ਧਰਮ

ਗੁਰਦੁਆਰਾ ਮੱਲ ਅਖਾੜਾ ਪਾਤਸ਼ਾਹੀ ਛੇਵੀਂ

ਦਿਲਜੀਤ ਸਿੰਘ ਬੇਦੀ/ਕੌਮੀ ਮਾਰਗ ਬਿਊਰੋ | July 17, 2023 06:53 PM

ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ 9 ਜੂਨ 1595 ਈਸਵੀ ਨੂੰ ਗੁਰੂ ਦੀ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਆਪ ਗੁਰੂ ਅਰਜਨ ਦੇਵ ਅਤੇ ਮਾਤਾ ਗੰਗਾ ਜੀ ਦੇ ‘ਵਡ ਜੋਧੇ ਤੇ ਬਹੁ ਪਰਉਪਕਾਰੀ ਸਪੁੱਤਰ ਸਨ। ਆਪ ਦੇ ਸਰੀਰਕ ਬਲ ਅਤੇ ਯੁੱਧ ਨੀਤੀ ਬਾਰੇ ਅਨੇਕਾਂ ਬਿਰਤਾਂਤ ਸੁਣਨ ਨੂੰ ਮਿਲਦੇ ਹਨ। ਇਨ੍ਹਾਂ ਦੇ ਤਿੰਨ ਮਹਿਲ {ਸੁਪਤਨੀਆਂ}- ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ ਅਤੇ ਮਾਤਾ ਮਹਾਂਦੇਵੀ ਜੀ ਸਨ। ਆਪ ਜੀ ਦੇ ਪੰਜ ਸਾਹਿਬਜ਼ਾਦੇ - ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਣੀ ਰਾਇ ਜੀ, ਬਾਬਾ ਅਟਲ ਰਾਇ ਜੀ ਅਤੇ (ਗੁਰੂ) ਤੇਗ਼ ਬਹਾਦਰ ਜੀ  ਅਤੇ ਇੱਕ ਧੀ ਬੀਬੀ ਵੀਰੋ ਜੀ ਸਨ। ਸ੍ਰੀ ਅਕਾਲ ਤਖ਼ਤ ਦੀ ਸਥਾਪਨਾ ਤੇ ਲੋਹਗੜ੍ਹ ਵਰਗੇ ਕਿਲ੍ਹੇ ਬਣਾਉਣਾ ਉਨ੍ਹਾਂ ਦੀ ਸੁਚੱਜੀ ਵਿਉਂਤ ਸੀ। ਉਨ੍ਹਾਂ ਨੇ ਕੀਰਤਪੁਰ, ਮਹਿਰਾਜ, ਸ੍ਰੀ ਹਰਿਗੋਬਿੰਦ ਪੁਰ ਵਰਗੇ ਨਗਰ ਵਸਾਏ। ਸ੍ਰੀ ਅਕਾਲ ਤਖ਼ਤ ਦੀ ਸਿਰਜਨਾ ਸਮੇਂ ਭਵਿੱਖ ਨੂੰ ਤਕਦਿਆਂ ਉਨ੍ਹਾਂ ਫੌਜ ਤਿਆਰ ਕੀਤੀ ਅਤੇ ਮੱਲ ਅਖਾੜੇ ਸਥਾਪਤ ਕੀਤੇ।

ਸਿੱਖ ਇਤਿਹਾਸ ਵਿੱਚ ਗਤਕੇ ਜਾਂ ਯੁੱਧ-ਕਲਾ ਦੀ ਝਲਕ ਬਾਬਾ ਬੁੱਢਾ ਜੀ ਦੇ ਜੀਵਨ ਕਾਲ ਤੋਂ ਮਿਲਦੀ ਹੈ, ਜਿਨ੍ਹਾਂ ਨੇ ‘ਅਕਾਲੀ ਸੈਨਾ’ ਜਾਂ ‘ਬੁੱਢਾ ਦਲ’ ਨਾਂ ਦੇ ਫੌਜੀ ਜੱਥੇ ਨੂੰ ਆਪਣੀ ਨਿਗਰਾਨੀ ਵਿੱਚ ਸਿਖਲਾਈ ਦਿਤੀ । ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸ਼ਸਤਰ ਕਲਾ ਬਾਰੇ ਅਨੇਕਾਂ ਕਹਾਣੀਆਂ ਅੱਜ ਵੀ ਸੁਣੀਂਦੀਆਂ ਹਨ। ਸ੍ਰੀ ਤਿਆਗ ਮੱਲ ਜੀ ਦੀ ਸ਼ਸਤਰ ਕਲਾ ਵੇਖ ਕੇ ਹੀ ਗੁਰੂ ਪਿਤਾ ਨੇ ਉਨ੍ਹਾਂ ਦਾ ਨਾਂ ਬਦਲ ਕੇ ਤੇਗ਼ ਬਹਾਦਰ {ਤੇਗ ਦੇ ਧਨੀ} ਰੱਖ ਦਿੱਤਾ ਸੀ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸਿੱਖ ਪੰਥ ਨੂੰ ਤਲਵਾਰ ਦਾ ਧਨੀ ਬਣਾ ਕੇ ਖਾਲਸਾ ਪੰਥ ਦਾ ਜਲਾਲੀ ਰੂਪ ਦੇ ਦਿੱਤਾ ਜਿਨ੍ਹਾਂ ਨੇ ਸਮੇਂ ਦੀਆਂ ਵਿਰੋਧੀ ਤਾਕਤਾਂ ਨੂੰ ਹਰ ਵਾਰ ਹਰਾਇਆ।

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇੱਕ ਕਿਲੋਮੀਟਰ ਦੀ ਦੂਰੀ ਤੇ ਗੁ: ਮੱਲ ਅਖਾੜਾ ਸਾਹਿਬ ਸੁਸ਼ੋਭਤ ਹੈ। ਇਥੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸੇਵਕ ਤੇ ਫੌਜ ਦੇ ਨੌਜੁਆਨ ਕਸਰਤ, ਕੁਸ਼ਤੀਆਂ ਕਰਦੇ ਤੇ ਹੋਰ ਜੰਗਜੂ ਖੇਡਾਂ ਖੇਡਿਆ ਕਰਦੇ ਸਨ। ਆਪੇ ਛਿੰਝ ਪਵਾਇ ਮਲਾਖੜਾ ਰਚਿਆ॥ (ਰਾਗ ਮਲਾਰ ਅੰਗ 1280)। ਗੁ: ਮੱਲ ਅਖਾੜਾ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਮੁਕੱਦਸ ਅਸਥਾਨ ਹੈ ਜਿਥੇ ਗੁਰੂ ਜੀ ਸਿੱਖਾਂ ਨੂੰ ਸ਼ਸਤਰ ਵਿਦਿਆ, ਘੋੜ ਸਵਾਰੀ ਅਤੇ ਪਹਿਲਵਾਨਾਂ ਨੂੰ ਜ਼ੋਰ ਕਰਵਾਇਆ ਕਰਦੇ ਸਨ।ਇਸ ਥਾਂ ਪੁਰ ਸਰੀਰਕ ਕਸਰਤਾਂ ਕਰਵਾਉਣ ਲਈ ਗੁਰੂ ਸਾਹਿਬ ਆਪ ਪੈਂਦੇ ਖਾਂ ਨਾਲ ਜ਼ੋਰ ਕਰਦੇ ਸਨ। ਜਿਸ ਕਰਕੇ ਇਸ ਅਸਥਾਨ ਦਾ ਨਾਂ ਮੱਲ ਅਖਾੜਾ ਪਾਤਸ਼ਾਹੀ ਛੇਵੀਂ ਪ੍ਰਸਿੱਧ ਹੋਇਆ। ਏਥੇ ਬਹੁਤ ਸੁੰਦਰ ਬੁੱਢਾ ਦਲ ਵੱਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਬਨਾਇਆ ਗਿਆ ਹੈ। ਉਹ ਪਾਵਨ ਪਵਿੱਤਰ ਥੜ੍ਹਾ ਜਿਸ ਤੇ ਗੁਰੂ ਹਰਿਗੋਬਿੰਦ ਸਾਹਿਬ ਸਸ਼ੋਭਤ ਹੋ ਕੇ ਮੱਲ ਅਖਾੜੇ ਦੇ ਜੋਹਰ ਦੇਖਦੇ ਸਨ ਪੂਰਨ ਤੌਰ ਤੇ ਸੁਰੱਖਿਅਤ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਹੇਠਾਂ ਭੋਰਾ ਸਾਹਿਬ ਵਿਖੇ ਇਹ ਥੜ੍ਹਾ ਸਾਹਿਬ ਸਸ਼ੋਭਤ ਹੈ ਹਉ ਗੋਸਾਈ ਦਾ ਪਹਿਲਵਾਨੜਾ ॥ ਮੈ ਗੁਰ ਮਿਲਿ ਉਚ ਦੁਮਾਲੜਾ ॥ (ਸਿਰੀਰਾਗੁ ਮ: 5, ਅੰਗ 74 ਗੁਰੂ ਨਾਨਕ ਦੇਵ ਜੀ)। ਰਣਜੀਤ ਅਖਾੜਾ ਇਸ ਥਾਂ ਤੋਂ ਹੀ ਸ਼ੁਰੂ ਹੋਇਆ ਹੈ।

ਗੁਰਦੁਆਰਾ ਸਾਹਿਬ ਦੇ ਨਾਲ ਹੀ ਇੱਕ ਪੁਰਾਤਨ ਖੂਹ ਹੈ। ਇਥੋਂ ਹੀ ਜਲ ਕੱਢ ਕੇ ਕਸਰਤ ਕਰਨ ਵਾਲੇ ਸਿੱਖ ਇਸ਼ਨਾਨ ਕਰਿਆ ਕਰਦੇ ਸਨ। ਇਹ ਪੁਰਾਤਨ ਖੂਹ ਲੰਮਾ ਅਰਸਾ ਬੰਦ ਰਹਿਣ ਕਾਰਨ ਖਸਤਾ ਹਾਲਤ ਵਿੱਚ ਇੱਕ ਤਰ੍ਹਾਂ ਨਾਲ ਬੰਦ ਹੀ ਹੋ ਗਿਆ ਹੈ। ਨਿਹੰਗ ਸਿੰਘਾਂ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨਿਜੀ ਦਿਲਚਸਪੀ ਲੈ ਕੇ ਇਸ ਦੀ ਧੁਰੋਂ ਸਫਾਈ ਕਰਵਾ ਕੇ ਇਸ ਨੂੰ ਦੁਬਾਰਾ ਪੁਰਾਤਨ ਸਰੂਪ ਵਿੱਚ ਮੁੜ ਸੁਰਜੀਤ ਕਰਨ ਲਈ ਯਤਨਸ਼ੀਲ ਤੇ ਪੂਰਨ ਆਸਵੰਦ ਹਨ।

ਗੁਰਦੁਆਰਾ ਮੱਲ ਅਖਾੜਾ ਸਾਹਿਬ ਦੀ ਪੁਰਾਣੀ ਬਿਲਡਿੰਗ ਵਧਾ ਕੇ ਹੁਣ ਅਜੋਕੇ ਸਮੇਂ ਅਨੁਸਾਰ ਬਣਾਈ ਗਈ ਹੈ।ਹਰ ਸਾਲ ਬੁੱਢਾ ਦਲ (ਦਿਵਾਲੀ) ਬੰਦੀ ਛੋੜ ਦਿਵਸ ਤੇ ਏਸੇ ਅਸਥਾਨ ਤੇ ਪੜਾ ਕਰਕੇ ਮਨਾਉਂਦਾ ਹੈ।ਅਖੰਡ ਪਾਠਾਂ ਦੇ ਭੋਗ ਉਪਰੰਤ ਰਹਿਰਾਸ ਸਾਹਿਬ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਮੁਖੀ ਬੁੱਢਾ ਦਲ ਪੰਜਵਾਂ ਤਖ਼ਤ ਚੱਕਰਵਰਤੀ ਦੀ ਅਗਵਾਈ ਹੇਠ ਸਮੂਹ ਨਿਹੰਗ ਸਿੰਘ ਦਲ ਇਕੱਤਰ ਹੋ ਕੇ ਨਤਮਸਤਕ ਹੁੰਦੇ ਹਨ। ਨਿਹੰਗ ਸਿੰਘਾਂ ਦੀ ਪੁਰਾਤਨ ਰਵਾਇਤ ਮੁਤਾਬਕ ਸਵੱਈਏ ਦੀ ਬਾਣੀ ਪੜੀ ਜਾਂਦੀ ਹੈ। ਉਪਰੰਤ ਨਿਹੰਗ ਸਿੰਘਾਂ ਦੇ ਜਥੇ ਦਸਮ ਦੀ ਬਾਣੀ ਦਾ ਕੀਰਤਨ ਕਰਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਬੁੱਢਾ ਦਲ ਦੇ ਮੁਖੀ ਦਾ ਸਨਮਾਨ ਕੀਤਾ ਜਾਂਦਾ ਹੈ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਅਤੇ ਬੁੱਢਾ ਦਲ ਦਾ ਮੁਖੀ ਸਾਰੇ ਨਿਹੰਗ ਸਿੰਘਾਂ ਦਲਾਂ ਦੇ ਮੁਖੀਆਂ ਦਾ ਸਨਮਾਨ ਸਾਂਝੇ ਰੂਪ ਵਿੱਚ ਕਰਦੇ ਹਨ। ਅਗਲੇ ਦਿਨ ਮਹੱਲਾ ਚੜਦਾ ਹੈ ਨਿਹੰਗ ਸਿੰਘ ਫੌਜਾਂ ਗੱਤਕਾ ਦੇ ਜੰਗੀ ਕਰਤੱਵ ਤੇ ਘੋੜ ਦੌੜ ਕਰਦੇ ਹਨ। ਮਹੱਲੇ ਦੀਆਂ ਜੰਗਜੂ ਖੇਡਾਂ ਉਪਰੰਤ ਨਿਹੰਗ ਸਿੰਘਾਂ ਦੇ ਜਥੇਦਾਰ ਸਾਹਿਬਾਨਾਂ ਵਲੋਂ ਜੇਤੂਆਂ ਨੂੰ ਇਨਾਮ ਦਿੱਤੇ ਜਾਂਦੇ ਹਨ।ਏਸੇ ਅਸਥਾਨ ਤੇ ਹਰ ਸਾਲ ਬੁੱਢਾ ਦਲ ਦੇ ਤੀਜੇ ਜਥੇਦਾਰ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ, ਚੌਥੇ ਜਥੇਦਾਰ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਤੇ ਛੇਵੇਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਦੀ ਕ੍ਰਮਵਾਰ ਬਰਸੀ ਦੇ ਗੁਰਮਤਿ ਸਮਾਗਮ ਹੁੰਦੇ ਹਨ। ਗੁਰਦੁਆਰਾ ਸਾਹਿਬ ਦੇ ਨਾਲ ਹੀ ਚੜ੍ਹਦੇ ਪਾਸੇ ਬੁੱਢਾ ਦਲ ਦੇ 10ਵੇਂ ਮੁਖੀ ਬਾਬਾ ਤੇਜਾ ਸਿੰਘ ਅਤੇ ਲਹਿਦੇ ਪਾਸੇ 11ਵੇਂ ਮੁਖੀ ਬਾਬਾ ਸਾਹਿਬ ਸਿੰਘ ਕਲਾਧਾਰੀ ਦੇ ਅੰਗੀਠੇ ਸੁਸ਼ੋਭਤ ਹਨ।

Have something to say? Post your comment

 

ਧਰਮ

ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਗੁਰਮਤਿ ਸਮਾਗਮ

ਨੌਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਅਲੌਕਿਕ ਜਲੌ

ਨੌਵੇਂ ਪਾਤਸ਼ਾਹ ਦੇ ਪ੍ਰਕਾਸ਼ ਗੁਰਪੁਰਬ ਦੀ ਸੰਗਤ ਨੂੰ ਦਿੱਤੀ ਵਧਾਈ ਐਡਵੋਕੇਟ ਧਾਮੀ ਨੇ 

ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਤੇ ਜਾਣ ਵਾਲੇ ਸਰਧਾਲੂ ਇਨ੍ਹਾਂ ਸਥਾਨਾਂ ਅਤੇ ਦਰਿਆਵਾਂ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ : ਮਾਨ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਭਗਤ ਧੰਨਾ ਜੀ ਦਾ ਜਨਮ ਦਿਹਾੜਾ

ਬਨਵਾਰੀ ਲਾਲ ਪੁਰੋਹਿਤ ਨੇ ਰਾਮ ਨੌਮੀ ਮੌਕੇ ਲੋਕਾਂ ਨੂੰ ਦਿੱਤੀ ਵਧਾਈ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਦੇ ਸਮਾਗਮ ਪੰਥਕ ਰਵਾਇਤਾਂ ਅਨੁਸਾਰ ਸ਼ੁਰੂ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖ਼ਾਲਸਾ ਸਾਜਣਾ ਦਿਵਸ ਦੀ ਦਿੱਤੀ ਵਧਾਈ

ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਹੀ ਪੂਰੀ ਦੁਨੀਆਂ ਦਾ ਭਲਾ ਕਰ ਸਕਦੀਆਂ ਹਨ-ਮਾਸਟਰ ਰਾਜੇਸ਼

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਗੱਦੀ ਦਿਵਸ