ਸ੍ਰੀ ਅੰਮ੍ਰਿਤਸਰ-ਪੰਜਾਬ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਿਮਤੀ ਤੋਂ ਬਿਨਾਂ ਪਾਸ ਕੀਤੇ ਗਏ ‘ਦ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਮਾਹਰ ਕਮੇਟੀ ਨੇ ਤਾਲਮੇਲ ਕਮੇਟੀ ਪੰਜਾਬ ਸਰਕਾਰ ਨੂੰ ਤਖ਼ਤ ਸਾਹਿਬ ਤੋਂ ਹੋਏ ਆਦੇਸ਼ਾਂ ਦੀ ਪੂਰਤੀ ਦੀ ਲੋਅ ਵਿੱਚ 30 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੱਲਬਾਤ ਦਾ ਸੱਦਾ ਦਿੱਤਾ ਹੈ। ਇਸ ਸਬੰਧੀ ਮਾਹਰ ਕਮੇਟੀ ਦੇ ਕੋਆਰਡੀਨੇਟਰ ਸ. ਲਖਵੀਰ ਸਿੰਘ ਨੇ ਤਾਲਮੇਲ ਕਮੇਟੀ ਦੇ ਨੋਡਲ ਅਫ਼ਸਰ ਨੂੰ ਪੱਤਰ ਲਿਖ ਕੇ ਜਾਣਕਾਰੀ ਭੇਜੀ ਹੈ। ਮਾਹਰ ਕਮੇਟੀ ਨੇ ਤਾਲਮੇਲ ਕਮੇਟੀ ਪੰਜਾਬ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਸਬੰਧੀ ਸਿੱਖ ਸੰਗਤ ਨੂੰ ਗੁੰਮਰਾਹ ਨਾ ਕਰਨ ਲਈ ਵੀ ਆਖਿਆ ਹੈ।
ਮਾਹਰ ਕਮੇਟੀ ਦੀ ਇਕੱਤਰਤਾ ਵਿੱਚ ਜਸਟਿਸ (ਸੇਵਾਮੁਕਤ) ਸ. ਰੁਪਿੰਦਰ ਸਿੰਘ ਸੋਢੀ, ਜਸਟਿਸ (ਸੇਵਾਮੁਕਤ) ਸ. ਮੋਹਿੰਦਰ ਮੋਹਨ ਸਿੰਘ ਬੇਦੀ, ਸੀਨੀਅਰ ਐਡਵੋਕੇਟ ਸ. ਪੂਰਨ ਸਿੰਘ ਹੁੰਦਲ, ਡਾ. ਕੇਹਰ ਸਿੰਘ, ਪ੍ਰੋ ਜਗਮੋਹਨ ਸਿੰਘ ਅਤੇ ਕੋਆਰਡੀਨੇਟਰ ਸ. ਲਖਵੀਰ ਸਿੰਘ ਸ਼ਾਮਲ ਸਨ।
ਪੱਤਰ ਵਿੱਚ ਕਿਹਾ ਗਿਆ ਹੈ ਕਿ 23 ਨਵੰਬਰ ਨੂੰ ਤਾਲਮੇਲ ਕਮੇਟੀ ਪੰਜਾਬ ਸਰਕਾਰ ਦੀ ਇਕੱਤਰਤਾ ਜੋ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ, ਉਸ ਉਪਰੰਤ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਅਤੇ ਜਾਰੀ ਬਿਆਨ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਮਾਹਰ ਕਮੇਟੀ ਨੇ ਆਪਣੀ ਇਕੱਤਰਤਾ ਵਿੱਚ ਗੰਭੀਰਤਾ ਨਾਲ ਵਿਚਾਰੇ ਹਨ। ਦੋ ਬੰਦਿਆਂ ਦੁਆਰਾ ਜੋ ਕਿ ਸਰਕਾਰ ਵੱਲੋਂ ਬਣਾਈ ਕਮੇਟੀ ਦੇ ਮੈਂਬਰ ਵੀ ਨਹੀਂ ਹਨ, ਵੱਲੋਂ ਪ੍ਰੈੱਸ ਕਾਨਫ਼ਰੰਸ ਵਿੱਚ ਦਿੱਤੇ ਗਏ ਬਿਆਨ ਗੁੰਮਰਾਹਕੁਨ ਹਨ ਅਤੇ ਮਾਹਰ ਕਮੇਟੀ ਵੱਲੋਂ ਭੇਜੇ ਪੱਤਰਾਂ ਵਿੱਚ ਦਰਜ ਇਤਰਾਜ਼ਾਂ ਨੂੰ ਅਣਗੋਲਿਆਂ ਕਰਨ ਉੱਤੇ ਮਾਹਰ ਕਮੇਟੀ ਨੇ ਬਹੁਤ ਚਿੰਤਾ ਜ਼ਾਹਿਰ ਕੀਤੀ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿਅਕਤੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੋਧ ਐਕਟ, 2026 ਤੇ ਸਹਿਮਤੀ ਬਣਨ ਤੱਕ ਰੋਕ ਲਗਾਉਣ ਸਬੰਧੀ ਹੋਏ ਆਦੇਸ਼ਾਂ ਪ੍ਰਤੀ ਅਗਿਆਨਤਾ ਪ੍ਰਗਟ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੋਧ ਐਕਟ 2026 ’ਤੇ ਰੋਕ ਲਗਾਉਣ ਸਬੰਧੀ ਜਾਰੀ ਕੀਤੇ ਗਏ ਆਦੇਸ਼ਾਂ ਮਿਤੀ 11.05.2026 ਅਤੇ 29.06.2026 (ਕਾਪੀ ਨੱਥੀ) ਨੂੰ ਨਹੀਂ ਵਿਚਾਰਿਆ, ਜੋ ਕਿ ਵੱਖ-ਵੱਖ ਅਖ਼ਬਾਰਾਂ ਅਤੇ ਮੀਡੀਆ ਰਾਹੀਂ ਪ੍ਰਚਾਰੇ ਗਏ ਸਨ।
ਮਾਹਰ ਕਮੇਟੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਆਦੇਸ਼ਾਂ ਮਿਤੀ 11.05.2026 ਅਤੇ 29.06.2026 ਵਿੱਚ ਸਹਿਮਤੀ ਬਣਨ ਤੱਕ ਸੋਧ ਐਕਟ 2026 ’ਤੇ ਰੋਕ ਲਗਾਉਣ ਅਤੇ ਸਪੱਸ਼ਟ ਤਰੀਕੇ ਨਾਲ ਸਿਰਫ਼ ਉਨ੍ਹਾਂ ਸੋਧਾਂ ਸਬੰਧੀ ਲਿਖਿਆ ਗਿਆ ਹੈ ਜੋ ਸੋਧ ਐਕਟ 2026 ਵਿੱਚ ਸ਼ਾਮਲ ਕਰਕੇ ਕਾਨੂੰਨੀ ਅਮਲ ਰਾਹੀਂ ਸਿੱਖ ਸੰਗਤ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕਰਨ ਦਾ ਕੋਝਾ ਯਤਨ ਹਨ। ਇਸ ਤੋਂ ਇਲਾਵਾ ਆਦੇਸ਼ ਵਿੱਚ ਪੰਜਾਬ ਸਰਕਾਰ ਦੇ ਮੌਜੂਦਾ ਲਗਭਗ ਸਾਰੇ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਯਾਦਾ ਨੂੰ ਮੁੱਖ ਰੱਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਝਾਈਆਂ ਮਦਾਂ ਨੂੰ ਸੋਧ ਐਕਟ ਵਿੱਚੋਂ ਹਟਾਉਣ ਲਈ ਬਿਨਾਂ ਕਿਸੇ ਸ਼ਰਤ ਤੋਂ ਸਹਿਮਤੀ ਦਿੱਤੀ ਸੀ।
ਕਿਹਾ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਮਾਹਰ ਕਮੇਟੀ ਵੱਲੋਂ ਤਾਲਮੇਲ ਕਮੇਟੀ, ਪੰਜਾਬ ਸਰਕਾਰ ਨੂੰ ਲਿਖੇ ਗਏ ਪੱਤਰ ਮਿਤੀ 07.11.2026, 14.11.2026, 17.11.2026, 21.11.2026 ਦੇ ਵਿਚਲੇ ਤੱਥਾਂ ਨੂੰ ਤਾਲਮੇਲ ਕਮੇਟੀ ਵੱਲੋਂ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ ਗਿਆ ਹੈ ਅਤੇ ਨਾ ਹੀ ਉਕਤ ਪੱਤਰਾਂ ਦੇ ਤੱਥਾਂ ਨੂੰ ਆਮ ਜਨਤਾ ਅਤੇ ਮੀਡੀਆ ਦੇ ਸਾਹਮਣੇ ਜ਼ਾਹਰ ਕੀਤਾ ਗਿਆ ਹੈ।
ਮਾਹਰ ਕਮੇਟੀ ਨੇ ਬਹੁਤ ਹੀ ਅਫ਼ਸੋਸ ਨਾਲ ਲਿਖਿਆ ਹੈ ਕਿ ਸਰਕਾਰੀ ਕਮੇਟੀ ਵੱਲੋਂ ਉਕਤ ਸੋਧ ਐਕਟ ’ਤੇ ਰੋਕ ਲਾਉਣ ਨੂੰ ਇਸ ਤਰਕ ਨਾਲ ਅੱਖੋ-ਪਰੋਖੇ ਕਰ ਦਿੱਤਾ ਗਿਆ ਹੈ ਕਿ ਤੁਹਾਡੀ ਕਮੇਟੀ ਨੂੰ ਸੋਧ ਐਕਟ ਦੇ ਅਮਲ ’ਤੇ ਰੋਕ ਲਾਉਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਪੱਸ਼ਟ ਹੈ ਕਿ ਤਾਲਮੇਲ ਕਮੇਟੀ ਨੂੰ ਬਣਾਉਣ ਵਾਲੀ ਪੰਜਾਬ ਸਰਕਾਰ ਹੈ ਅਤੇ ਇਹ ਗੱਲ ਅਸੰਭਵ ਨਹੀਂ ਸੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੋਧ ਐਕਟ 2026 ’ਤੇ ਰੋਕ ਲਗਾਉਣ ਸਬੰਧੀ ਆਦੇਸ਼ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਸਰਕਾਰ ਦੇ ਫ਼ੈਸਲੇ ਨੂੰ ਮੀਡੀਆ ਉੱਪਰ ਨਸ਼ਰ ਕਰਦੇ ਅਤੇ ਮਾਹਰ ਕਮੇਟੀ ਨੂੰ ਲਿਖਤੀ ਪੱਤਰ ਭੇਜਦੇ।
ਉਨ੍ਹਾਂ ਕਿਹਾ ਕਿ ਸਰਕਾਰੀ ਕਮੇਟੀ ਨੇ ਅਜਿਹਾ ਨਹੀਂ ਕੀਤਾ, ਇਸ ਤੋਂ ਮਾਹਰ ਕਮੇਟੀ ਦਾ ਤਾਲਮੇਲ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਾ ਅਧਾਰ ਸਪੱਸ਼ਟ ਹੋ ਜਾਂਦਾ ਹੈ। ਤਾਲਮੇਲ ਕਮੇਟੀ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਅਧਿਕਾਰਕ ਜਾਣਕਾਰੀ ਨਾ ਦੇ ਕੇ ਪ੍ਰੈੱਸ ਵਿੱਚ ਦਿੱਤੇ ਬਿਆਨਾਂ ਰਾਹੀਂ ਮਿਤੀ 27.11.2026 ਨੂੰ ਰੱਖੀ ਇਕੱਤਰਤਾ ਵਿੱਚ ਮਾਹਰ ਕਮੇਟੀ ਦੇ ਮੈਂਬਰ ਸਾਹਿਬਾਨ ਦਾ ਸ਼ਾਮਲ ਹੋਣਾ ਅਸੰਭਵ ਹੈ।
ਮਾਹਰ ਕਮੇਟੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਤਾਲਮੇਲ ਕਮੇਟੀ ਵੱਲੋਂ ਵੱਖ-ਵੱਖ ਅਖ਼ਬਾਰਾਂ ਵਿੱਚ ਬਿਆਨ ਦਿੱਤੇ ਜਾ ਰਹੇ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਸਰਕਾਰੀ ਕਮੇਟੀ ਵੱਲੋਂ ਮੀਟਿੰਗਾਂ ਕਰਕੇ ਇਤਰਾਜ਼ਾਂ ਨੂੰ ਦੂਰ ਕਰ ਦਿੱਤਾ ਗਿਆ ਹੈ, ਇਸਦੇ ਨਾਲ ਹੀ ਸੋਧ ਐਕਟ 2026 ’ਤੇ ਰੋਕ ਲਾਉਣ ਸਬੰਧੀ ਤਾਲਮੇਲ ਕਮੇਟੀ ਵੱਲੋਂ ਦਿੱਤੇ ਬਿਆਨਾਂ ਵਿੱਚ ਸੋਧ ਐਕਟ ਲਾਗੂ ਹੈ ਜਾਂ ਲੰਬਿਤ ਹੈ, ਸਬੰਧੀ ਸਪੱਸ਼ਟਤਾ ਨਹੀਂ ਹੈ ਅਤੇ ਇਸ ਸਬੰਧੀ ਮਾਹਰ ਕਮੇਟੀ ਵੱਲੋਂ ਵਾਰ-ਵਾਰ ਪੱਤਰ ਲਿਖਣ ਦੇ ਬਾਵਜੂਦ ਵੀ ਸਪੱਸ਼ਟ ਜਾਣਕਾਰੀ ਨਹੀਂ ਭੇਜੀ ਗਈ ਤੇ ਨਾ ਹੀ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੋਈ ਜਾਣਕਾਰੀ ਭੇਜੀ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ਾਂ ਦੀ ਪੂਰਤੀ ਦੇ ਸੰਦਰਭ ਵਿੱਚ ਜਾਣਕਾਰੀ ਭੇਜਣ ਦੀ ਗੱਲ ਆਖੀ ਗਈ ਹੈ।
ਉਨ੍ਹਾਂ ਕਿਹਾ ਕਿ ਮਾਹਰ ਕਮੇਟੀ ਨੇ ਹਮੇਸ਼ਾ ਹੀ ਸਰਕਾਰੀ ਕਮੇਟੀ ਨਾਲ ਇਸ ਮਸਲੇ ਸਬੰਧੀ ਵਿਚਾਰਾਂ ਕਰਨ ਲਈ ਆਪਣੀ ਇੱਛਾ ਪ੍ਰਗਟਾਈ ਹੈ ਅਤੇ ਹੁਣ ਵੀ ਇਸੇ ਇੱਛਾ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ਾਂ ਦੀ ਪੂਰਤੀ ਹਿੱਤ ਮਾਹਰ ਕਮੇਟੀ ਉਨ੍ਹਾਂ ਨਾਲ ਖੁੱਲ੍ਹੇ ਵਿਚਾਰ ਵਟਾਂਦਰੇ ਲਈ ਤਿਆਰ ਹੈ। ਇਸ ਲਈ ਸਿੱਖ ਪੰਥ ਦੀ ਏਕਤਾ ਅਤੇ ਇਸ ਮਸਲੇ ਸਬੰਧੀ ਆਮ ਜਨਤਾ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪੂਰਤੀ ਦੀ ਲੋਅ ਵਿੱਚ ਮਾਹਰ ਕਮੇਟੀ ਨੇ ਤਾਲਮੇਲ ਕਮੇਟੀ ਪੰਜਾਬ ਸਰਕਾਰ ਨੂੰ ਇਸ ਮਸਲੇ ਉੱਤੇ ਵਿਚਾਰ ਕਰਨ ਲਈ 30 ਨਵੰਬਰ 2026 ਨੂੰ ਸਵੇਰੇ 11 ਵਜੇ ਸ. ਬਲਦੇਵ ਸਿੰਘ ਮਾਹਿਲਪੁਰੀ ਮੀਟਿੰਗ ਹਾਲ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਪੁੱਜਣ ਦਾ ਸੱਦਾ ਦਿੱਤਾ ਹੈ। ਕਿਹਾ ਗਿਆ ਹੈ ਕਿ ਸੱਦੀ ਗਈ ਸਾਂਝੀ ਇਕੱਤਰਤਾ ਵਿੱਚ ਦੋਹਾਂ ਕਮੇਟੀਆਂ ਦੇ ਨਾਮਜਦ ਮੈਂਬਰ ਸਾਹਿਬਾਨ ਹੀ ਵਿਚਾਰਾਂ ਕਰਨ ਲਈ ਸ਼ਾਮਲ ਹੋ ਸਕਣਗੇ। ਤਾਲਮੇਲ ਕਮੇਟੀ ਨੂੰ ਇੱਕ ਵਾਰ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮਿਤੀ 11 ਮਈ ਅਤੇ 29 ਜੂਨ ਭੇਜੇ ਗਏ ਹਨ।