ਚੰਡੀਗੜ੍ਹ- ਆਲ ਇੰਡੀਆ ਲਾਇਰਸ ਯੂਨੀਅਨ ਚੰਡੀਗੜ੍ਹ ਦੀ ਚੰਡੀਗੜ੍ਹ ਸਟੇਟ ਕਾਨਫਰੰਸ ਅੱਜ ਅਜੇ ਭਵਨ ਸੈਕਟਰ 21 ਚੰਡੀਗੜ੍ਹ ਵਿਖੇ ਕਰਮ ਸਿੰਘ ਵਕੀਲ ਦੀ ਪ੍ਰਧਾਨਗੀ ਵਿੱਚ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਸ਼੍ਰੀ ਪੀਵੀ ਸੁਰਿੰਦਰ ਨਾਥ ਕੌਮੀ ਜਨਰਲ ਸਕੱਤਰ, ਸ੍ਰੀ ਅਨਿਲ ਕੁਮਾਰ ਚੌਹਾਨ ਕੌਮੀ ਖਜਾਨਚੀ, ਸ਼੍ਰੀ ਕੁਲਦੀਪ ਸਿੰਘ ਵਰਕਿੰਗ ਪ੍ਰੈਜੀਡੈਂਟ ਆਈਲੂ ਹਰਿਆਣਾ ਅਤੇ ਐਮਐਸ ਗੋਰਸੀ ਸਕੱਤਰ ਆਈਲੂ ਚੰਡੀਗੜ੍ਹ ਸ਼ਾਮਿਲ ਹੋਏ।
ਕਾਨਫਰੰਸ ਦੇ ਸ਼ੁਰੂਆਤ ਵਿੱਚ ਸ਼੍ਰੀ ਡੀਕੇ ਅਗਰਵਾਲ ਸਾਬਕਾ ਕੌਮੀ ਜਨ. ਸਕੱਤਰ ਆਈਲੂ, ਜੋਗਿੰਦਰ ਸਿੰਘ ਤੂਰ ਸਾਬਕਾ ਕੌਮੀ ਸੀਨੀਅਰ ਵਾਈਸ ਪ੍ਰੈਜੀਡੈਂਟ, ਨੌਰੰਗ ਸਿੰਘ ਚੌਧਰੀ ਆਈਲੂ ਰਾਜਸਥਾਨ ਪ੍ਰੈਜੀਡੈਂਟ ਮੈਂਬਰ ਰਾਜਸਥਾਨ ਹਾਈਕੋਰਟ ਬਾਰ ਕੌਂਸਲ, ਏ. ਕੇ ਕੋਠੰਡਮ ਪ੍ਰਧਾਨ ਬਾਰ ਕੌਂਸਲ ਤਮਿਲਨਾਡੂ, ਐਨ. ਕੇ ਅਲੀ ਸਕੱਤਰ ਆਈ ਲੂ ਕੇਰਲਾ, ਸ਼੍ਰੀਪਾਲ ਸਿੰਘ ਵਕੀਲ, ਗੁਰਪ੍ਰੀਤ ਸਿੰਘ ਹੁੰਦਲ ਦੇ ਸਦੀਵੀ ਵਿਛੋੜੇ ਉੱਤੇ ਅਤੇ ਦੇਸ਼ ਵਿਦੇਸ਼ ਵਿੱਚ ਚੱਲ ਰਹੀਆਂ ਜੰਗਾਂ ਅਤੇ ਅੱਤਵਾਦੀ ਘਟਨਾਵਾਂ ਵਿੱਚ ਮਾਰੇ ਗਏ ਨਿਰਦੋਸ਼ੇ ਨਾਗਰਿਕਾਂ ਨੂ਼ੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ।
ਕਾਨਫਰੰਸ ਦੇ ਪਹਿਲੇ ਦੌਰ ਵਿੱਚ ਲੋਕਤੰਤਰ ਅਤੇ ਸੰਵਿਧਾਨ ਨੂੰ ਦਰਪੇਸ਼ ਚੁਣੌਤੀਆਂ ਵਿਸ਼ੇ ਉੱਤੇ ਪ੍ਰੋਫੈਸਰ ਯਾਸਰ ਨੇ ਖੋਜ ਭਰਪੂਰ ਪੇਪਰ ਪੇਸ਼ ਕੀਤਾ। ਉਹਨਾਂ ਨੇ ਦੇਸ਼ ਵਿੱਚ ਸਮਾਜਿਕ ਆਜ਼ਾਦੀ ਦੇ ਨਾਲ ਨਾਲ ਧਾਰਮਿਕ ਅਤੇ ਆਰਥਿਕ ਆਜ਼ਾਦੀ ਦੇਸ਼ ਦੇ ਵਾਸੀਆਂ ਨੂੰ ਸਹੀ ਅਰਥਾਂ ਵਿੱਚ ਦਿੱਤੇ ਜਾਣ ਦੇ ਨੁਕਤੇ ਨੂੰ ਉਭਾਰਿਆ। ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਇਸ ਮੌਕੇ ਅੱਡ ਅੱਡ ਅੜਿੱਕੇ ਲਗਾ ਕੇ ਆਮ ਇਨਸਾਨ ਨੂੰ ਸਧਾਰਨ ਅਤੇ ਖੁਸ਼ਹਾਲ ਜੀਵਨ ਜਿਉਣ ਤੋਂ ਵਾਂਝੇ ਕੀਤਾ ਜਾ ਰਿਹਾ ਹੈ।
ਰਾਜ ਕਰ ਰਹੀ ਸਰਕਾਰ ਦੇਸ਼ ਵਿੱਚ ਨਾਗਰਿਕਾਂ ਦੇ ਅਧਿਕਾਰ ਹੀ ਨਹੀਂ ਖੋ ਰਹੀ ਬਲਕਿ ਨਾਗਰਿਕਾਂ ਵੱਲੋਂ ਕੀਤੇ ਜਾ ਰਹੇ ਹਰ ਇੱਕ ਵਿਰੋਧ ਨੂੰ ਵੀ ਕੁਚਲਨ ਦੀ ਭਰਪੂਰ ਕੋਸ਼ਿਸ਼ ਕਰਦੀ ਹੈ। ਅਚੰਭੇ ਦੀ ਗੱਲ ਹੈ ਦੇਸ਼ ਦੇ ਲੋਕਾਂ ਨੂੰ ਭਰਿਸ਼ਟ ਪ੍ਰਸਾਸ਼ਨ ਤੋਂ ਬਚਾਉਣ ਲਈ ਬਣਾਈਆਂ ਗਈਆਂ ਕੇਂਦਰੀ ਏਜੰਸੀਆਂ ਏਡੀ, ਸੀਬੀਆਈ ਅਤੇ ਆਈਟੀ ਆਦਿ ਦੀ ਦੁਰਵਰਤੋਂ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਚੁਣੀਆਂ ਗਈਆਂ ਸਰਕਾਰਾਂ ਅਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਡਰਾ ਧਮਕਾ ਕੇ, ਪਾਰਟੀਆਂ ਛੱਡਣ ਅਤੇ ਕੇਂਦਰ ਸਰਕਾਰ ਦਾ ਪੱਖ ਪੂਰਦੇ ਹੋਏ ਉਸ ਵਿੱਚ ਆਉਣ ਲਈ ਮਜਬੂਰ ਕੀਤਾ ਜਾਂਦਾ ਹੈ। ਉਹਨਾਂ ਨੇ ਦੇਸ਼ ਵਾਸੀਆਂ ਵੱਲੋਂ ਸੰਗਠਿਤ ਹੋ ਕੇ ਲੋਕਤੰਤਰ ਅਤੇ ਸੰਵਿਧਾਨ ਦੀ ਰਾਖੀ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ।
ਆਇਲੂ ਦੇ ਕੌਮੀ ਜਨਰਲ ਸਕੱਤਰ ਸ਼੍ਰੀ ਪੀਵੀ ਸੁਰਿੰਦਰ ਨਾਥ ਨੇ ਆਇਲੂ ਚੰਡੀਗੜ੍ਹ ਯੂਨਿਟ ਨੂੰ ਕਾਨਫਰੰਸ ਕਰਨ ਲਈ ਮੁਬਾਰਕਬਾਦ ਪੇਸ਼ ਕੀਤੀ। ਉਨ੍ਹਾਂ ਨੇ ਆਇਲੂ ਦੇ ਇਤਿਹਾਸ, ਸੰਗਠਿਤ ਹੋਣ ਦੀਆਂ ਜਰੂਰਤਾਂ, ਦੇਸ਼ ਦੀ ਮੌਜੂਦਾ ਰਾਜਨੀਤਿਕ ਹਾਲਾਤ, ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸੰਗਠਿਤ ਹੋ ਕੇ ਬੇਇਨਸਾਫੀਆਂ ਖ਼ਿਲਾਫ਼ ਲੜਨ ਦੀ ਜਰੂਰਤ ਅਤੇ ਹੋਰਾਂ ਨੂੰ ਪ੍ਰੇਰਿਤ ਕਰਕੇ ਸੰਗਠਨ ਮਜ਼ਬੂਤ ਕਰਨ ਉੱਤੇ ਜ਼ੋਰ ਦਿੱਤਾ।
ਐਮ. ਐਸ ਗੋਰਸੀ ਸਕੱਤਰ ਆਈਲੂ ਚੰਡੀਗੜ੍ਹ ਨੇ 2023 ਤੋਂ 2026 ਤੱਕ ਕੀਤੀਆਂ ਗਈਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ। ਆਤਮ ਨਿਰੀਖਣ ਕਰਦੇ ਉਹਨਾਂ ਨੇ ਕਿਹਾ ਕਿ ਅਸੀਂ ਵਾਰ ਵਾਰ ਚੈਂਬਰ ਸਿਟਿੰਗ ਕਰਕੇ ਵਿਦਿਆਰਥੀਆਂ ਅਤੇ ਨੌਜਵਾਨ ਵਕੀਲਾਂ ਨੂੰ ਭੱਖਦੇ ਅਤੇ ਚਲੰਤ ਮੁੱਦਿਆਂ ਉੱਤੇ ਜਾਗਰੂਕ ਕਰਦੇ ਰਹੇ ਹਾਂ। ਚੰਡੀਗੜ੍ਹ ਇਲਾਕੇ ਵਿੱਚ ਭਰਾਤਰੀ ਜਥੇਬੰਦੀਆਂ ਵੱਲੋਂ ਕੀਤੇ ਜਾਣ ਵਾਲੇ ਹਰ ਸੰਘਰਸ਼ ਦਾ ਹਿੱਸਾ ਬਣਦੇ ਰਹੇ ਹਾਂ। ਉਹਨਾਂ ਨੇ ਕਿਹਾ ਕਿ ਅਸੀਂ ਪੰਜ ਵੱਡੇ ਫੰਕਸ਼ਨ ਕੀਤੇ ਤੇ ਸਾਡੀ ਮੈਂਬਰਸ਼ਿਪ 75 ਤੋਂ ਵੱਧ ਕੇ ਹੁਣ 112 ਹੋ ਗਏ ਹੈ ਜਿਨ੍ਹਾਂ ਵਿੱਚੋਂ 33 ਨੌਜਵਾਨ ਵਕੀਲ ਅਤੇ ਵਿਦਿਆਰਥੀ ਹਨ। ਜਥੇਬੰਦਕ ਰਿਪੋਰਟ ਉੱਤੇ ਸਾਦੀਆ, ਲਵਲੀਨ, ਆਰ. ਐਸ ਚੌਹਾਨ ਸੰਜੀਵ ਬਾਂਸਲ, ਸਿਮਰਨ, ਆਰ. ਐਸ ਸਾਥੀ, ਸਹਿਜਬੀਰ ਕੌਰ, ਮੰਤਸਾ ਪਰਵੀਨ,
ਰੀਤੀਕਾ ਚੰਦੇਲ, ਮਨੀਤ ਸ਼ਰਮਾ, ਜੀਵਨ ਕੁਮਾਰ ਅਤੇ ਸ਼੍ਰੀ ਅਜਵਾਨੀ ਨੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਪੇਸ਼ ਕੀਤੀ ਰਿਪੋਰਟ ਉੱਤੇ ਸੰਤੁਸ਼ਟੀ ਪੇਸ਼ ਕਰਦੇ ਹੋਏ ਰਿਪੋਰਟ ਪਾਸ ਕੀਤੀ।
ਅਨਿਲ ਕੁਮਾਰ ਚੌਹਾਨ ਕੌਮੀ ਖਜਾਨਚੀ ਨੇ ਆਲੂ ਚੰਡੀਗੜ੍ਹ ਯੂਨਿਟ ਨੂੰ ਮੁਬਾਰਕਬਾਦ ਪੇਸ਼ ਕਰਦੇ ਕਿਹਾ ਕਿ ਅੱਜ ਦੀ ਕਾਨਫਰੰਸ ਵਿਚਾਰ ਆਰਕ ਕੋ ਅਤੇ ਜਥੇਬੰਦਕ ਪੱਖੋਂ ਸਫਲ ਹੈ।
ਆਲੂ ਹਰਿਆਣਾ ਦੇ ਵਰਕਿੰਗ ਪ੍ਰੈਜੀਡੈਂਟ ਕੁਲਦੀਪ ਸਿੰਘ ਨੇ ਕਿਹਾ ਕਿ ਅੱਜ ਦੇ ਮੌਕੇ ਜਥੇਬੰਦੀਆਂ ਨੂੰ ਮਜਬੂਤ ਕਰਕੇ ਆਮ ਲੋਕਾਂ ਨੌਜਵਾਨਾਂ ਅਤੇ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਨੀ ਸਮੇਂ ਦੀ ਲੋੜ ਹੈ ਤਾਂ ਕਿ ਉਹ ਲੋਕ ਦੋਖੀ ਸਰਕਾਰਾਂ ਦਾ ਅਸਲ ਚਿਹਰਾ ਪਛਾਣ ਸਕਣ।
ਆਇਲੂ ਚੰਡੀਗੜ੍ਹ ਦੀ ਕਾਨਫਰੰਸ ਦੌਰਾਨ 15 ਮੈਂਬਰੀ ਕਾਰਜਕਾਰਨੀ ਬਣਾਈ ਗਈ। ਕਾਰਜਕਾਰਨੀ ਦੀ ਫੌਰੀ ਤੌਰ ਤੇ ਕੀਤੀ ਗਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਕਰਮ ਸਿੰਘ ਵਕੀਲ-ਪ੍ਰਧਾਨ, ਸਗੀਰ ਅਹਿਮਦ ਅਤੇ ਰਣਵੀਰ ਸਿੰਘ ਚੌਹਾਨ-ਮੀਤ ਪ੍ਰਧਾਨ, ਮੁਹੰਮਦ ਸ਼ਾਹਨਾਜ਼ ਗੋਰਸੀ-ਸਕੱਤਰ, ਬਲਜੀਤ ਕੌਰ ਭੁੱਲਰ-ਮੀਤ ਸਕੱਤਰ ਅਤੇ ਅਮਰਜੀਤ ਸਿੰਘ- ਖਜਾਨਚੀ ਚੁਣੇ ਗਏ। ਇਸ ਦੌਰਾਨ ਨੌ ਮੈਂਬਰੀ ਕਾਰਜਕਾਰਨੀ ਵਿੱਚ ਪ੍ਰੋਫੈਸਰ ਯਾਸਿਰ, ਸੰਜੀਵ ਕੁਮਾਰ ਬਿਰਲਾ, ਪ੍ਰਦੀਪ ਰਾਣਾ, ਸਤਿੰਦਰ ਭੱਟੀ, ਕੇ. ਡੀ ਭਾਰਦਵਾਜ਼, ਧਰਮਿੰਦਰ ਸਿੰਘ, ਨੀਰੂ ਸ਼ਰਮਾ, ਕਨਿਕਾ ਧਿਮਾਨ ਅਤੇ ਦੀਪਕ ਚੌਧਰੀ ਦੀ ਚੋਣ ਵੀ ਕੀਤੀ ਗਈ।
ਕਾਨਫਰੰਸ ਦੇ ਅੰਤ ਵਿੱਚ ਦੁਬਾਰਾ ਚੁਣੇ ਪ੍ਰਧਾਨ ਕਰਮ ਸਿੰਘ ਵਕੀਲ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਦੇਸ਼ ਵਾਸੀਆਂ ਪ੍ਰਤੀ ਸੁਹਿਰਦ ਹੋ ਕੇ ਜਿੰਮੇਵਾਰੀ ਨਾਲ ਲੋਕ ਹਿਤੈਸ਼ੀ ਸੰਘਰਸ਼ ਅਤੇ ਸਮਾਗਮ ਕਰਨਾ ਸਾਡੀ ਜਿੰਮੇਵਾਰੀ ਬਣਦੀ ਹੈ ਜੋ ਅਸੀਂ ਤਹਿ ਦਿਲੀ ਨਾਲ ਨਿਭਾਵਾਂਗੇ। ਉਹਨਾਂ ਸਮੁੱਚੀ ਟੀਮ ਨੂੰ ਮਿਲ ਜੁਲ ਕੇ ਭਵਿੱਖ ਵਿੱਚ ਕਾਰਜਸ਼ੀਲ ਹੋਣ ਦੀ ਅਪੀਲ ਕੀਤੀ ਅਤੇ ਆਏ ਸਾਥੀਆਂ ਦਾ ਧੰਨਵਾਦ ਕੀਤਾ।