ਪੰਜਾਬ

ਸੁਧਾਰਾਂ ਦੀ ਸ਼ੁਰੂਆਤ: ਖੇਤੀਬਾੜੀ ਲਈ ਕਰਜ਼ਾ ਦੇਣ ਨੂੰ ਤਰਜੀਹ ਦੇਣਗੇ ਸਹਿਕਾਰੀ ਬੈਂਕ

ਕੌਮੀ ਮਾਰਗ ਬਿਊਰੋ | May 06, 2025 09:30 PM

ਚੰਡੀਗੜ੍ਹ- ਸਹਿਕਾਰੀ ਬੈਂਕਾਂ ਦੀ ਕਾਰਗੁਜ਼ਾਰੀ ਵਿੱਚ ਵੱਡੇ ਸੁਧਾਰ ਲਿਆਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਨ੍ਹਾਂ ਬੈਂਕਾਂ ਦੇ ਡਿਫਾਲਟਰ ਖਾਤਾਧਾਰਕਾਂ ਤੋਂ ਵਸੂਲੀ ਕਰਨ ਦੀ ਪ੍ਰਕਿਰਿਆ ਤੇਜ਼ ਕਰਨ ਦੇ ਹੁਕਮ ਦਿੱਤੇ ਤਾਂ ਕਿ ਖੇਤੀ ਤੇ ਸਹਾਇਕ ਧੰਦਿਆਂ ਵਿੱਚ ਕਰਜ਼ਾ ਦੇਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ।
ਅੱਜ ਇੱਥੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਹੋਈ ਮੀਟਿੰਗ ਦੌਰਾਨ ਸਹਿਕਾਰੀ ਬੈਂਕਾਂ ਦੇ ਕੰਮਕਾਜ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬੈਂਕਾਂ ਦੇ ਵਿਕਾਸ ਵਿੱਚ ਡਿਫਾਲਟਰ ਸਭ ਤੋਂ ਵੱਡੀ ਰੁਕਾਵਟ ਬਣਦੇ ਹਨ ਕਿਉਂਕਿ ਇਨ੍ਹਾਂ ਕੋਲ ਡੁੱਬੇ ਪੈਸੇ ਨਾਲ ਹੋਰ ਲੋੜਵੰਦ ਲੋਕਾਂ ਦੀ ਮਾਲੀ ਇਮਦਾਦ ਕਰਨ ਵਿੱਚ ਵਿਘਨ ਪੈਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਛੋਟੇ ਤੇ ਦਰਮਿਆਨੇ ਕਿਸਾਨ ਹਮੇਸ਼ਾ ਬੈਂਕ ਨੂੰ ਪਹਿਲ ਦੇ ਆਧਾਰ ਉਤੇ ਕਰਜ਼ਾ ਮੋੜਦਾ ਹੈ ਪਰ ਦੁੱਖ ਦੀ ਗੱਲ ਹੈ ਕਿ ਵੱਡੇ ਕਿਸਾਨ ਸਹਿਕਾਰੀ ਬੈਂਕਾਂ ਦੇ ਡਿਫਾਲਟਰ ਹਨ। ਉਨ੍ਹਾਂ ਕਿਹਾ ਕਿ ਜਿਹੜੇ ਸਰਕਾਰੀ ਮੁਲਾਜ਼ਮ ਸਹਿਕਾਰੀ ਬੈਂਕਾਂ ਦੇ ਡਿਫਾਲਟਰ ਹਨ, ਉਨ੍ਹਾਂ ਨੂੰ ਵੀ ਆਪਣੇ ਬਕਾਏ ਦਾ ਭੁਗਤਾਨ ਤੁਰੰਤ ਕਰਨਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਨੇ ਸਹਿਕਾਰਤਾ ਵਿਭਾਗ ਨੂੰ ਡਿਫਾਲਟਰਾਂ ਪਾਸੋਂ ਵਸੂਲੀ ਕਰਵਾਉਣ ਲਈ ਢੁਕਵੀਂ ਪ੍ਰਕਿਰਿਆ ਅਪਣਾਉਣ ਦੇ ਆਦੇਸ਼ ਦਿੱਤੇ ਤਾਂ ਕਿ ਕਰਜ਼ੇ ਦੀ ਪੂਰੀ ਵਸੂਲੀ ਨੂੰ ਯਕੀਨੀ ਬਣਾਇਆ ਜਾ ਸਕੇ।
ਫਸਲੀ ਕਰਜ਼ਿਆਂ ਦੀ ਵਸੂਲੀ ਸਿਰਫ 65 ਫੀਸਦੀ ਰਹਿਣ ’ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਸਹਿਕਾਰੀ ਬੈਂਕਿੰਗ ਸਿਸਟਮ ਉਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਬੈਂਕਾਂ ਵਿੱਚ ਫਸਲੀ ਕਰਜ਼ਾ ਸਮੇਂ ਸਿਰ ਮੋੜਨ ਵਿੱਚ ਵਿਆਜ ਦਰ ਵਿੱਚ ਵੀ ਤਿੰਨ ਫੀਸਦੀ ਰਾਹਤ ਮਿਲਦੀ ਹੈ ਪਰ ਫੇਰ ਵੀ ਬਹੁਤ ਸਾਰੇ ਕਿਸਾਨ ਕਰਜ਼ਾ ਨਹੀਂ ਮੋੜਦੇ ਜਿਸ ਨਾਲ ਜਿੱਥੇ ਉਹ ਵਿਆਜ ਵੱਧ ਭਰਦੇ ਹਨ, ਉਥੇ ਭਵਿੱਖ ਵਿੱਚ ਕਰਜ਼ਾ ਤੇ ਹੋਰ ਸਹੂਲਤਾਂ ਲੈਣ ਤੋਂ ਵੀ ਖੁੰਝ ਜਾਂਦੇ ਹਨ।
ਮੀਟਿੰਗ ਦੌਰਾਨ ਦੱਸਿਆ ਗਿਆ ਕਿ ਕਿਸਾਨਾਂ ਨੂੰ ਖੇਤੀ ਲਈ ਸੂਬੇ ਵਿੱਚ 3523 ਸਹਿਕਾਰੀ ਸਭਾਵਾਂ ਵੱਲੋਂ ਸਹਿਕਾਰੀ ਬੈਂਕਾਂ ਰਾਹੀਂ ਹਰੇਕ ਸਾਲ ਤਕਰੀਬਨ 8000 ਕਰੋੜ ਰੁਪਏ ਦਾ ਫਸਲੀ ਕਰਜ਼ਾ ਦਿੱਤਾ ਜਾਂਦਾ ਹੈ ਜੋ ਸਿਰਫ 7 ਫੀਸਦੀ ਵਿਆਜ ’ਤੇ ਮਿਲਦਾ ਹੈ ਅਤੇ ਜੇਕਰ ਕਿਸਾਨ ਸਮੇਂ ਸਿਰ ਕਰਜ਼ਾ ਮੋੜ ਦਿੰਦਾ ਹੈ ਤਾਂ 7 ਫੀਸਦੀ ਵਿਆਜ ਵਿੱਚ ਵੀ 3 ਫੀਸਦੀ ਛੋਟ ਮਿਲ ਜਾਂਦੀ ਹੈ ਅਤੇ ਇਸ ਦੇ ਉਲਟ ਜਿਹੜੇ ਕਿਸਾਨ ਸਮੇਂ ਸਿਰ ਕਰਜ਼ਾ ਵਾਪਸ ਨਹੀਂ ਕਰਦੇ, ਉਹਨਾਂ ਨੂੰ 2.5 ਫੀਸਦੀ ਵੱਧ ਵਿਆਜ ਅਦਾ ਕਰਨਾ ਪੈਂਦਾ ਹੈ, ਜੋ ਕਿ 9.5 ਫੀਸਦੀ ਬਣ ਜਾਂਦਾ ਹੈ।
ਫਸਲੀ ਕਰਜ਼ੇ ਦੀ ਵਸੂਲੀ ਕਰਨ ਦੇ ਸ਼ਾਨਦਾਰ ਰਿਕਾਰਡ ਵਾਲੀਆਂ ਮੁੱਢਲੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ (ਪੀ.ਏ.ਸੀ.ਐਸ.) ਨੂੰ ਉਤਸ਼ਾਹਤ ਕਰਨ ਲਈ ਮੁੱਖ ਮੰਤਰੀ ਨੇ ਵਿਭਾਗ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਸਹਿਕਾਰੀ ਸਭਾਵਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਜਾਵੇ ਤਾਂ ਕਿ ਸਹਿਕਾਰੀ ਖੇਤਰ ਵਿੱਚ ਇਨ੍ਹਾਂ ਸਭਾਵਾਂ ਨੂੰ ਰੋਲ ਮਾਡਲ ਵਜੋਂ ਉਭਾਰਿਆ ਜਾ ਸਕੇ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਧੂਰੀ ਸਰਕਲ ਵਿੱਚ ਪੈਂਦੀਆਂ ਸਹਿਕਾਰੀ ਸਭਾਵਾਂ ਦੀ ਕਰਜ਼ਾ ਵਸੂਲੀ ਦੀ ਦਰ 99 ਫੀਸਦੀ ਹੈ ਅਤੇ ਧੂਰੀ ਸਰਕਲ ਮਿਸਾਲ ਬਣ ਕੇ ਉੱਭਰਿਆ ਹੈ। ਭਗਵੰਤ ਸਿੰਘ ਮਾਨ ਨੇ ਇਨ੍ਹਾਂ ਸਭਾਵਾਂ ਦੇ ਸਨਮਾਨ ਲਈ ਸਮਾਗਮ ਕਰਵਾਉਣ ਲਈ ਵੀ ਆਖਿਆ।
ਸਾਲ 2024-25 ਦੌਰਾਨ ਨਾਬਾਰਡ ਵੱਲੋਂ ਰਿਆਇਤੀ ਪੁਨਰ-ਵਿੱਤੀ ਕਰਜ਼ੇ ਦੀ ਸਾਲਾਨਾ ਹੱਦ ਘਟਾਉਣ ’ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ, ਦੇਸ਼ ਦੀ ਅਨਾਜ ਸੁਰੱਖਿਆ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ ਅਤੇ ਕਰਜ਼ਾ ਹੱਦ ਵਿੱਚ ਕਟੌਤੀ ਕਰਨ ਨਾਲ ਖੇਤੀ ਦੇ ਖੇਤਰ ਉਤੇ ਬੁਰਾ ਪ੍ਰਭਾਵ ਪਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਨਾਬਾਰਡ ਦੇ ਚੈਅਰਮੈਨ ਕੋਲ ਉਠਾਉਣਗੇ ਕਿ ਵਿੱਤੀ ਸਾਲ 2025-26 ਲਈ ਕਰਜ਼ਾ ਹੱਦ ਮੁੜ ਬਹਾਲ ਕਰਕੇ 3000 ਕਰੋੜ ਰੁਪਏ ਕੀਤੀ ਜਾਵੇ।
ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਵਿੱਚ ਪ੍ਰਵਾਨਿਤ ਪ੍ਰਬੰਧ ਨਿਰਦੇਸ਼ਕ (ਐਮ.ਡੀ.) ਅਤੇ ਜ਼ਿਲ੍ਹਾ ਮੈਨੇਜਰ (ਡੀ.ਐਮ.) ਦੇ ਦੋ ਮੁਖੀਆਂ ਦੀ ਪ੍ਰਥਾ ਨੂੰ ਖਤਮ ਕਰਨ ਲਈ ਹਰੀ ਝੰਡੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬੈਂਕ ਦਾ ਮੁਖੀ ਇਕੋ ਅਧਿਕਾਰੀ ਹੋਣਾ ਚਾਹੀਦਾ ਹੈ ਤਾਂ ਕਿ ਕੰਮਕਾਜ ਨੂੰ ਹੋਰ ਵਧੇਰੇ ਅਸਰਦਾਰ ਬਣਾਉਣ ਦੇ ਨਾਲ-ਨਾਲ ਉਸ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾ ਸਕੇ।
ਮੀਟਿੰਗ ਵਿੱਚ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਚੇਅਰਮੈਨ ਪੰਜਾਬ ਰਾਜ ਸਹਿਕਾਰੀ ਬੈਂਕ ਲਿਮਟਡ ਜਗਦੇਵ ਸਿੰਘ ਬਾਮ, ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਸਹਿਕਾਰਤਾ ਅਲੋਕ ਸ਼ੇਖਰ, ਪ੍ਰਮੁੱਖ ਸਕੱਤਰ ਵਿੱਤ ਕ੍ਰਿਸ਼ਨ ਕੁਮਾਰ, ਪ੍ਰਮੁੱਖ ਸਕੱਤਰ ਖੁਰਾਕ ਤੇ ਸਿਵਲ ਸਪਲਾਈਜ਼ ਰਾਹੁਲ ਤਿਵਾੜੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਰਵੀ ਭਗਤ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੁਮਾਰ ਅਮਿਤ, ਰਜਿਸਟਰਾਰ ਸਹਿਕਾਰੀ ਸਭਾਵਾਂ ਵਿਮਲ ਕੁਮਾਰ ਸੇਤੀਆ ਅਤੇ ਐਮ.ਡੀ. ਪੰਜਾਬ ਰਾਜ ਸਹਿਕਾਰੀ ਬੈਂਕ ਲਿਮਟਡ ਹਰਜੀਤ ਸਿੰਘ ਸੰਧੂ ਹਾਜ਼ਰ ਸਨ।

 

Have something to say? Post your comment

 

ਪੰਜਾਬ

ਮੁੱਖ ਮੰਤਰੀ ਨੇ ਪਟਿਆਲਾ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਸਕੂਲੀ ਵਿਦਿਆਰਥੀਆਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ

ਜੰਮੂ-ਕਸ਼ਮੀਰ ਵਿੱਚ ਗੁਰਦੁਆਰਾ ਸਾਹਿਬ 'ਤੇ ਹਮਲਾ ਬੇਹੱਦ ਨਿੰਦਣਯੋਗ ਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ: ਅਰਵਿੰਦ ਕੇਜਰੀਵਾਲ

ਮੁੱਖ ਮੰਤਰੀ ਨੇ ਪੁਣਛ ਸੈਕਟਰ ਦੇ ਗੁਰਦੁਆਰਾ ਸਾਹਿਬ ਉੱਤੇ ਹੋਏ ਹਮਲੇ ਵਿੱਚ ਚਾਰ ਲੋਕਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ

ਕਾਂਗਰਸ ਨੇ ਪੂੰਛ ਵਿੱਚ ਨਾਗਰਿਕਾਂ ਦੀ ਹੱਤਿਆ ਦੀ ਨਿੰਦਾ ਕੀਤੀ

ਜਥੇਦਾਰ ਗੜਗੱਜ ਨੇ ਪੂੰਛ ’ਚ ਪਾਕਿਸਤਾਨੀ ਹਮਲੇ ’ਚ ਮਾਰੇ ਗਏ ਲੋਕਾਂ ਤੇ ਗੁਰਦੁਆਰੇ ’ਤੇ ਹਮਲੇ ਦੀ ਕੀਤੀ ਕਰੜੀ ਨਿੰਦਾ

ਲੁਧਿਆਣਾ ਚੋਣ: ਡਿਪਟੀ ਕਮਿਸ਼ਨਰ-ਕਮ-ਡੀ.ਈ.ਓ. ਨੇ ਵੋਟਰ ਸੂਚੀ ਤੋਂ ਅਸੰਤੁਸ਼ਟ ਵਿਅਕਤੀਆਂ ਨੂੰ ਅਪੀਲ ਦਾਇਰ ਕਰਨ ਲਈ 15 ਦਿਨ ਦਾ ਸਮਾਂ ਦਿੱਤਾ  

ਕਸ਼ਮੀਰ ਦੇ ਪੂੰਛ ਗੁਰਦੁਆਰੇ ’ਤੇ ਹਮਲੇ ’ਚ ਚਾਰ ਸਿੱਖਾਂ ਦੀ ਮੌਤ ’ਤੇ ਵੀ ਪ੍ਰਗਟਾਈ ਸੰਵੇਦਨਾ ਐਡਵੋਕੇਟ ਧਾਮੀ ਨੇ

ਪੰਜਾਬ ਵਿੱਚ 33 ਫੀਸਦੀ ਸਰਕਾਰੀ ਨੌਕਰੀਆਂ ਔਰਤਾਂ ਲਈ ਰਾਖਵੀਆਂ - ਲਿੰਗ ਸਮਾਨਤਾ ਲਈ ਮਾਨ ਸਰਕਾਰ ਦਾ ਇਤਿਹਾਸਕ ਕਦਮ: ਡਾ. ਬਲਜੀਤ ਕੌਰ

ਭਾਰਤ-ਪਾਕਿਸਤਾਨ ’ਚ ਤਣਾਅਪੂਰਨ ਹਾਲਾਤ ਮੌਕੇ ਸ਼੍ਰੋਮਣੀ ਕਮੇਟੀ ਨੇ ਗੁਰੂ ਘਰਾਂ ’ਚ ਰਿਹਾਇਸ਼ ਤੇ ਲੰਗਰ ਦੀ ਕੀਤੀ ਪਹਿਲਕਦਮੀ

ਭਾਰਤ ਨੂੰ ਹੋਰ ਚੌਕਸ ਰਹਿਣ ਦੀ ਲੋੜ ਹੈ: ਬ੍ਰਿਗੇਡੀਅਰ (ਸੇਵਾਮੁਕਤ) ਇੰਦਰਜੀਤ ਸਿੰਘ ਚੁੱਘ