ਪੰਜਾਬ

1984 ਸਿੱਖ ਕਤਲੇਆਮ ਦੀ ਸੱਚਾਈ ਸਾਹਮਣੇ ਲਿਆਉਣ, ਚਾਰ ਦਹਾਕਿਆਂ ਦੀ ਕਾਨੂੰਨੀ ਲੜਾਈ ਅਤੇ ਪੀੜਤਾਂ ਦੇ ਮੁੜ ਵਸੇਬੇ ’ਤੇ ਹੋਵੇਗੀ ਚਰਚਾ

ਕੌਮੀ ਮਾਰਗ ਬਿਊਰੋ | November 03, 2026 10:31 PM

ਚੰਡੀਗੜ੍ਹ-ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ 1984 ਦੇ ਸਿੱਖ ਕਤਲੇਆਮ ਦੀ ਅਸਲੀਅਤ ਤੇ ਦਰਦ ਨੂੰ 42 ਸਾਲ ਬਾਅਦ ਨਵੀਂ ਪੀੜ੍ਹੀ ਦੇ ਰੂਬਰੂ ਕਰਨ, ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਪਿਛਲੇ ਚਾਰ ਦਹਾਕਿਆਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਅਤੇ ਉਨ੍ਹਾਂ ਦੇ ਮੁੜ ਵਸੇਬੇ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਕੱਲ 4 ਨਵੰਬਰ, 2026 ਨੂੰ ‘ਜ਼ਖ਼ਮ 84 ਦੇ’ ਸਿਰਲੇਖ ਹੇਠ ਇੱਕ ਰੋਜ਼ਾ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਹ ਸੰਮੇਲਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੰਡੀਗੜ੍ਹ ਦੇ ਸੈਕਟਰ 24 ਸਥਿਤ ਹੋਟਲ ਪਾਰਕਵਿਊ ਵਿਖੇ ਹੋਵੇਗਾ।

ਸੰਮੇਲਨ ਦੇ ਇੰਚਾਰਜ ਤੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਰਜਨੀਸ਼ ਧੀਮਾਨ ਅਤੇ ਸਟੇਟ ਮੀਡੀਆ ਹੈੱਡ ਤੇ ਪ੍ਰੋਗਰਾਮ ਕੋ-ਆਰਡੀਨੇਟ ਵਿਨੀਤ ਜੋਸ਼ੀ ਵਲੋਂ ਜਾਰੀ ਪ੍ਰੈਸ ਬਿਆਨ ਮੁਤਾਬਕ ਸੰਮੇਲਨ ਵਿੱਚ 1984 ਦੇ ਕਤਲੇਆਮ ਦੇ ਪੀੜਤ, ਚਸ਼ਮਦੀਦ ਗਵਾਹ, ਕਾਨੂੰਨੀ ਮਾਹਿਰ, ਸਾਬਕਾ ਜੱਜ, ਸਮਾਜਿਕ ਨੁਮਾਇੰਦੇ ਅਤੇ ਰਾਜਨੀਤਿਕ ਆਗੂ ਸ਼ਿਰਕਤ ਕਰਨਗੇ। ਇਸ ਦਾ ਮੁੱਖ ਮਕਸਦ ਕਤਲੇਆਮ ਨਾਲ ਜੁੜੇ ਤੱਥਾਂ ਨੂੰ ਨਵੀਂ ਪੀੜ੍ਹੀ ਦੇ ਰੂਬਰੂ ਕਰਨਾ, ਇਨਸਾਫ਼ ਦੀ ਲੰਮੀ ਲੜਾਈ ਦੇ ਤਜਰਬਿਆਂ ਨੂੰ ਸਾਂਝਾ ਕਰਨਾ ਅਤੇ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਕੀਤੇ ਗਏ ਯਤਨਾਂ ’ਤੇ ਚਰਚਾ ਕਰਨਾ ਹੈ।

ਪਾਰਟੀ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਸਵੇਰੇ 8:30 ਵਜੇ ਰਜਿਸਟ੍ਰੇਸ਼ਨ ਅਤੇ ਨਾਸ਼ਤੇ ਤੋਂ ਬਾਅਦ ਸਵੇਰੇ 9:30 ਵਜੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਡਾ. ਸਤੀਸ਼ ਪੂਨੀਆ ਵੱਲੋਂ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਵਿਸ਼ੇਸ਼ ਦਸਤਾਵੇਜ਼ੀ ਅਤੇ ਫੋਟੋਗ੍ਰਾਫਿਕ ਪ੍ਰਦਰਸ਼ਨੀ ਦਾ ਸਾਂਝੇ ਤੌਰ ’ਤੇ ਉਦਘਾਟਨ ਕੀਤਾ ਜਾਵੇਗਾ। ਇਸ ਪ੍ਰਦਰਸ਼ਨੀ ਵਿੱਚ ਕਤਲੇਆਮ ਦੀਆਂ ਘਟਨਾਵਾਂ, ਸਬੂਤਾਂ ਅਤੇ ਇਸ ਦੌਰਾਨ ਹੋਏ ਮਨੁੱਖੀ ਨੁਕਸਾਨ ਨੂੰ ਦਰਸਾਇਆ ਜਾਵੇਗਾ। *ਸੰਮੇਲਨ ਦੀ ਸਮੁੱਚੀ ਕਾਰਵਾਈ ਭਾਜਪਾ ਦੇ ਕੌਮੀ ਬੁਲਾਰੇ ਸਰਦਾਰ ਆਰ.ਪੀ. ਸਿੰਘ ਵੱਲੋਂ ਸੰਚਾਲਿਤ ਕੀਤੀ ਜਾਵੇਗੀ।

ਸੰਮੇਲਨ ਦੀ ਸ਼ੁਰੂਆਤ ਇਨਸਾਫ਼ ਦੀ ਪ੍ਰਾਪਤੀ ਅਤੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਨਾਲ ਹੋਵੇਗੀ। ਇਸ ਉਪਰੰਤ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਉਦਘਾਟਨੀ ਸੰਬੋਧਨ ਕਰਨਗੇ। ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਸਭਾ ਮੈਂਬਰ ਰਵੀ ਸ਼ੰਕਰ ਪ੍ਰਸਾਦ ਮੁੱਖ ਭਾਸ਼ਣ ਦੇਣਗੇ। ਉਨ੍ਹਾਂ ਨੇ 1984 ਦੇ ਕਤਲੇਆਮ ਦੇ ਪੀੜਤਾਂ ਦੀ ਤਰਫ਼ੋਂ ਸੁਪਰੀਮ ਕੋਰਟ ਵਿੱਚ ਕਈ ਮਹੱਤਵਪੂਰਨ ਕਾਨੂੰਨੀ ਕਾਰਵਾਈਆਂ ਵਿੱਚ ਪੈਰਵੀ ਕੀਤੀ ਸੀ।

➖ਦੂਜਾ ਸੈਸ਼ਨ: ‘ਸਿੱਖ ਕਤਲੇਆਮ: ਕਦੋਂ ਅਤੇ ਕਿਵੇਂ?’ ਸਵੇਰੇ 11 ਤੋਂ ਦੁਪਹਿਰ 12:30 ਵਜੇ ਤੱਕ ਹੋਵੇਗਾ।

ਇਸ ਸੈਸ਼ਨ ਵਿੱਚ ਕਤਲੇਆਮ ਦੇ ਚਸ਼ਮਦੀਦ ਗਵਾਹਾਂ ਅਤੇ ਪੀੜਤਾਂ ਦੇ ਤਜਰਬੇ ਸੁਣੇ ਜਾਣਗੇ। ਇਸ ਵਿੱਚ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਾਲੇ ਮਾਮਲੇ ਦੀ ਅਹਿਮ ਗਵਾਹ ਸਰਦਾਰਨੀ ਨਿਰਪ੍ਰੀਤ ਕੌਰ, ਸਰਦਾਰ ਜੰਗਸ਼ੇਰ ਸਿੰਘ, ਸਰਦਾਰਨੀ ਦਰਸ਼ਨ ਕੌਰ, ਅਲਵਰ ਤੋਂ ਪੀੜਤ-ਗਵਾਹ ਸਰਦਾਰਨੀ ਸਤਪਾਲ ਕੌਰ ਅਤੇ ਵੀਡੀਓ ਸੰਬੋਧਨ ਰਾਹੀਂ ਸ਼ਾਮਲ ਹੋਣ ਵਾਲੀ ਬੀਬੀ ਜਗਦੀਸ਼ ਕੌਰ ਆਪਣੇ ਵਿਚਾਰ ਰੱਖਣਗੇ।

➖ਤੀਜਾ ਸੈਸ਼ਨ: ‘ਕੀ 1984 ਦਾ ਸਿੱਖ ਕਤਲੇਆਮ ਇੱਕ ਸਾਜ਼ਿਸ਼ ਸੀ?’ ਦੁਪਹਿਰ 12:30 ਤੋਂ 1:30 ਵਜੇ ਤੱਕ ਹੋਵੇਗਾ।

ਇਸ ਸੈਸ਼ਨ ਵਿੱਚ ਕਤਲੇਆਮ ਪਿੱਛੇ ਸਰਕਾਰੀ ਪੱਧਰ ’ਤੇ ਮਿਲੀਭੁਗਤ ਅਤੇ ਉੱਚ ਪੱਧਰੀ ਸਾਜ਼ਿਸ਼ ਦੇ ਪਹਿਲੂਆਂ ’ਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਇਸ ਵਿੱਚ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਚਸ਼ਮਦੀਦ ਗਵਾਹ ਸਰਦਾਰ ਤਰਲੋਚਨ ਸਿੰਘ ਆਨਲਾਈਨ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਸੰਸਦ ਮੈਂਬਰ ਸਰਦਾਰ ਵਿਕਰਮਜੀਤ ਸਿੰਘ ਸਾਹਨੀ, ਜਿਨ੍ਹਾਂ ਨੇ ਇਸ ਕਤਲੇਆਮ ਵਿੱਚ ਆਪਣੇ ਪਰਿਵਾਰ ਦੇ ਪੰਜ ਮੈਂਬਰ ਗੁਆਏ ਸਨ, ਸਾਬਕਾ ਸੀਨੀਅਰ ਰਾਅ ਅਧਿਕਾਰੀ ਅਤੇ ਲੇਖਕ ਜੀ.ਬੀ.ਐੱਸ. ਸਿੱਧੂ ਵਿਸ਼ੇਸ਼ ਵੀਡੀਓ ਸੰਦੇਸ਼ ਰਾਹੀਂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸਰਦਾਰ ਆਤਮਾ ਸਿੰਘ ਲੁਬਾਣਾ ਵੀ ਸ਼ਾਮਲ ਹੋਣਗੇ।

➖ਚੌਥਾ ਸੈਸ਼ਨ: ‘ਇਨਸਾਫ਼ ਦਾ ਕਤਲ’, ਦੁਪਹਿਰ 2 ਤੋਂ 3:15 ਵਜੇ ਤੱਕ ਹੋਵੇਗਾ।

ਇਸ ਸੈਸ਼ਨ ਵਿੱਚ ਕਤਲੇਆਮ ਦੇ ਮਾਮਲਿਆਂ ਦੀ ਜਾਂਚ ਵਿੱਚ ਹੋਈਆਂ ਕਥਿਤ ਬੇਨਿਯਮੀਆਂ, ਸਬੂਤਾਂ ਨਾਲ ਛੇੜਛਾੜ, ਜਾਂਚ ਦੀਆਂ ਕਮੀਆਂ ਅਤੇ ਇਨਸਾਫ਼ ਦੀ ਰਾਹ ਵਿੱਚ ਆਈਆਂ ਸੰਸਥਾਗਤ ਰੁਕਾਵਟਾਂ ਬਾਰੇ ਵਿਸਥਾਰ ਨਾਲ ਚਰਚਾ ਹੋਵੇਗੀ। ਇਸ ਚਰਚਾ ਵਿੱਚ ਜਸਟਿਸ ਐੱਸ.ਐੱਨ. ਢੀਂਗਰਾ (ਸੇਵਾਮੁਕਤ) ਸ਼ਾਮਲ ਹੋਣਗੇ, ਜਿਨ੍ਹਾਂ ਨੇ 2018 ਵਿੱਚ ਸੁਪਰੀਮ ਕੋਰਟ ਵੱਲੋਂ 1984 ਦੇ ਬੰਦ ਕੀਤੇ ਗਏ ਮਾਮਲਿਆਂ ਦੀ ਮੁੜ ਜਾਂਚ ਲਈ ਬਣਾਈ ਗਈ ਦੋ ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਦੀ ਅਗਵਾਈ ਕੀਤੀ ਸੀ।

ਇਸ ਤੋਂ ਇਲਾਵਾ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ, ਜਿਨ੍ਹਾਂ ਨੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਲੰਮੀ ਕਾਨੂੰਨੀ ਲੜਾਈ ਲੜੀ, ਅਤੇ ਵਕੀਲ ਅਸ਼ੋਕ ਕਸ਼ਯਪ, ਜਿਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਕਾਰਜਕਾਲ ਦੌਰਾਨ ਗਠਿਤ ਜਸਟਿਸ ਨਾਨਾਵਤੀ ਕਮਿਸ਼ਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਆਪਣੇ ਵਿਚਾਰ ਰੱਖਣਗੇ।

➖ਪੰਜਵਾਂ ਸੈਸ਼ਨ: ‘ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਯਤਨ’ ਬਾਅਦ ਦੁਪਹਿਰ 3:15 ਤੋਂ 4 ਵਜੇ ਤੱਕ ਹੋਵੇਗਾ।

ਇਸ ਸੈਸ਼ਨ ਵਿੱਚ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਹੋਈਆਂ ਅਹਿਮ ਕਾਨੂੰਨੀ ਕਾਰਵਾਈਆਂ, ਮਿਲੀਆਂ ਸਫ਼ਲਤਾਵਾਂ ਅਤੇ ਪੀੜਤਾਂ ਦੀ ਸਹਾਇਤਾ ਲਈ ਕੀਤੇ ਗਏ ਯਤਨਾਂ ਬਾਰੇ ਚਰਚਾ ਹੋਵੇਗੀ। ਇਸ ਵਿੱਚ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਅਤੇ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਸ਼ਾਮਲ ਹੋਣਗੇ।

➖ਛੇਵਾਂ ਅਤੇ ਸਮਾਪਤੀ ਸੈਸ਼ਨ: ‘ਭਾਜਪਾ ਸਰਕਾਰਾਂ ਵੱਲੋਂ ਮੁੜ ਵਸੇਬੇ ਦੇ ਯਤਨ’, ਸ਼ਾਮ 4 ਤੋਂ 5 ਵਜੇ ਤੱਕ ਹੋਵੇਗਾ।

ਆਖਰੀ ਸੈਸ਼ਨ ਵਿੱਚ ਭਾਜਪਾ ਦੀਆਂ ਸਰਕਾਰਾਂ ਵੱਲੋਂ 1984 ਦੇ ਪੀੜਤ ਪਰਿਵਾਰਾਂ ਦੀ ਭਲਾਈ, ਰਾਹਤ ਯੋਜਨਾਵਾਂ ਅਤੇ ਉਨ੍ਹਾਂ ਨੂੰ ਸਨਮਾਨਜਨਕ ਜੀਵਨ ਪ੍ਰਦਾਨ ਕਰਨ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਬਾਰੇ ਚਰਚਾ ਕੀਤੀ ਜਾਵੇਗੀ। ਇਸ ਸੈਸ਼ਨ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਪੰਜਾਬ ਭਾਜਪਾ ਇੰਚਾਰਜ ਡਾ. ਸਤੀਸ਼ ਪੂਨੀਆ, ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਅਤੇ ਸੰਸਦ ਮੈਂਬਰ ਸਰਦਾਰ ਵਿਕਰਮਜੀਤ ਸਿੰਘ ਸਾਹਨੀ ਸ਼ਾਮਲ ਹੋਣਗੇ।

ਇਸ ਪੂਰੇ ਸੰਮੇਲਨ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਤੋਂ ਭਾਜਪਾ ਦੇ ਸੀਨੀਅਰ ਆਗੂਆਂ, ਸਿੱਖ ਵਿਦਵਾਨਾਂ, ਨਾਗਰਿਕ ਅਧਿਕਾਰਾਂ ਦੇ ਕਾਰਕੁਨਾਂ ਅਤੇ 1984 ਦੇ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਹੋਵੇਗੀ।

Have something to say? Post your comment

 
 
 
 

ਪੰਜਾਬ

ਕਰਮਚਾਰੀਆਂ ਦੇ ਮਹਿੰਗਾਈ ਭੱਤੇ ਦੇ ਬਕਾਏ ਦਾ ਭੁਗਤਾਨ ਨਾ ਕਰਨ 'ਤੇ ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤੀ ਹੁਕਮਾਂ ਦੀ ਉਲੰਘਣਾ ਦਾ ਨੋਟਿਸ

ਕਾਂਗਰਸ ਸਿੱਖ ਕਤਲੇਆਮ ਦੇ ਇਨਸਾਫ਼ ਦਾ ਜਵਾਬ ਦੇਵੇ : ਕੇਵਲ ਸਿੰਘ ਢਿੱਲੋਂ

ਮੁੱਖ ਸਕੱਤਰ ਸਰਕਾਰ ਦੀ ਰਾਜਨੀਤਿਕ ਇੱਛਾ ਸ਼ਕਤੀ ਦੀ ਘਾਟ ਕਾਰਨ ਬਲੀ ਦਾ ਬੱਕਰਾ ਬਣ ਰਹੇ ਹਨ- ਗਿਆਨੀ ਹਰਪ੍ਰੀਤ ਸਿੰਘ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਬਕਾ ਮੁੱਖ ਮੰਤਰੀ ਨੂੰ 'ਆਪ' ਦੇ ਵਿੱਤੀ ਪ੍ਰਬੰਧਨ 'ਤੇ ਸਵਾਲ ਚੁੱਕਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰਨ ਦੀ ਦਿੱਤੀ ਨਸੀਹਤ

ਨਾ ਕੈਸ਼, ਨਾ ਫ਼ਰਮਾਇਸ਼’, ਸਰਕਾਰੀ ਨੌਕਰੀਆਂ ਨਿਰੋਲ ਮੈਰਿਟ ਦੇ ਆਧਾਰ ’ਤੇ ਦਿੱਤੀਆਂ ਜਾ ਰਹੀਆਂ ਹਨ: ਮੁੱਖ ਮੰਤਰੀ ਭਗਵੰਤ ਮਾਨ

ਖਾਲਸਾ ਯੂਨੀਵਰਸਿਟੀ ਵੱਲੋਂ ‘ਟੈਲੰਟ ਸਰਚ’ ਪ੍ਰੋਗਰਾਮ ਕਰਵਾਇਆ ਗਿਆ

ਐਡਿਨਬਰਗ ਦੀ ਸਿੱਖ ਸੰਗਤ ਨੂੰ ਬੱਚਿਆਂ ਨੂੰ ਸਿੱਖੀ ਦੀਆਂ ਜੜ੍ਹਾਂ ਨਾਲ ਜੋੜਨ ਅਤੇ ਗੁਰਮੁਖੀ ਪੰਜਾਬੀ ਸਿਖਾਉਣ ਦੀ ਜਥੇਦਾਰ ਵੱਲੋਂ ਤਾਕੀਦ

ਪੰਜਾਬ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਐਫਆਈਆਰ ਕੋਈ ਹੱਲ ਨਹੀਂ: ਭਾਜਪਾ

ਜਦੋਂ ਤੱਕ ਪੰਜਾਬ ਦੇ ਲੋਕ ਮੇਰੇ ਨਾਲ ਖੜ੍ਹੇ ਹਨ, ਮੈਨੂੰ ਵਿਰੋਧੀਆਂ ਦੀ ਕੋਈ ਪ੍ਰਵਾਹ ਨਹੀਂ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਏਆਈ ਰਾਹੀਂ ਗੁਰਬਾਣੀ ਨਾਲ ਸਬੰਧਤ ਚੁਣੌਤੀਆਂ ਗੰਭੀਰ, ਸਿੱਖਾਂ ਨੂੰ ਸਹੀ ਮਾਡਲ ਤਿਆਰ ਕਰਨ ਦੀ ਲੋੜ - ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ