ਅੰੰਮ੍ਰਿਤਸਰ - ਅੰਮ੍ਰਿਤਸਰ ਤਰਨਤਾਰਨ ਰੋਡ ਦੇ ਸਥਿਤ ਮਾਝੇ ਦੇ ਇਕ ਨਾਮਵਰ ਪਿੰਡ ਵਿਚ ਬਣੇ ਗਿਰਜਾ ਘਰ ਚਰਚਾ ਦਾ ਵਿਸ਼ਾ ਬਣੇ ਹਨ।ਜ਼ੇਕਰ ਇਹ ਕਹਿ ਲਿਆ ਜਾਵੇ ਕਿ ਮਾਝੇ ਦਾ ਇਹ ਪਿੰਡ 21 ਵੀ ਸਦੀ ਵਿਚ ਵੀ ਪੱਥਰ ਯੁਗ ਦਾ ਨਜਾਰਾ ਪੇਸ਼ ਕਰ ਰਿਹਾ ਹੈ ਤਾਂ ਅਤਿਕਥਨੀ ਨਹੀ ਹੈ। ਆਰਥਿਕ ਤੌਰ ਤੇ ਬੇਹਦ ਅਮੀਰ ਪਰ ਮਾਨਸਿਕ ਤੌਰ ਤੇ ਬੇਹਦ ਗਰੀਬ ਤੇ ਪੱਛੜੇ ਇਸ ਪਿੰਡ ਵਿਚ ਚਾਰ ਦਰਜਨ ਦੇ ਕਰੀਬ ਗੁਰੂ ਘਰ ਹੋਣ ਦੇ ਬਾਵਜੂਦ ਗਿਰਜਾ ਘਰਾਂ ਦਾ ਬਣਨਾਂ ਦਸਦਾ ਹੈ ਕਿ ਪਿੰਡ ਦੇ ਲੋਕ ਅੱਜ ਵੀ ਅਖੌਤੀ ਜਾਤਾਂ ਵਿਚ ਵੰਡੇ ਹੋਏ ਹਨ।ਇਸ ਪਿੰਡ ਨੇ ਪਿੰਡ ਵਿਚ ਦੋ ਮੰਦਰ ਤੇ 1 ਦਰਗਾਹ ਵੀ ਹੈ।ਪੰਜਾਬ ਵਿਚ ਚਲੀ ਖਾੜਕੂ ਲਹਿਰ ਦੌਰਾਨ ਇਸ ਪਿੰਡ ਵਿਚੋ ਕਈ ਨਾਮਵਰ ਖਾੜਕੂ ਸਿੰਘਾਂ ਨੇ ਵੀ ਸਿੱਖ ਸੰਘਰਸ਼ ਦੌਰਾਨ ਪੰਥ ਦੀ ਚੜ੍ਹਦੀ ਕਲਾ ਲਈ ਆਪਾ ਵਾਰਿਆ, ਪਰ ਜਾਤ ਪਾਤ ਵਿਚ ਵੰਡੇ ਪਿੰਡ ਵਾਸੀਆਂ ਨੇ ਉਨਾਂ ਦੀ ਕੀਤੀ ਕੁਰਬਾਨੀ ਦਾ ਵੀ ਮਾਣ ਨਹੀ ਰਖਿਆ। ਇਸ ਪਿੰਡ ਵਿਚ ਇਕ ਉੱਚ ਧਾਰਮਿਕ ਸ਼ਖਸ਼ੀਅਤ ਦੇ ਨਾਲ ਨਾਲ ਸ਼ੋ੍ਰਮਣੀ ਕਮੇਟੀ ਦੇ ਕਰੀਬ 100 ਮੁਲਾਜਮਾਂ ਵੀ ਰਿਹਾਇਸ਼ ਰਖਦੇ ਹਨ।ਆਪਣਾ ਨਾਮ ਨਾ ਛਾਪੇ ਜਾਣ ਦੀ ਸ਼ਰਤ ਤੇ ਇਕ ਪਿੰਡ ਵਾਸੀ ਨੇ ਦਸਿਆ ਕਿ ਪੰਜਾਬ ਵਿਚ ਚਲ ਰਹੀ ਧਰਮ ਪਰਵਰਤਨ ਦੀ ਲਹਿਰ ਦੌਰਾਨ ਸਮਾਜਿਕ ਪਾੜੇ ਤੋ ਦੁਖੀ ਹੋ ਕੇ ਤੇ ਕੁਝ ਆਰਥਿਕ ਤੌਰ ਤੇ ਮਜਬੂਰ 1500 ਦੇ ਕਰੀਬ ਵਿਅਕਤੀਆਂ ਨੇ ਇਸਾਈਅਤ ਨੂੰ ਅਪਣਾਇਆ ਹੈ।ਚਾਰ ਦਰਜਨ ਦੇ ਕਰੀਬ ਗੁਰੂ ਘਰ ਦੀ ਹਲਾਤ ਇਹ ਹੈ ਕਿ ਜਿਆਦਾਤਰ ਗੁਰੂ ਘਰ ਜਾਤਾਂ ਦੇ ਨਾਮ ਤੇ ਵੰਡੇ ਹੋਏ ਹਨ ਤੇ ਸ਼ਰਮਨਾਕ ਗਲ ਇਹ ਵੀ ਹੈ ਕਿ ਪਿੰਡ ਵਿਚ ਅਖੌਤੀ ਪਛੜੀਆਂ ਜਾਤਾਂ ਲਈ ਸ਼ਮਸ਼ਾਨ ਘਾਟ ਵੀ ਅਲਗ ਹੈ। ਪਿੰਡ ਵਾਸੀ ਗੁਰਪੁਰਬ ਵੀ ਜਾਤਾਂ ਦੇ ਅਧਾਰ ਤੇ ਮਨਾਉਦੇ ਹਨ ਤੇ ਇਹ ਅਨੋਖਾ ਪਿੰਡ ਹੈ ਜਿਸ ਵਿਚ ਆਪੂ ਬਣੇ ਉੱਚੀ ਜਾਤ ਵਾਲੇ ਅਖੌਤੀ ਪਛੜੀ ਜਾਤ ਦੇ ਦਿਨ ਤਿਉਹਾਰਾਂ ਵਿਚ ਸ਼ਾਮਲ ਹੋਣ ਤੋ ਵੀ ਝਿਜਕਦੇ ਹਨ।ਗੁਰੂ ਘਰਾਂ ਵਿਚ ਮਨਾਏ ਜਾਦੇ ਗੁਰਪੁਰਬਾਂ ਮੌਕੇ ਗਲ ਤਾਂ ਮਾਣਸ ਦੀ ਇਕ ਜਾਤ ਦੀ ਕੀਤੀ ਜਾਂਦੀ ਹੈ ਪਰ ਅਸਲੀਅਤ ਇਸ ਤੋ ਉਲਟ ਹੈ।ਲਗਦਾ ਹੈ ਕਿ ਜਿਵੇ ਇਹ ਪਿੰਡ ਪਥਰਯੁਗ ਵਿਚ ਜੀ ਰਿਹਾ ਹੋਵੇ। ਪਿੰਡ ਦੇ ਇਨਾਂ ਹਲਾਤਾਂ ਨੂੰ ਦੇਖ ਕੇ ਪਿੰਡ ਦੇ ਅਗਾਹ ਵਧੂ ਨੌਜਵਾਨ ਸਮਾਜਿਕ ਪਾੜਾ ਖਤਮ ਕਰਨ ਦੀ ਗਲ ਤਾਂ ਕਰਦੇ ਹਨ ਪਰ ਉਨਾਂ ਦੀ ਸਮਾਜ ਵਿਚ ਪਈ ਦੂਰੀ ਕਾਰਨ ਪੇਸ਼ ਨਹੀ ਜਾ ਰਹੀ। ਇਸ ਸੰਬਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਨੇ ਕਿਹਾ ਕਿ ਇਸ ਸਮਾਜਿਕ ਪਾੜੇ ਲਈ ਅਸੀ ਧਾਰਮਿਕ ਲੋਕ ਜਿਆਦਾ ਜਿੰਮੇਵਾਰ ਹਾਂ।ਜ਼ੇਕਰ ਅਸੀ ਧਾਰਮਿਕ ਲੋਕ ਬਾਬਾ ਜੀਵਨ ਸਿੰਘ ਦੇ ਇਤਿਹਾਸ ਨੂੰ ਪਿੰਡ ਪਿੰਡ ਜਾ ਕੇ ਸੁਣਾਉਣ ਤਾਂ ਕਦੇ ਵੀ ਕੋਈ ਵਿਅਕਤੀ ਆਪਣਾ ਮੂਲ ਧਰਮ ਛੱਡ ਕੇ ਨਹੀ ਜਾਵੇਗਾ।