ਨਵੀਂ ਦਿੱਲੀ- ਵਿਦੇਸ਼ਾਂ ਵਿੱਚ ਰਹਿੰਦੇ ਸਿੱਖ ਆਗੂਆਂ ਨੂੰ ਨਿਸ਼ਾਨਾ ਬਣਾਉਣ ਅਤੇ ਉਨ੍ਹਾਂ ਦੇ ਕਤਲਾਂ ਪਿੱਛੇ ਭਾਰਤੀ ਸਰਕਾਰੀ ਤੰਤਰ ਦੀ ਕਥਿਤ ਭੂਮਿਕਾ ਬਾਰੇ ਲੱਗੇ ਦੋਸ਼ ਹੁਣ ਕੌਮਾਂਤਰੀ ਅਦਾਲਤਾਂ ਵਿੱਚ ਕਾਨੂੰਨੀ ਮਾਮਲਿਆਂ ਦਾ ਰੂਪ ਧਾਰ ਰਹੇ ਹਨ।ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਮਾਮਲਾ ਇੱਕ ਵਾਰ ਫਿਰ ਕੈਨੇਡਾ ਦੀ ਨਿਆਂ ਪ੍ਰਣਾਲੀ ਦੇ ਕੇਂਦਰ ਵਿੱਚ ਆਉਣ ਜਾ ਰਿਹਾ ਹੈ। ਭਾਈ ਨਰਿੰਦਰ ਸਿੰਘ ਰੰਧਾਵਾ ਵੱਲੋਂ ਭੇਜੀ ਜਾਣਕਾਰੀ ਅਨੁਸਾਰ, ਇਸ ਮਾਮਲੇ ਵਿੱਚ ਗ੍ਰਿਫ਼ਤਾਰ ਚਾਰ ਭਾਰਤੀ ਨਾਗਰਿਕਾਂ ਕਰਨ ਬਰਾੜ, ਕਮਲਪ੍ਰੀਤ ਸਿੰਘ, ਕਰਨਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਦੀ 1 ਅਤੇ 2 ਦਸੰਬਰ 2026 ਨੂੰ ਸੁਪਰੀਮ ਕੋਰਟ ਨਿਊ ਵੈਸਟਮਿੰਸਟਰ ਵਿਖੇ ਪੇਸ਼ੀ ਹੋਵੇਗੀ। ਇਨ੍ਹਾਂ ਵਿਰੁੱਧ ਪਹਿਲੇ ਦਰਜੇ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ ਦੇ ਦੋਸ਼ ਹਨ। ਜ਼ਿਕਰਯੋਗ ਹੈ ਕਿ 18 ਜੂਨ 2023 ਨੂੰ ਸਰੀ ਵਿਖੇ ਗੁਰਦੁਆਰਾ ਸਾਹਿਬ ਦੇ ਬਾਹਰ ਹਰਦੀਪ ਨਿੱਝਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਤੋਂ ਬਾਅਦ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀ ਏਜੰਟਾਂ ਦੀ ਸੰਭਾਵੀ ਸ਼ਮੂਲੀਅਤ ਬਾਰੇ ਗੰਭੀਰ ਦੋਸ਼ ਲਗਾਏ ਸਨ। ਇਸ ਘਟਨਾ ਨੇ ਦੁਨੀਆ ਭਰ ਵਿੱਚ ਵੱਸਦੇ ਸਿੱਖਾਂ ਦੀ ਸੁਰੱਖਿਆ ਅਤੇ ਭਾਰਤੀ ਸਰਕਾਰੀ ਏਜੰਸੀਆਂ ਦੀਆਂ ਕਥਿਤ ਸਰਹੱਦ ਪਾਰ ਗਤੀਵਿਧੀਆਂ ਬਾਰੇ ਵੱਡੇ ਸਵਾਲ ਖੜ੍ਹੇ ਕੀਤੇ ਸਨ। ਭਾਰਤ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ, ਪਰ ਨਿੱਝਰ ਕਤਲ ਕੇਸ ਦੀ ਨਿਰਪੱਖ ਜਾਂਚ ਅਤੇ ਅਦਾਲਤੀ ਕਾਰਵਾਈ ਰਾਹੀਂ ਸਾਰੇ ਤੱਥ ਸਾਹਮਣੇ ਆਉਣੇ ਬੇਹੱਦ ਜ਼ਰੂਰੀ ਹਨ। ਇਸੇ ਦੌਰਾਨ ਅਮਰੀਕਾ ਵਿੱਚ ਸਿੱਖ ਆਗੂ ਅਤੇ ਅਮਰੀਕੀ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਨਾਕਾਮ ਸਾਜ਼ਿਸ਼ ਦੇ ਮਾਮਲੇ ਨੇ ਭਾਰਤੀ ਸਰਕਾਰੀ ਤੰਤਰ ਬਾਰੇ ਹੋਰ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਅਮਰੀਕਾ ਦੇ ਨਿਆਂ ਵਿਭਾਗ ਅਨੁਸਾਰ, ਇਸ ਸਾਜ਼ਿਸ਼ ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਇੱਕ ਮੁਲਾਜ਼ਮ ਵਿਕਾਸ ਯਾਦਵ ਦੇ ਨਿਰਦੇਸ਼ਾਂ ਹੇਠ ਕੰਮ ਕਰਦਿਆਂ ਪੰਨੂ ਦੇ ਕਤਲ ਦੀ ਯੋਜਨਾ ਬਣਾਉਣ ਵਿੱਚ ਭੂਮਿਕਾ ਨਿਭਾਈ। ਨਿਖਿਲ ਗੁਪਤਾ ਨੇ ਫਰਵਰੀ 2026 ਵਿੱਚ ਆਪਣੇ ਵਿਰੁੱਧ ਲੱਗੇ ਦੋਸ਼ ਕਬੂਲ ਕੀਤੇ ਸਨ ਅਤੇ 20 ਨਵੰਬਰ 2026 ਨੂੰ ਅਮਰੀਕਾ ਦੀ ਸੰਘੀ ਅਦਾਲਤ ਨੇ ਉਸ ਨੂੰ 235 ਮਹੀਨੇ, ਭਾਵ 19 ਸਾਲ 7 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ। ਅਮਰੀਕੀ ਨਿਆਂ ਵਿਭਾਗ ਦੇ ਅਦਾਲਤੀ ਰਿਕਾਰਡ ਅਨੁਸਾਰ, ਵਿਕਾਸ ਯਾਦਵ ਭਾਰਤ ਸਰਕਾਰ ਦੇ ਕੈਬਨਿਟ ਸਕੱਤਰੇਤ ਨਾਲ ਜੁੜਿਆ ਮੁਲਾਜ਼ਮ ਸੀ ਅਤੇ ਉਸ ਨੇ ਪੰਨੂ ਦੇ ਕਤਲ ਲਈ ਇੱਕ ਲੱਖ ਡਾਲਰ ਦੇਣ ਦੀ ਸਹਿਮਤੀ ਦਿੱਤੀ ਸੀ। ਅਮਰੀਕੀ ਜਾਂਚ ਏਜੰਸੀਆਂ ਨੇ ਜਿਸ ਵਿਅਕਤੀ ਨੂੰ ਕਾਤਲ ਸਮਝ ਕੇ ਸੰਪਰਕ ਕੀਤਾ ਗਿਆ ਸੀ, ਉਸ ਨੂੰ ਅਸਲ ਵਿੱਚ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦਾ ਗੁਪਤ ਸੂਤਰ ਅਤੇ ਜਿਸ ਨੂੰ ਕਾਤਲ ਸਮਝਿਆ ਗਿਆ, ਉਸ ਨੂੰ ਗੁਪਤ ਅਧਿਕਾਰੀ ਦੱਸਿਆ। ਇਸ ਮਾਮਲੇ ਵਿੱਚ ਇੱਕ ਹੋਰ ਅਹਿਮ ਮੋੜ ਉਸ ਸਮੇਂ ਆਇਆ ਜਦੋਂ ਪੰਨੂ ਵੱਲੋਂ ਦਾਇਰ ਵੱਖਰੇ ਸਿਵਲ ਮੁਕੱਦਮੇ ਵਿੱਚ ਅਮਰੀਕੀ ਅਦਾਲਤ ਨੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਸਾਬਕਾ ਰਾਅ ਮੁਖੀ ਸਮੰਤ ਗੋਇਲ ਸਮੇਤ ਹੋਰਨਾਂ ਵਿਰੁੱਧ ਦਾਇਰ ਦਾਅਵੇ ਸਬੰਧੀ ਸੰਮਨ ਅਤੇ ਨਿਆਂਇਕ ਦਸਤਾਵੇਜ਼ ਭਾਰਤ ਵਿੱਚ ਤਾਮੀਲ ਕਰਵਾਉਣ ਲਈ ਭੇਜਣ ਦਾ ਹੁਕਮ ਦਿੱਤਾ। ਇਹ ਕਾਰਵਾਈ ਉਨ੍ਹਾਂ ਵਿਰੁੱਧ ਦੋਸ਼ ਸਾਬਤ ਹੋਣ ਦੇ ਬਰਾਬਰ ਨਹੀਂ, ਪਰ ਭਾਰਤੀ ਉੱਚ ਅਧਿਕਾਰੀਆਂ ਨੂੰ ਅਮਰੀਕੀ ਅਦਾਲਤ ਵਿੱਚ ਜਵਾਬਦੇਹ ਬਣਾਉਣ ਦੀ ਕੋਸ਼ਿਸ਼ ਇਸ ਮਾਮਲੇ ਦੀ ਗੰਭੀਰਤਾ ਦਰਸਾਉਂਦੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਦਾਅਵਿਆਂ ਨੂੰ ਬੇਬੁਨਿਆਦ ਅਤੇ ਮੁਕੱਦਮੇ ਨੂੰ ਨਿਰਾਧਾਰ ਕਰਾਰ ਦਿੱਤਾ ਹੈ। ਇਨ੍ਹਾਂ ਦੋਵਾਂ ਮਾਮਲਿਆਂ ਨੂੰ ਇਕੱਠਿਆਂ ਦੇਖਣ ਨਾਲ ਵਿਦੇਸ਼ਾਂ ਵਿੱਚ ਸਿੱਖ ਆਗੂਆਂ ਦੀ ਸੁਰੱਖਿਆ ਦੀ ਮੰਗ ਹੋਰ ਮਹੱਤਵਪੂਰਨ ਬਣਦੀ ਹੈ।