ਸੰਸਾਰ

ਕੈਪਟਨ ਅਮਰਿੰਦਰ ਸਿੰਘ ਦੀ ਜਨਰਲ ਬਾਜਵਾ ਨੂੰ ਨਸੀਹਤ, ਅਮਨ ਦੇ ਮੁੱਦੇ ਉਤੇ ਫੋਕੇ ਵਾਅਦਿਆਂ ਵਾਲੀ ਲਫ਼ਾਜ਼ੀ ਛੱਡੋ, ਅਮਲ ਕਰੋ

ਕੌਮੀ ਮਾਰਗ ਬਿਊਰੋ | March 19, 2021 04:45 PM


ਚੰਡੀਗੜ੍ਹ,  
ਪਾਕਿਸਤਾਨ ਵੱਲੋਂ ਮਦਦ ਪ੍ਰਾਪਤ ਅਤਿਵਾਦ ਨੂੰ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਦੇ ਆਮ ਵਾਂਗ ਹੋਣ ਵਿੱਚ ਸਭ ਤੋਂ ਵੱਡਾ ਅੜਿੱਕਾ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਨਸੀਹਤ ਦਿੱਤੀ ਕਿ ਉਹ ਭਾਰਤ ਨਾਲ ਅਮਨ ਦੇ ਮੁੱਦੇ ਉਤੇ ਲੱਛੇਦਾਰ ਭਾਸ਼ਣ ਦੇਣ ਦੀ ਬਜਾਏ ਪੁਖਤਾ ਕਾਰਵਾਈ ਕਰਨ।
ਮੁੱਖ ਮੰਤਰੀ ਨੇ ਕਿਹਾ ਕਿ ਬਾਜਵਾ ਨੂੰ ਪਹਿਲਾਂ ਆਈ.ਐਸ.ਆਈ. ਨੂੰ ਕੰਟਰੋਲ ਕਰਨਾ ਚਾਹੀਦਾ ਹੈ, ਉਸ ਤੋਂ ਬਾਅਦ ਹੀ ਭਾਰਤ-ਪਾਕਿ ਰਿਸ਼ਤਿਆਂ ਵਿੱਚ ਸਥਿਰਤਾ ਬਾਰੇ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪ੍ਰਤੀ ਨਰਮ ਰੁਖ਼ ਭਾਰਤ ਨੂੰ ਉਦੋਂ ਤੱਕ ਵਾਰਾ ਨਹੀਂ ਖਾ ਸਕਦਾ, ਜਦੋਂ ਤੱਕ ਪਾਕਿਸਤਾਨ ਆਪਣੇ ਫੋਕੇ ਵਾਅਦਿਆਂ ਦੀ ਥਾਂ ਪੁਖ਼ਤਾ ਅਮਲਾਂ ਨਾਲ ਆਪਣੀ ਸੰਜੀਦਗੀ ਸਾਬਤ ਨਹੀਂ ਕਰ ਦਿੰਦਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ''ਸਰਹੱਦ ਪਾਰ ਤੋਂ ਭਾਰਤ ਵਿੱਚ ਘੁਸਪੈਠ ਹਾਲੇ ਵੀ ਜਾਰੀ ਹੈ ਅਤੇ ਸਰਹੱਦਾਂ ਉਤੇ ਰੋਜ਼ਾਨਾ ਭਾਰਤੀ ਫੌਜੀ ਮਾਰੇ ਜਾ ਰਹੇ ਹਨ। ਪਾਕਿਸਤਾਨ ਤੋਂ ਹਰ ਰੋਜ਼ ਡਰੋਨਾਂ ਰਾਹੀਂ ਪੰਜਾਬ ਵਿੱਚ ਹਥਿਆਰ ਤੇ ਹੈਰੋਇਨ ਪਹੁੰਚਾਈ ਜਾ ਰਹੀ ਹੈ। ਮੇਰੇ ਸੂਬੇ ਵਿੱਚ ਰੋਜ਼ਾਨਾ ਗੜਬੜੀਆਂ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਪਹਿਲਾਂ ਇਹ ਸਭ ਕੁੱਝ ਰੁਕਣਾ ਚਾਹੀਦਾ ਹੈ ਤਾਂ ਹੀ ਅਸੀਂ ਅਮਨ ਲਈ ਗੱਲਬਾਤ ਕਰ ਸਕਾਂਗੇ।''
ਮੁੱਖ ਮੰਤਰੀ ਨੇ 1964 ਵਿੱਚ ਪੱਛਮੀ ਕਮਾਂਡ ਵਿੱਚ ਜਨਰਲ ਅਫ਼ਸਰ ਕਮਾਂਡਿੰਗ-ਇਨ-ਚੀਫ ਦੇ ਏ.ਡੀ.ਸੀ. ਵਜੋਂ ਆਪਣੇ ਨਿੱਜੀ ਤਜਰਬਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਦਾ ਭਰੋਸਾ ਜਿੱਤਣ ਲਈ ਪਾਕਿਸਤਾਨ ਨੂੰ ਅਮਨ ਦੀ ਕੋਸ਼ਿਸ਼ ਦੀ ਪੇਸ਼ਕਸ਼ ਲਈ ਬਹੁਤ ਕੁੱਝ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ''ਉਦੋਂ ਸਾਨੂੰ ਪੱਛਮੀ ਸਰਹੱਦ ਤੋਂ ਰੋਜ਼ਾਨਾ ਗੋਲੀਬਾਰੀ ਤੇ ਗੜਬੜੀ ਦੀਆਂ ਰਿਪੋਰਟਾਂ ਮਿਲਦੀਆਂ ਸਨ, ਜਿਵੇਂ ਕਿ ਹੁਣ ਮਿਲ ਰਹੀਆਂ ਹਨ।''
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਗੱਲ ਜ਼ਰੂਰੀ ਹੈ ਕਿ ਸਿਰਫ਼ ਬਾਜਵਾ ਨਹੀਂ, ਸਗੋਂ ਸਮੁੱਚੀ ਪਾਕਿਸਤਾਨੀ ਫੌਜੀ ਲੀਡਰਸ਼ਿਪ ਭਾਰਤ ਨਾਲ ਸ਼ਾਂਤੀ ਦਾ ਰਾਹ ਪੱਧਰਾ ਕਰਨ ਤੇ ਬੀਤੇ ਦੀਆਂ ਗੱਲਾਂ ਭੁਲਾਉਣ ਵਾਲੇ ਵਿਚਾਰ ਦੇ ਪੱਖ ਵਿੱਚ ਆਏ। ਉਨ੍ਹਾਂ ਕਿਹਾ ਕਿ ਭਾਰਤ ਨੇ ਕਦੀ ਵੀ ਦੋਵਾਂ ਮੁਲਕਾਂ ਵਿਚਾਲੇ ਅਮਨ ਦੇ ਰਾਹ ਵਿੱਚ ਅੜਿੱਕਾ ਨਹੀਂ ਡਾਹਿਆ, ਜਦੋਂ ਕਿ ਪਾਕਿਸਤਾਨ ਵੱਲੋਂ ਹੀ ਇਹ ਅੜਿੱਕੇ ਡਾਹੇ ਗਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦੇ ਅਮਨ ਪ੍ਰਸਤਾਵਾਂ ਉਤੇ ਭਾਰਤ ਤਾਂ ਹੀ ਯਕੀਨ ਤੇ ਹੁੰਗਾਰਾ ਭਰ ਸਕਦਾ ਹੈ, ਜਦੋਂ ਇਨ੍ਹਾਂ ਸਵਾਲਾਂ ਦਾ ਜਵਾਬ ਮਿਲ ਜਾਵੇ ਕਿ ਕੀ ਉਥੇ ਸਾਰੇ ਜਨਰਲ ਬਾਜਵਾ ਵੱਲੋਂ ਪ੍ਰਗਟਾਏ ਵਿਚਾਰਾਂ ਨਾਲ ਇਤਫ਼ਾਕ ਰੱਖਦੇ ਹਨ? ਕੀ ਉਹ ਸਾਰੇ ਅਤਿਵਾਦੀ ਗਰੁੱਪਾਂ ਦੀ ਸਭ ਤਰ੍ਹਾਂ ਦੀ ਮਦਦ ਤੋਂ ਫੌਰੀ ਹੱਥ ਖਿੱਚਦੇ ਹਨ? ਕੀ ਉਹ ਆਈ.ਐਸ.ਆਈ. ਨੂੰ ਭਾਰਤ ਵਿਚਲੀਆਂ ਸਾਰੀਆਂ ਗਤੀਵਿਧੀਆਂ ਬੰਦ ਕਰਨ ਲਈ ਕਹਿ ਸਕਦੇ ਹਨ? ਅਮਨ ਲਈ ਕੋਈ ਸ਼ਰਤ ਨਾ ਹੋਣ ਦੀ ਗੱਲ ਆਖਦਿਆਂ ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਸ਼ਾਂਤੀ ਦਾ ਹਮਾਇਤੀ ਰਿਹਾ ਹੈ ਅਤੇ ਸਾਰੇ ਭਾਰਤੀ ਅਮਨ ਚਾਹੁੰਦੇ ਹਨ ਪਰ ਭਾਰਤ ਆਪਣੀ ਸੁਰੱਖਿਆ ਅਤੇ ਅਖੰਡਤਾ ਨਾਲ ਕੋਈ ਸਮਝੌਤਾ ਨਹੀਂ ਕਰ ਸਕਦਾ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁੱਝ ਮਹੀਨਿਆਂ ਵਿੱਚ ਬਣੇ ਹਾਲਾਤ ਅਤੇ ਪਾਕਿਸਤਾਨ ਦੀ ਚੀਨ ਨਾਲ ਵਧਦੀ ਗੰਢ-ਤੁੱਪ ਚਿੰਤਾ ਦਾ ਵਿਸ਼ਾ ਹੈ। ਇਸ ਨਾਲ ਹੋਰ ਸਰਹੱਦਾਂ ਉਤੇ ਵੀ ਭਾਰਤ ਲਈ ਖ਼ਤਰੇ ਖੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇ ਪਾਕਿਸਤਾਨ ਸੱਚੀ-ਮੁੱਚੀ ਭਾਰਤ ਨਾਲ ਅਮਨ ਲਈ ਸੰਜੀਦਾ ਹੈ ਤਾਂ ਉਸ ਨੂੰ ਚੀਨ ਨੂੰ ਇਹ ਸਪੱਸ਼ਟ ਤੇ ਠੋਕਵਾਂ ਸੁਨੇਹਾ ਦੇਣਾ ਪਵੇਗਾ ਕਿ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਉਤੇ ਕਿਸੇ ਵੀ ਤਰ੍ਹਾਂ ਦਾ ਜ਼ੋਖ਼ਮ ਸਹੇੜਨ ਵੇਲੇ ਉਹ (ਪਾਕਿਸਤਾਨ) ਨਾਲ ਨਹੀਂ ਖੜ੍ਹੇਗਾ।

Have something to say? Post your comment

 

ਸੰਸਾਰ

ਬੈਲਜੀਅਮ ਵਿਖੇ ਪਹਿਲੇ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਏ ਜਾਣਗੇ ਅਖੰਡ ਪਾਠ ਸਾਹਿਬ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ