜ਼ਬੂਤ ਕਰਨ ਵੱਲ ਸੇਧਿਤ ਇੱਕ ਸਮਾਜਿਕ ਕ੍ਰਾਂਤੀ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਸਿੱਧਾ ਔਰਤਾਂ ਦੇ ਹੱਥਾਂ ਵਿੱਚ ਪੈਸੇ ਦੇ ਕੇ ਉਨ੍ਹਾਂ ਦੀ ਵਿੱਤੀ ਆਜ਼ਾਦੀ ਯਕੀਨੀ ਬਣਾਏਗਾ, ਜਿਸ ਸਦਕਾ ਉਹ ਖ਼ੁਦਮੁਖਤਿਆਰੀ ਨਾਲ ਫੈਸਲੇ ਲੈਣ ਦੇ ਨਾਲ-ਨਾਲ ਮਾਣ-ਇੱਜ਼ਤ ਵਾਲੀ ਜ਼ਿੰਦਗੀ ਬਤੀਤ ਕਰ ਸਕਣਗੀਆਂ।”

ਵਿਰੋਧੀ ਪਾਰਟੀਆਂ ’ਤੇ ਤਨਜ਼ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ (ਬਾਦਲ) ਅਤੇ ਕਾਂਗਰਸ ਵਿਚਲੇ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਦੇ ਪਰਿਵਾਰਾਂ ਦੀਆਂ ਔਰਤਾਂ ਵੀ ਇਸ ਸਕੀਮ ਦਾ ਲਾਭ ਲੈ ਰਹੀਆਂ ਹਨ, ਪਰ ਫਿਰ ਵੀ ਉਨ੍ਹਾਂ ਦੇ ਆਗੂ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਇਸ ਦੀ ਆਲੋਚਨਾ ਕਰਨੋਂ ਨਹੀਂ ਹਟ ਰਹੇ। ਉਨ੍ਹਾਂ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਿਨਾਂ ਕਿਸੇ ਸਿਆਸੀ ਭੇਦਭਾਵ ਦੇ ਹਰ ਯੋਗ ਔਰਤ ਦੀ ਸੇਵਾ ਕਰਨ ਲਈ ਵਚਨਬੱਧ ਹੈ, ਕਿਉਂਕਿ ਲੋਕਾਂ ਦੀ ਭਲਾਈ, ਪਾਰਟੀ ਰਾਜਨੀਤੀ ਤੋਂ ਕਿਤੇ ਉੱਪਰ ਹੈ।

ਉਨ੍ਹਾਂ ਕਿਹਾ, “ਇਸ ਸਕੀਮ ਤਹਿਤ ਵੰਡਿਆ ਜਾ ਰਿਹਾ ਪੈਸਾ ਆਮ ਲੋਕਾਂ ਦਾ ਹੈ, ਜੋ ਆਪਣੇ ਟੈਕਸ ਰਾਹੀਂ ਸਰਕਾਰੀ ਖ਼ਜ਼ਾਨੇ ਵਿੱਚ ਯੋਗਦਾਨ ਪਾਉਂਦੇ ਹਨ। ਸੂਬਾ ਸਰਕਾਰ ਤਾਂ ਸਿਰਫ਼ ਭਲਾਈ ਸਕੀਮਾਂ ਅਤੇ ਵਿਕਾਸ ਕਾਰਜਾਂ ਰਾਹੀਂ ਲੋਕਾਂ ਦਾ ਪੈਸਾ ਲੋਕਾਂ ਨੂੰ ਹੀ ਮੋੜ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਆਮ ਲੋਕ ਟੈਕਸ ਅਦਾ ਕਰਦੇ ਹਨ ਤਾਂ ਉਨ੍ਹਾਂ ਨੂੰ ਬਦਲੇ ਵਿੱਚ ਮਿਆਰੀ ਸਹੂਲਤਾਂ, ਸਮਾਜਿਕ ਸੁਰੱਖਿਆ ਅਤੇ ਬਿਹਤਰ ਜੀਵਨ ਪੱਧਰ ਹਾਸਲ ਕਰਨ ਦਾ ਪੂਰਾ ਹੱਕ ਹੈ।”

ਉਨ੍ਹਾਂ ਦੱਸਿਆ, “ਸਰਕਾਰ ਪਹਿਲਾਂ ਹੀ ਇਸ ਸਕੀਮ ਤਹਿਤ 76.35 ਲੱਖ ਔਰਤਾਂ ਨੂੰ 2, 643.71 ਕਰੋੜ ਰੁਪਏ ਦੀ ਰਾਸ਼ੀ ਵੰਡ ਚੁੱਕੀ ਸੀ ਅਤੇ ਅੱਜ ਦੀ ਰਾਸ਼ੀ ਟਰਾਂਸਫਰ ਹੋਣ ਨਾਲ ਹੁਣ ਤੱਕ ਵੰਡੀ ਗਈ ਕੁੱਲ ਵਿੱਤੀ ਸਹਾਇਤਾ 3, 934.80 ਕਰੋੜ ਰੁਪਏ ਤੱਕ ਪਹੁੰਚ ਗਈ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ, “29 ਅਕਤੂਬਰ 2026 ਤੱਕ 80.05 ਲੱਖ ਔਰਤਾਂ ਪਹਿਲਾਂ ਹੀ ਇਸ ਸਕੀਮ ਤਹਿਤ ਰਜਿਸਟਰ ਹੋ ਚੁੱਕੀਆਂ ਹਨ ਅਤੇ ਸਰਕਾਰ ਇੱਕ ਕਰੋੜ ਔਰਤਾਂ ਨੂੰ ਕਵਰ ਕਰਨ ਦੇ ਆਪਣੇ ਵੱਡੇ ਟੀਚੇ ਵੱਲ ਤੇਜ਼ੀ ਨਾਲ ਵਧ ਰਹੀ ਹੈ। ਇਸ ਸਕੀਮ ਵਿੱਚ ਪਰਿਵਾਰ ਅਧਾਰਤ ਕੋਈ ਬੰਦਿਸ਼ ਜਾਂ ਸ਼ਰਤ ਨਹੀਂ ਰੱਖੀ ਗਈ ਅਤੇ ਹਰ ਯੋਗ ਔਰਤ ਸੁਤੰਤਰ ਤੌਰ ’ਤੇ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੀ ਹੱਕਦਾਰ ਹੈ। ਜੇਕਰ ਇੱਕੋ ਪਰਿਵਾਰ ਵਿੱਚ ਤਿੰਨ ਯੋਗ ਔਰਤਾਂ ਹਨ ਤਾਂ ਤਿੰਨਾਂ ਨੂੰ ਹੀ ਇਹ ਲਾਭ ਮਿਲੇਗਾ। ਇਹ ਸਕੀਮ ਸਾਲਾਨਾ 12, 000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ, ਜਿਸ ਨਾਲ ਇਹ ਦੇਸ਼ ਵਿੱਚ ਔਰਤਾਂ ਦੇ ਵਿੱਤੀ ਸ਼ਕਤੀਕਰਨ ਲਈ ਸਭ ਤੋਂ ਵੱਡੀਆਂ ਪਹਿਲਕਦਮੀਆਂ ਵਿੱਚੋਂ ਇੱਕ ਬਣ ਗਈ ਹੈ।”

ਰਜਿਸਟਰੇਸ਼ਨ ਪ੍ਰਕਿਰਿਆ ਵਿੱਚ ਸਹਿਯੋਗ ਦੇ ਰਹੀਆਂ ਔਰਤਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਸਕੀਮ ਅਧੀਨ ਰਜਿਸਟਰੇਸ਼ਨ ਦੀ ਸਹੂਲਤ ਲਈ ਕੁੱਲ 1, 37, 723 ‘ਸਤਿਕਾਰ ਸਖੀਆਂ’ ਕੰਮ ਕਰ ਰਹੀਆਂ ਹਨ। ਇਨ੍ਹਾਂ ਸਤਿਕਾਰ ਸਖੀਆਂ ਨੂੰ ਉਨ੍ਹਾਂ ਦੇ ਯੋਗਦਾਨ ਬਦਲੇ 51.30 ਕਰੋੜ ਰੁਪਏ ਦਾ ਮਾਣ-ਭੱਤਾ ਦਿੱਤਾ ਜਾਵੇਗਾ, ਜਦੋਂ ਕਿ ਰਜਿਸਟਰੇਸ਼ਨ ਪ੍ਰਕਿਰਿਆ ਵਿੱਚ ਜੁਟੀਆਂ ਆਂਗਣਵਾੜੀ ਵਰਕਰਾਂ ਨੂੰ ਵੀ 25 ਕਰੋੜ ਰੁਪਏ ਦੇ ਲਾਭ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਵਲੰਟੀਅਰਾਂ ਨੂੰ ਉਨ੍ਹਾਂ ਦੇ ਯਤਨਾਂ ਲਈ ਬਣਦਾ ਮਾਣ-ਸਨਮਾਨ ਮਿਲੇ।”

ਹੋਰ ਵੇਰਵੇ ਸਾਝੇ ਕਰਦਿਆਂ ਉਨ੍ਹਾਂ ਕਿਹਾ, “ਅਗਲੀ ਕਿਸ਼ਤ 1 ਦਸੰਬਰ ਨੂੰ ਔਰਤਾਂ ਦੇ ਚਿਹਰਿਆਂ ’ਤੇ ਮੁਸਕਾਨ ਲਿਆਵੇਗੀ ਅਤੇ ਇਸ ਤੋਂ ਬਾਅਦ ਪਹਿਲੀ ਜਨਵਰੀ ਨੂੰ ਇੱਕ ਹੋਰ ਕਿਸ਼ਤ ਜਾਰੀ ਕੀਤੀ ਜਾਵੇਗੀ, ਜਿਸ ਤਹਿਤ ਤਿੰਨ ਮਹੀਨਿਆਂ ਦੀ ਸਹਾਇਤਾ ਰਾਸ਼ੀ ਯੋਗ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾਵੇਗੀ। ਮੈਨੂੰ ਪੂਰਾ ਭਰੋਸਾ ਹੈ ਕਿ ਉਦੋਂ ਤੱਕ ਲਾਭਪਾਤਰੀਆਂ ਦੀ ਗਿਣਤੀ ਇੱਕ ਕਰੋੜ ਦੇ ਟੀਚੇ ਤੱਕ ਪਹੁੰਚ ਜਾਵੇਗੀ। ਸਾਡੀ ਸਰਕਾਰ ਨੇ 70, 685 ਸਰਕਾਰੀ ਨੌਕਰੀਆਂ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ ’ਤੇ ਦਿੱਤੀਆਂ ਹਨ, ਜਿਸ ਵਿੱਚ ਨਾ ਤਾਂ ਕੋਈ ਪੈਸੇ ਦਾ ਲੈਣ-ਦੇਣ ਹੋਇਆ ਹੈ, ਨਾ ਹੀ ਕੋਈ ਪੱਖਪਾਤ ਜਾਂ ਸਿਆਸੀ ਸਿਫ਼ਾਰਸ਼ ਚੱਲੀ ਹੈ।’’

Have something to say? Post your comment

 
 
 
 

ਪੰਜਾਬ

ਨਵੰਬਰ 1984 ਦਾ ਸਿੱਖ ਕਤਲੇਆਮ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੇ ਮੱਥੇ 'ਤੇ ਕਲੰਕ –ਐਡਵੋਕੇਟ ਧਾਮੀ

ਜਲੰਧਰ ਵਿੱਚ ਅੰਤਰਰਾਸ਼ਟਰੀ ਹਾਕੀ ਮੁਕਾਬਲਿਆਂ ਦਾ ਆਯੋਜਨ ਪੰਜਾਬ ਲਈ ਮਾਣ ਵਾਲੀ ਗੱਲ-ਪਰਗਟ ਸਿੰਘ

ਸਾਬਕਾ ਕੈਬਨਿਟ ਮੰਤਰੀ ਜੋੜਾਮਾਜਰਾ ਅਤੇ ਵਿਧਾਇਕ ਪਠਾਣ ਮਾਜਰਾ ਨੇ ਦਿੱਤਾ ਆਮ ਆਦਮੀ ਪਾਰਟੀ ਤੋਂ ਅਸਤੀਫਾ

ਹਰਭਜਨ ਸਿੰਘ ਈ.ਟੀ.ਓ. ਵਲੋਂ ਸੂਬੇ ਦੇ ਸੜਕ ਵਿਕਾਸ ਕਾਰਜਾਂ ਦੀ ਸਮੀਖਿਆ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਹੁਲ ਗਾਂਧੀ ਅਤੇ ਕਾਂਗਰਸ 'ਤੇ ਹਮਲਾ ਬੋਲਿਆ, 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਯਾਦ ਕੀਤਾ

1984 ਦੇ ਦੰਗਿਆਂ ਲਈ ਕਾਂਗਰਸ ਲੀਡਰਸ਼ਿਪ 'ਤੇ ਸਿੱਖ ਭਾਈਚਾਰੇ ਤੋਂ ਕਦੇ ਮੁਆਫ਼ੀ ਨਾ ਮੰਗੀ - ਹਰਸਿਮਰਤ ਕੌਰ ਬਾਦਲ

ਵੈਟ ਅਤੇ ਸੀ.ਐੱਸ.ਟੀ. ਪ੍ਰਾਪਤੀ ਵਿੱਚ 23.76% ਦਾ ਸ਼ਾਨਦਾਰ ਵਾਧਾ, ਅੰਕੜਾ 763.49 ਕਰੋੜ ਰੁਪਏ 'ਤੇ ਪਹੁੰਚਿਆ: ਹਰਪਾਲ ਸਿੰਘ ਚੀਮਾ

ਰਚਨਾਤਮਕਤਾ ਅਤੇ ਮਾਸੂਮੀਅਤ ਦਾ ਸੁਮੇਲ: 'ਦਿ ਕ੍ਰਿਏਟਿਵ ਬੀਜ਼' ਨੇ ਕਿਡਪ੍ਰਿਨਿਓਰ ਸਮਾਗਮ ਵਿੱਚ ਨਵੀਨਤਾਕਾਰੀ ਉਤਪਾਦਾਂ ਨਾਲ ਸਭ ਦਾ ਦਿਲ ਜਿੱਤਿਆ

ਮਾਨ ਸਰਕਾਰ ਵੱਲੋਂ ਨਸ਼ਾ ਤਸਕਰੀ ਦੇ ਕੇਸਾਂ ਦੇ ਤੇਜ਼ੀ ਨਾਲ ਨਿਪਟਾਰੇ ਲਈ ਇਤਿਹਾਸਕ ਕਦਮ; 35 ਵਿਸ਼ੇਸ਼ ਐੱਨ.ਡੀ.ਪੀ.ਐੱਸ. ਅਦਾਲਤਾਂ ਹੋਣਗੀਆਂ ਸਥਾਪਤ

ਪੰਜਾਬ ਵਿਧਾਨ ਸਭਾ ਚੋਣਾਂ 2027: ਆਮ ਆਦਮੀ ਪਾਰਟੀ ਨੇ 40 ਉਮੀਦਵਾਰਾਂ ਦਾ ਐਲਾਨ ਕੀਤਾ, ਮੁੱਖ ਮੰਤਰੀ ਭਗਵੰਤ ਮਾਨ ਨੂੰ ਧੂਰੀ ਤੋਂ ਟਿਕਟ ਮਿਲੀ