ਨਵੀਂ ਦਿੱਲੀ- ਭਾਜਪਾ ਅਤੇ ਕਾਂਗਰਸ ਉਹ ਜਮਾਤਾਂ ਹਨ ਜਿਨ੍ਹਾਂ ਦਾ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨਾਲ ਕੋਈ ਸਰੋਕਾਰ ਨਹੀ । ਬਲਕਿ ਇਨ੍ਹਾਂ ਦੋਵਾਂ ਜਮਾਤਾਂ ਦੇ ਆਗੂਆ ਦੇ ਹੱਥ ਸਿੱਖਾਂ ਦੇ ਖੂਨ ਤੇ ਕਤਲੇਆਮ ਨਾਲ ਰੰਗੇ ਹੋਏ ਅਤੇ ਬੇਇਨਸਾਫੀਆ ਦੇ ਮੁੱਖ ਦੋਸ਼ੀ ਹਨ । ਇਨ੍ਹਾਂ ਨੂੰ ਸੂਬੇ ਤੇ ਇਸਦੇ ਨਿਵਾਸੀਆ ਨਾਲ ਕੋਈ ਹਮਦਰਦੀ ਨਹੀ ਬਲਕਿ ਇਹ ਅਕਸਰ ਹੀ ਪੰਜਾਬੀਆਂ ਤੇ ਸਿੱਖਾਂ ਨੂੰ ਬਦਨਾਮ ਕਰਕੇ ਹੀ ਆਪਣੀ ਕੌਮੀ ਸਿਆਸਤ ਨੂੰ ਅੱਗੇ ਵਧਾਉਣ ਦੀਆਂ ਸਾਜਿਸਾਂ ਵਿਚ ਮਸਰੂਫ ਹਨ । ਨਸ਼ੀਲੀਆਂ ਵਸਤਾਂ ਦੇ ਕਾਰੋਬਾਰੀਆਂ ਦੀ ਸਰਪ੍ਰਸਤੀ ਕਰਨ, ਸਿੱਖ ਨੌਜਵਾਨੀ ਨੂੰ ਮੌਤ ਦੇ ਮੂੰਹ ਵਿਚ ਧਕੇਲਣ, ਸਾਡੇ ਕੀਮਤੀ ਪਾਣੀਆਂ, ਬਿਜਲੀ, ਪੰਜਾਬੀ ਬੋਲਦੇ ਇਲਾਕਿਆ ਨੂੰ ਗੈਰ ਕਾਨੂੰਨੀ ਢੰਗ ਨਾਲ ਲੁੱਟਣ ਅਤੇ ਇਥੋ ਦੀ ਬੇਰੁਜਗਾਰੀ ਵਿਚ ਵਾਧਾ ਕਰਨ ਲਈ ਇਨ੍ਹਾਂ ਦੀਆਂ ਦਿਸ਼ਾਹੀਣ ਨੀਤੀਆ ਹੀ ਜਿੰਮੇਵਾਰ ਹਨ । ਜੇਕਰ ਅੱਜ ਪੰਜਾਬ ਸੂਬਾ ਤੇ ਪੰਜਾਬੀ ਦੀ ਅਤਿ ਮੰਦੀ ਮਾਲੀ ਹਾਲਤ ਹੈ ਅਤੇ ਲੱਖਾਂ ਦੀ ਗਿਣਤੀ ਵਿਚ ਬੇਰੁਜਗਾਰੀ ਹੈ ਤਾਂ ਇਨ੍ਹਾਂ ਜਮਾਤਾਂ ਵੱਲੋ ਸੈਟਰ ਵਿਚ ਹਕੂਮਤ ਕਰ ਰਹੇ ਹਰ ਖੇਤਰ ਵਿਚ ਜੁਲਮ-ਜਬਰ, ਬੇਇਨਸਾਫ਼ੀਆਂ ਅਤੇ ਵਿਤਕਰੇ ਖੁਦ ਹੀ ਇਨ੍ਹਾਂ ਦੇ ਪੰਜਾਬ ਵਿਰੋਧੀ ਖਿਆਲਾਤਾਂ ਨੂੰ ਜਾਹਰ ਕਰਦੇ ਹਨ । ਅਜਿਹੀ ਪੰਜਾਬ ਵਿਰੋਧੀ ਧਿਰ ਵਿਚ ਪਹਿਲੇ ਕੈਪ. ਅਮਰਿੰਦਰ ਸਿੰਘ, ਸੁਨੀਲ ਜਾਖੜ, ਜਗਮੀਤ ਸਿੰਘ ਬਰਾੜ ਅਤੇ ਹੋਰ ਕਈ ਪੰਜਾਬੀ ਤੇ ਸਿੱਖ ਆਗੂ ਸਾਮਿਲ ਹੋਏ ਹਨ । ਜਿਨ੍ਹਾਂ ਦਾ ਇਸ ਪਾਰਟੀ ਵਿਚ ਕਿਤੇ ਵੀ ਕੋਈ ਨਾਮੋ ਨਿਸ਼ਾਨ ਸਤਿਕਾਰ-ਮਾਣ ਨਜਰ ਨਹੀ ਆ ਰਿਹਾ । ਇਸ ਲਈ ਹੁਣ ਵੱਖ-ਵੱਖ ਪਾਰਟੀਆ ਵਿਚੋ ਨਿਰਾਸ ਹੋ ਕੇ ਸਿੱਖਾਂ ਤੇ ਪੰਜਾਬੀਆ ਦੀ ਕਾਤਲ ਜਮਾਤ ਵਿਚ ਸਾਮਿਲ ਹੋਣ ਵਾਲੇ ਪੰਜਾਬੀ ਤੇ ਸਿੱਖ ਆਗੂਆ ਨੂੰ ਪਹਿਲੋ ਹੀ ਸਾਮਿਲ ਹੋਏ ਵੱਡੇ ਆਗੂਆ ਦੇ ਹਸ਼ਰ ਨੂੰ ਯਾਦ ਰੱਖਣਾ ਚਾਹੀਦਾ ਹੈ । ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸੂਬੇ ਨਾਲ ਸੰਬੰਧਤ ਵੱਖ-ਵੱਖ ਜਮਾਤਾਂ ਦੇ ਆਗੂਆ ਵੱਲੋ ਸਿਆਸੀ ਤੇ ਦੁਨਿਆਵੀ ਲਾਲਸਾਵਾ ਦੇ ਗੁਲਾਮ ਬਣਕੇ ਉਪਰੋਕਤ ਪੰਜਾਬ ਵਿਰੋਧੀ ਪਾਰਟੀ ਵਿਚ ਸਾਮਿਲ ਹੋ ਰਹੇ ਅਤੇ ਹੋਣ ਜਾ ਰਹੇ ਆਗੂਆ ਦੀ ਜਮੀਰ ਨੂੰ ਇਨਸਾਨੀਅਤ ਕਦਰਾਂ ਕੀਮਤਾਂ ਅਤੇ ਪੰਜਾਬ ਦੀ ਸਰਜਮੀਨ ਦੇ ਅੱਛੇ ਗੁਣਾਂ ਦੇ ਬਿਨ੍ਹਾਂ ਤੇ ਝਿੰਜੋੜਦੇ ਹੋਏ ਅਤੇ ਇਸ ਕਾਤਲ ਤੇ ਪੰਜਾਬ ਵਿਰੋਧੀ ਜਮਾਤ ਵਿਚ ਕਿਸੇ ਤਰ੍ਹਾਂ ਵੀ ਸਮੂਲੀਅਤ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਭਾਜਪਾ, ਕਾਂਗਰਸ, ਆਰ.ਐਸ.ਐਸ. ਵਰਗੀਆ ਮੁਤੱਸਵੀ ਜਮਾਤਾਂ ਪੰਜਾਬੀਆ ਤੇ ਸਿੱਖ ਕੌਮ ਦੀਆਂ ਦੁਸਮਣ ਜਮਾਤਾਂ ਹਨ । ਅਜਿਹੀਆ ਜਮਾਤਾਂ ਵਿਚ ਉਹ ਸਮੂਲੀਅਤ ਕਰਕੇ ਨਾ ਤਾਂ ਆਪਣੇ ਲਈ ਕੁਝ ਪ੍ਰਾਪਤ ਕਰ ਸਕਣਗੇ ਅਤੇ ਨਾ ਹੀ ਸੂਬੇ ਅਤੇ ਸੂਬੇ ਦੇ ਨਿਵਾਸੀਆ ਦੀ ਕੋਈ ਕਿਸੇ ਤਰ੍ਹਾਂ ਦੀ ਬਿਹਤਰੀ ਕਰਨ ਜਾਂ ਉੱਚਾ-ਸੁੱਚਾ ਇਖਲਾਕ ਪੈਦਾ ਕਰਨ ਵਿਚ ਯੋਗਦਾਨ ਪਾ ਸਕਣਗੇ । ਬਲਕਿ ਆਪਣੀ ਜਮੀਰ ਨੂੰ ਦਾਗੀ ਕਰਕੇ ਆਪੋ ਆਪਣੇ ਥੋੜੇ ਬਹੁਤੇ ਪੰਜਾਬੀਆ ਤੇ ਸਿੱਖਾਂ ਵਿਚ ਬਣੇ ਸਤਿਕਾਰ ਮਾਣ ਨੂੰ ਵੀ ਖਤਮ ਕਰਨ ਵੱਲ ਵੱਧ ਰਹੇ ਹੋਣਗੇ । ਕਿਉਂਕਿ ਪੰਜਾਬੀ ਤੇ ਸਿੱਖ ਕਤਈ ਵੀ ਪੰਜਾਬ ਵਿਚ ਅਜਿਹੀਆ ਜਮਾਤਾਂ ਦੀ ਹਕੂਮਤ ਨੂੰ ਪ੍ਰਵਾਨ ਨਹੀ ਕਰਨਗੇ । ਇਸ ਲਈ ਧਨ-ਦੌਲਤਾਂ ਜਾਂ ਸਿਆਸੀ ਅਹੁਦਿਆ ਦੇ ਲਾਲਚ ਵੱਸ ਹੋ ਕੇ ਅਜਿਹੀਆ ਮੁਤੱਸਵੀ ਪਾਰਟੀਆ ਨੂੰ ਕਿਸੇ ਤਰ੍ਹਾਂ ਵੀ ਸਹਿਯੋਗ ਨਾ ਕਰਨ ਅਤੇ ਅਜਿਹੀਆ ਜਮਾਤਾਂ ਨੂੰ ਪੰਜਾਬ ਦੀ ਪਵਿੱਤਰ ਸਰਜਮੀਨ ਤੋ ਹਾਰ ਦੇ ਕੇ ਇਥੇ ਗੁਰੂਆਂ, ਪੀਰਾਂ, ਫਕੀਰਾਂ ਅਤੇ ਦਰਵੇਸਾ ਦੀ ਚਰਨਛੋਹ ਧਰਤੀ ਉਤੇ ਸੱਚ-ਹੱਕ ਅਤੇ ਇਨਸਾਫ ਦੀ ਆਵਾਜ ਬੁਲੰਦ ਕਰਨ ਤਾਂ ਇਹ ਪੰਜਾਬੀਆਂ ਤੇ ਸਿੱਖਾਂ ਲਈ ਵੀ ਬਿਹਤਰ ਹੋਵੇਗਾ ਬਲਕਿ ਕੋਈ ਵੀ ਕਾਂਗਰਸ, ਬੀਜੇਪੀ-ਆਰ.ਐਸ.ਐਸ ਵਰਗੀ ਪੰਜਾਬੀ ਤੇ ਸਿੱਖਾਂ ਦੀ ਕਾਤਲ ਜਮਾਤ ਇਥੇ ਰਾਜ ਭਾਗ ਕਾਇਮ ਕਰਨ ਵਿਚ ਕਾਮਯਾਬ ਨਹੀ ਹੋ ਸਕੇਗੀ ਅਤੇ ਅਸੀ ਅਜਿਹੀ ਜਿੰਮੇਵਾਰੀ ਨਿਭਾਕੇ ਅਸਲੀਅਤ ਵਿਚ ਇਨਸਾਨੀਅਤ ਅਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਮਜਬੂਤ ਕਰਨ ਵਿਚ ਯੋਗਦਾਨ ਪਾ ਰਹੇ ਹੋਵਾਂਗੇ ਜੋ ਕਿ ਸਾਡਾ ਸਾਰਿਆ ਦਾ ਸਾਂਝਾ ਫਰਜ ਅਤੇ ਉਦਮ ਹੋਣਾ ਚਾਹੀਦਾ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਆਉਣ ਵਾਲੀਆ 2027 ਦੀਆਂ ਚੋਣਾਂ ਵਿਚ ਇਨ੍ਹਾਂ ਮੁਤੱਸਵੀ ਜਮਾਤਾਂ ਨੂੰ ਸਮੁੱਚੇ ਪੰਜਾਬੀ ਆਪਣੇ ਵੋਟ ਹੱਕ ਰਾਹੀ ਦੁਰਕਾਰ ਦੇਣਗੇ ਅਤੇ ਪੰਜਾਬੀਆ ਤੇ ਸਿੱਖਾਂ ਦੀ ਉੱਚੇ ਸੁੱਚੇ ਇਖਲਾਕ ਵਰਗੇ ਵਿਧਾਨਕਾਰਾਂ ਰਾਹੀ ਸਾਂਝੀ ਪੰਥਕ ਹਕੂਮਤ ਕਾਇਮ ਕਰਨ ਵਿਚ ਯੋਗਦਾਨ ਪਾਉਣਗੇ ।