ਸ੍ਰੀ ਅੰਮ੍ਰਿਤਸਰ ਸਾਹਿਬ-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਬੰਦੀ ਛੋੜ ਦਿਵਸ (ਦੀਵਾਲੀ) ਦੇ ਪਵਿੱਤਰ ਦਿਹਾੜੇ ਦੀਆਂ ਦੇਸ਼-ਵਿਦੇਸ਼ ਵਿੱਚ ਵੱਸਦੀਆਂ ਸਮੂਹ ਗੁਰੂ ਨਾਨਕ ਲੇਵਾਂ ਸੰਗਤਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਬੰਦੀ ਛੋੜ ਦਿਵਸ, ਦਿਵਾਲੀ ਸਿੱਖਾਂ ਲਈ ਖਾਸ ਮਹੱਤਤਾ ਰੱਖਦਾ ਹੈ। ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋਣ ਵੇਲੇ 52 ਪਹਾੜੀ ਰਾਜਿਆਂ ਨੂੰ ਵੀ ਰਿਹਾ ਕਰਾਇਆ ਸੀ ਅਤੇ ਮਨੁੱਖਤਾ ਦੀ ਆਜ਼ਾਦੀ, ਹੱਕ-ਸੱਚ ਅਤੇ ਇਨਸਾਫ਼ ਦਾ ਸੰਦੇਸ਼ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਇਹ ਪਵਿੱਤਰ ਦਿਹਾੜਾ ਸਾਨੂੰ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ’ਤੇ ਚੱਲਣ, ਆਪਸੀ ਭਾਈਚਾਰਾ, ਪ੍ਰੇਮ-ਪਿਆਰ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰਮਤਿ ਸਿਧਾਂਤਾਂ ਅਨੁਸਾਰ ਜੀਵਨ ਬਤੀਤ ਕਰਨ ਅਤੇ ਇਸ ਪਵਿੱਤਰ ਦਿਹਾੜੇ ਨੂੰ ਗੁਰਬਾਣੀ, ਸਿਮਰਨ ਅਤੇ ਸੇਵਾ-ਸੰਭਾਲ ਨਾਲ ਮਨਾਉਣ।
ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਅਰਦਾਸ ਕੀਤੀ ਕਿ ਅਕਾਲ ਪੁਰਖ ਵਾਹਿਗੁਰੂ ਸਮੁੱਚੀ ਮਾਨਵਤਾ ਉੱਤੇ ਆਪਣੀ ਮਿਹਰ ਬਣਾਈ ਰੱਖਣ ਅਤੇ ਹਰ ਘਰ ਵਿੱਚ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਚੜ੍ਹਦੀ ਕਲਾ ਬਖ਼ਸ਼ਣ। ਸਰਬੱਤ ਦਾ ਭਲਾ ਹੋਵੇ।