ਲੁਧਿਆਣਾ-ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਲੁਧਿਆਣਾ ਵਿੱਚ ਅੱਜ ਡਾ. ਅਨੂਪ ਸਿੰਘ ਬਟਾਲਾ ਨੇ ਆਪਣੀਆਂ ਦੋ ਸੱਜਰੀਆਂ ਕਿਤਾਬਾਂ “ਹੁਣ” ਤੇ “ਸਾਧਨਾ” ਅਤੇ ਸ. ਸੁੱਚਾ ਸਿੰਘ ਰੰਧਾਵਾ ਫਤਹਿਗੜ੍ਹ ਚੂੜੀਆਂ ਨੇ ਕਾਵਿ ਸੰਗ੍ਰਹਿ “ਇੰਝ ਲੱਗਦੈ” ਤੇ ਭਾਈ ਮਹਾਰਾਜ ਸਿੰਘ ਨੌਰੰਗਾਬਾਦ ਬਾਰੇ ਜੀਵਨੀ ਮੂਲਕ ਨਾਵਲ ਨਾਮੀ ਚਾਰ ਕਿਤਾਬਾਂ ਭੇਂਟ ਕੀਤੀਆਂ।
ਇਨ੍ਹਾਂ ਕਿਤਾਬਾਂ ਤੇ ਇਨ੍ਹਾਂ ਦੇ ਲੇਖਕਾਂ ਬਾਰੇ ਗੱਲਬਾਤ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਡਾ. ਅਨੂਪ ਸਿੰਘ ਵਿਸ਼ਲੇਸ਼ਣੀ ਨੀਝ ਵਾਲਾ ਮਾਰਕਸੀ ਸੋਚ ਨੂੰ ਪ੍ਰਣਾਇਆ ਵਾਰਤਕਕਾਰ ਹੈ ਜਿਸਨੇ ਪਿਛਲੇ ਚਾਰ ਦਹਾਕਿਆਂ ਵਿੱਚ ਖੋਜ ਮੂਲਕ ਲਿਖਤਾਂ ਤੋਂ ਇਲਾਵਾ ਸਿਰਜਣਾਤਮਕ ਵਾਰਤਕ ਲਿਖ ਕੇ ਪੰਜਾਬੀ ਸਾਹਿੱਤ ਨੂੰ ਭਰਪੂਰ ਕੀਤਾ ਹੈ। ਸ. ਸੁੱਚਾ ਸਿੰਘ ਰੰਧਾਵਾ ਨੇ ਵੀ ਆਪਣੀਆਂ ਲਿਖਤਾਂ ਨੂੰ ਨਾਵਲ ਰਚਨਾ ਤੇ ਕਾਵਿ ਰਚਨਾ ਦੇ ਦੁਆਲੇ ਹੀ ਰੱਖਿਆ ਹੈ। ਭਾਈ ਮਹਾਰਾਜ ਸਿੰਘ ਜੀ ਬਾਰੇ ਜੀਵਨੀ ਮੂਲਕ ਨਾਵਲ “ਵਿਦਰੋਹੀ ਸੰਤ” ਲਿਖ ਕੇ ਉਸ ਨੇ ਉੱਨੀਵੀਂ ਸਦੀ ਦੇ ਉਸ ਬਾਗ਼ੀ ਸੂਰਮੇ ਨੂੰ ਸ਼ਰਧਾਂਜਲੀ ਦਿੱਤੀ ਹੈ ਜਿਸ ਦੀ ਦਹਾੜ ਤੋਂ ਡਰਦਿਆਂ ਫ਼ਰੰਗੀ ਹਕੂਮਤ ਨੇ ਆਖਰੀ ਸਿੱਖ ਮਹਾਰਾਜਾ ਕੰਵਰ ਦਲੀਪ ਸਿੰਘ ਨੂੰ ਰਾਤੋ ਰਾਤ ਬੱਸੀਆਂ ਕੋਠੀ ਰਾਏਕੋਟ (ਲੁਧਿਆਣਾ) ਤੋਂ ਰਿਆਸਤੀ ਇਲਾਕੇ ਵਿੱਚ ਤਬਦੀਲ ਕਰ ਦਿੱਤਾ। ਉਨ੍ਹਾਂ ਨੂੰ ਡਰ ਸੀ ਕਿ ਭਾਈ ਮਹਾਰਾਜ ਸਿੰਘ ਦੀਆਂ ਨੌਰੰਗਾਬਾਦ (ਤਰਨਤਾਰਨ) ਤੋਂ ਤੁਰੀਆਂ ਘੋੜ ਸਵਾਰ ਫੌਜਾਂ ਸਾਥੋਂ ਆਪਣਾ ਆਖਰੀ ਮਹਾਰਾਜਾ ਛੁਡਵਾ ਕੇ ਲੈ ਜਾਣਗੀਆਂ।
ਇਸ ਮੌਕੇ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਤੇ ਜਨਰਲ ਸਕੱਤਰ ਰਹੇ ਡਾ. ਅਨੂਪ ਸਿੰਘ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਸ਼ਬਦ ਸੱਭਿਆਚਾਰ ਨਾਲ ਜੋੜਨ ਲਈ ਉਨ੍ਹਾਂ ਵਾਰਤਕ ਪੁਸਤਕ “ਸਾਧਨਾ” ਲਿਖੀ ਹੈ ਤਾਂ ਜੋ ਨਿਰੰਤਰ ਕਰਮਸ਼ੀਲ ਰਹਿਣ ਲਈ ਪ੍ਰੇਰਨਾ ਜਵਾਨੀ ਦੇ ਅੰਗ ਸੰਗ ਤੁਰੇ।
ਫ਼ਤਹਿਗੜ੍ਹ ਚੂੜੀਆਂ ਤੋਂ ਆਏ ਪੰਜਾਬੀ ਲੇਖਕ ਸੁੱਚਾ ਸਿੰਘ ਰੰਧਾਵਾ ਨੇ ਕਿਹਾ ਕਿ ਕਵਿਤਾ ਤੇ ਨਾਵਲ ਸਿਰਜਣਾ ਰਾਹੀਂ ਉਹ ਵਿਰਸੇ ਤੋਂ ਵਰਤਮਾਨ ਤੀਕ ਤੁਰੇ ਹਨ। ਭਾਈ ਮਹਾਰਾਜ ਸਿੰਘ ਤੋਂ ਬਾਦ ਹੁਣ ਉਹ 1857 ਦੇ ਗਦਰ ਵਿੱਚ ਪੰਜਾਬੀਆਂ ਦੇ ਯੋਗਦਾਨ ਬਾਰੇ ਨਾਵਲ ਲਿਖ ਰਹੇ ਹਨ। ਇਸ ਵਿੱਚ ਰਾਏ ਅਹਿਮਦ ਖਾਂ ਖਰਲ ਤੋਂ ਇਲਾਵਾ ਅਜਨਾਲਾ ਵਿੱਚ ਕਾਲਿਆਂ ਵਾਲੇ ਖੂਹ ਵਿੱਚ ਪੂਰਬੀਆਂ ਤੋਂ ਇਲਾਵਾ ਸ਼ਹੀਦ ਹੋਏ ਸਿੰਘਾਂ ਬਾਰੇ ਵੀ ਪ੍ਰਮਾਣੀਕ ਹਵਾਲਿਆਂ ਸਮੇਤ ਜ਼ਿਕਰ ਕੀਤਾ ਜਾਵੇਗਾ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੋਹਾਂ ਲੇਖਕਾਂ ਦਾ ਧੰਨਵਾਦ ਕੀਤਾ ਜੋ ਪਿਛਲੇ ਕਈ ਸਾਲਾਂ ਤੋਂ ਸਾਹਿਤ ਸਿਰਜਣਾ ਵਿੱਚ ਲਗਾਤਾਰ ਕਰਮਸ਼ੀਲ ਹਨ ਅਤੇ ਮਾਝਾ ਖੇਤਰ ਦੇ ਕਈ ਲਿਖਣ ਪੜ੍ਹਨ ਵਾਲਿਆਂ ਦੇ ਪ੍ਰੇਰਨਾ ਸਰੋਤ ਹਨ। ਪ੍ਰੋ. ਗਿੱਲ ਨੇ ਦੋਹਾਂ ਲੇਖਕਾਂ ਨੂੰ ਅਮਰੀਕਾ ਵੱਸਦੀ ਸਮਰੱਥ ਕਹਾਣੀਕਾਰ ਪਰਵੇਜ਼ ਸੰਧੂ ਦੀ ਵਾਰਤਕ ਪੁਸਤਕ “ਕੰਗਣੀ” ਭੇਂਟ ਕੀਤੀ।