ਚੰਡੀਗੜ੍ਹ-ਪੰਜਾਬ ਵਿਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਹੜ੍ਹ ਵਰਗੇ ਹਾਲਾਤ ਕਾਰਨ ਭਾਰਤੀ ਅਧਿਕਾਰੀਆਂ ਨੇ ਵੀਰਵਾਰ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿਚ ਸਥਿਤ ਕਰਤਾਰਪੁਰ ਲਾਂਘੇ ਦੀ ਕਾਰਵਾਈ ਨੂੰ ਦੋ ਦਿਨਾਂ ਲਈ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ।
ਭਾਰੀ ਮੀਂਹ ਕਾਰਨ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਸਰਕਾਰ ਨੂੰ ਤੀਰਥ ਯਾਤਰਾ ਦੋ ਦਿਨਾਂ ਲਈ ਮੁਲਤਵੀ ਕਰਨ ਦੀ ਸਿਫ਼ਾਰਸ਼ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਹ ਫੈਸਲਾ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਲਿਆ ਗਿਆ ਹੈ।
ਕਰਤਾਰਪੁਰ ਸਾਹਿਬ ਲਾਂਘਾ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਗੁਰਦੁਆਰੇ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਰਤਾਰਪੁਰ ਸਾਹਿਬ ਗੁਰਦੁਆਰੇ ਨਾਲ ਜੋੜਦਾ ਹੈ। ਕਰਤਾਰਪੁਰ ਲਾਂਘਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਨਵੰਬਰ 2019 ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ 'ਤੇ ਖੋਲ੍ਹਿਆ ਗਿਆ ਸੀ। ਰਾਵੀ ਦਰਿਆ ਦੇ ਪਾਰ ਗੁਰਦੁਆਰਾ ਉਸ ਇਤਿਹਾਸਕ ਸਥਾਨ 'ਤੇ ਬਣਾਇਆ ਗਿਆ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਤਿਮ ਦਿਨ ਬਿਤਾਏ ਸਨ।
ਸਿੱਖ ਕੌਮ ਵੱਲੋਂ ਇਹ ਸਥਾਨ ਬਹੁਤ ਸਤਿਕਾਰਿਆ ਜਾਂਦਾ ਹੈ। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਦਾਦਾ ਅਤੇ ਉਸ ਸਮੇਂ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਇਤਿਹਾਸਕ ਕਰਤਾਰਪੁਰ ਗੁਰਦੁਆਰੇ ਦੀ 1923 ਵਿੱਚ ਹੜ੍ਹਾਂ ਕਾਰਨ ਤਬਾਹ ਹੋਣ ਤੋਂ ਬਾਅਦ ਇਸ ਦੀ ‘ਸੇਵਾ’ ਕੀਤੀ ਸੀ।