ਲੁਧਿਆਣਾ-ਦੱਖਣੀ ਏਸ਼ੀਆ ਦੇ ਸਦੀਵੀ ਅਮਨ ਲਈ ਵਾਘਾ ਤੇ ਕਰਤਾਰਪੁਰ ਸਾਹਿਬ ਦਾ ਬੰਦ ਰਾਹ ਤੁਰੰਤ ਖੋਲ੍ਹਿਆ ਜਾਵੇ ਕਿਉਂਕਿ ਆਪਸੀ ਵਪਾਰਕ, ਸਮਾਜਿਕ, ਸੱਭਿਆਚਾਰਕ ਤੇ ਰਾਜਨੀਤਕ ਵਿਚਾਰ ਵਟਾਂਦਰਾ ਆਧਾਰਤ ਆਦਾਨ ਪ੍ਰਦਾਨ ਨਾਲ ਹੀ ਇਸ ਖਿੱਤੇ ਵਿੱਚ ਪਾਏਦਾਰ ਅਮਨ ਸੰਭਵ ਹੈ।
2005 ਵਿੱਚ ਸਥਾਪਤ ਅਤੇ 2008 ਤੋਂ ਲਗਾਤਾਰ ਕਰਤਾਰਪੁਰ ਸਾਹਿਬ ਲਈ ਸੁਰੱਖਿਅਤ ਲਾਂਘੇ ਲਈ ਯਤਨਸ਼ੀਲ ਸੰਸਥਾ ਯੂਨਾਈਟਿਡ ਸਿੱਖ ਮਿਸ਼ਨ ਅਮਰੀਕਾ ਦੇ ਪ੍ਰਧਾਨ ਰਛਪਾਲ ਸਿੰਘ ਢੀਂਡਸਾ ਨੇ ਭਾਰਤ ਤੇ ਪਾਕਿਸਤਾਨ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਾਮੀ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਹ ਨੇਕ ਕਾਰਜ ਕੀਤਾ ਜਾਵੇ ਤਾਂ ਜੋ ਗੁਰੂ ਨਾਨਕ ਨਾਮ ਲੇਵਾ ਸਰਬੱਤ ਦਾ ਭਲਾ ਮੰਗਣ ਵਾਲੇ ਲੋਕਾਂ ਦੀਆਂ ਅਸੀਸਾਂ ਹਾਸਲ ਹੋ ਸਕਣ।
ਸ. ਢੀਂਡਸਾ ਦੇ ਗਿਰਾਈਂ ਤੇ ਸਹਿਯੋਗੀ ਸ. ਅਵਤਾਰ ਸਿੰਘ ਬਿਆਸ ਪਿੰਡ (ਜਲੰਧਰ) ਨੇ ਦੱਸਿਆ ਕਿ ਯੂਨਾਈਟਿਡ ਸਿੱਖ ਮਿਸ਼ਨ ਮੁਖੀ ਹਰ ਸਾਲ ਆਪਣੀ ਸੰਸਥਾ ਵੱਲੋਂ ਪੰਜਾਬ ਵਿੱਚ ਨੇਤਰ ਸੰਭਾਲ ਕੈਂਪ ਲਾਉਣ ਲਈ ਆਉਂਦੇ ਹਨ। ਇਹ ਕੈਂਪ ਅਮਰੀਕਾ ਵੱਸਦੇ ਦਾਨਵੀਰ ਆਪੋ ਆਪਣੇ ਪਿੰਡਾਂ ਵਿੱਚ ਨੇਤਰ ਸੰਭਾਲ ਕੈਂਪ ਸਪਾਂਸਰ ਕਰਦੇ ਹਨ।
ਇਸੇ ਸੰਸਥਾ ਵੱਲੋਂ ਹੀ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸੋਲਰ ਰੌਸ਼ਨੀਆਂ ਦਾ ਪ੍ਰਾਜੈਕਟ ਗੁਰੂ ਮਿਹਰ ਸਦਕਾ ਸੰਪੂਰਨ ਕੀਤਾ ਹੈ।
ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨਾਲ ਵਿਚਾਰ ਵਟਾਂਦਰਾ ਕਰਦਿਆਂ ਇਹ ਵਿਚਾਰ ਪ੍ਰਗਟ ਕੀਤੇ। ਇਸ ਸੰਸਥਾ ਦੇ ਕੰਮ ਬਾਰੇ ਜਾਣਕਾਰੀ ਦੇਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਸ. ਰਛਪਾਲ ਸਿੰਘ ਢੀਂਡਸਾ ਦੀ ਅਗਵਾਈ ਹੇਠ ਹੀ ਉਨ੍ਹਾਂ ਦੇ ਘਰ ਸੈਨ ਬਰਡੀਨੋ(ਅਮਰੀਕਾ) ਵਿੱਚ 2008ਵਿਚ ਪਹਿਲੀ ਵਾਰ ਇੱਕ ਮੀਟਿੰਗ ਵਿੱਚ ਮੈਂ ਵੀ ਪਹਿਲੀ ਵਾਰ ਸ਼ਾਮਲ ਹੋਇਆ ਸਾਂ। ਵਤਨ ਪਰਤ ਕੇ ਇਸ ਲਾਂਘੇ ਬਾਰੇ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਵੱਲੋਂ ਲਗਾਏ ਮੇਲੇ ਵਿੱਚ ਕੋਟਲਾ ਸ਼ਾਹੀਆ(ਗੁਰਦਾਸਪੁਰ) ਵਿਖੇ ਵਿਸ਼ਾਲ ਇਕੱਠ ਵਿੱਚ ਸ. ਜਗਦੇਵ ਸਿੰਘ ਜੱਸੋਵਾਲ ਜੀ ਦੀ ਅਗਵਾਈ ਵਿੱਚ ਮਤਾ ਪਾਸ ਕੀਤਾ ਸੀ। ਇਹ ਮਤਾ ਪ੍ਰਸਿੱਧ ਲੇਖਕ ਡਾ. ਅਨੂਪ ਸਿੰਘ ਬਟਾਲਾ ਨੇ ਪੜ੍ਹਿਆ ਸੀ। ਇਸ ਵਿੱਚ ਮਿਸ਼ਨ ਦੇ ਆਗੂ ਸ. ਅਮਰ ਸਿੰਘ ਮੱਲ੍ਹੀ ਵੀ ਉਚੇਚੇ ਤੌਰ ਤੇ ਸ਼ਾਮਲ ਸਨ। ਉਸੇ ਸਾਲ ਪੰਜਾਬ ਵਿਧਾਨ ਸਭਾ ਨੇ ਵੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਰੱਖਿਆ ਪ੍ਰਸਤਾਵ ਪਾਸ ਕਰਕੇ ਭਾਰਤ ਸਰਕਾਰ ਨੂੰ ਭੇਜਿਆ ਗਿਆ।
ਯੁਨਾਈਟਿਡ ਸਿੱਖ ਮਿਸ਼ਨ ਵੱਲੋਂ ਬਦੇਸ਼ਾਂ ਵਿੱਚ ਵੱਸਦੇ ਸਿੱਖਾਂ ਰਾਹੀਂ ਦੋਹਾਂ ਮੁਲਕਾਂ ਨੂੰ 2012 ਵਿੱਚ ਪੇਸ਼ਕਸ਼ ਕੀਤੀ ਸੀ ਕਿ ਜੇਕਰ ਉਨ੍ਹਾਂ ਵੱਲੋਂ ਤਜਵੀਜ ਕੀਤੇ ਨਕਸ਼ੇ ਨੂੰ ਪ੍ਰਵਾਨ ਕੀਤਾ ਜਾਂਦਾ ਹੈ ਤਾਂ ਇਸ ਦਾ ਉਸਾਰੀ ਖ਼ਰਚਾ ਪੂਰੇ ਵਿਸ਼ਵ ਵਿੱਚ ਵੱਸਦੇ ਸਿੱਖ ਭਰਨ ਨੂੰ ਤਿਆਰ ਹਨ। ਯੂਨਾਈਟਿਡ ਸਿੱਖ ਮਿਸ਼ਨ ਨੇ ਅਮਰੀਕਾ ਵਿੱਚ ਯੂ ਐੱਨ ਵਿੱਚ ਅਮਰੀਕਾ ਦੇ ਸਾਬਕਾ ਸਫ਼ੀਰ ਜੌਹਨ ਮੈਕਡਾਨਲਡ ਦੀਆਂ ਸੇਵਾਵਾਂ ਲੈ ਕੇ ਦੋਹਾਂ ਮੁਲਕਾਂ ਅੰਦਰ ਸਰਵੇਖਣ ਕਰਵਾ ਕੇ 2012 ਵਿੱਚ ਇੱਕ ਦਸਤਾਵੇਜ਼ ਪ੍ਰਕਾਸ਼ਤ ਕਰਕੇ ਜਰਸੀ ਸਿਟੀ(ਅਮਰੀਕਾ) ਵਿੱਚ ਪੰਜ ਹਸਤੀਆਂ ਪਾਸੋਂ ਲੋਕ ਅਰਪਨ ਕੀਤਾ ਸੀ। ਮੇਰੇ ਲਈ ਮਾਣ ਵਾਲੀ ਗੱਲ ਇਹ ਹੈ ਕਿ ਉਨ੍ਰਾਂ ਪੰਜ ਵਿਅਕਤੀਆਂ ਵਿੱਚ ਮੈਂ ਵੀ ਸ਼ਾਮਲ ਸਾਂ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਸ. ਰਛਪਾਲ ਸਿੰਘ ਢੀਂਡਸਾ ਨੂੰ ਦੋਸ਼ਾਲਾ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ. ਅਵਤਾਰ ਸਿੰਘ ਬਿਆਸ ਪਿੰਡ(ਜਲੰਧਰ) ਅਤੇ ਦਸਤਾਵੇਜ਼ੀ ਫਿਲਮ ਨਿਰਮਾਤਾ ਤੇਜੱਸਵੀ ਵੀ ਹਾਜ਼ਰ ਸਨ।