ਸਰੀ-ਸਰੀ ਸ਼ਹਿਰ ਨੂੰ ਪੰਜਾਬੀ ਫਿਲਮੀ ਹੱਬ ਬਣਾਇਆ ਜਾਵੇਗਾ। ਇਹ ਵਿਚਾਰ ਬੀਤੇ ਦਿਨ ਪੰਜਾਬੀ ਸਭਿਆਚਾਰ, ਸਾਹਿਤ, ਕਲਾ ਅਤੇ ਪੰਜਾਬੀਅਤ ਨੂੰ ਉਭਾਰਦੀਆਂ ਫਿਲਮਾਂ ਦੇ ਕਦਰਦਾਨ ਅਤੇ ਬੀ.ਸੀ. ਦੇ ਉੱਘੇ ਬਿਜਨਸਮੈਨ ਜਤਿੰਦਰ ਜੇ ਮਿਨਹਾਸ ਵੱਲੋਂ ਦਿੱਤੀ ਖਾਣੇ ਦੀ ਦਾਅਵਤ ਸਮੇਂ ਵੱਖ ਵੱਢ ਫਿਲਮੀ ਹਸਤੀਆਂ ਨੇ ਪ੍ਰਗਟ ਕੀਤੇ। ਇਸ ਚਰਚਾ ਵਿਚ ਪੰਜਾਬੀ ਫਿਲਮਾਂ ਦੇ ਕੁਝ ਪ੍ਰੋਡਿਊਸਰ, ਡਾਇਰੈਕਟਰ, ਲੇਖਕ ਅਤੇ ਅਦਾਕਾਰ ਸ਼ਾਮਲ ਹੋਏ, ਜਿਨ੍ਹਾਂ ਵਿਚ ਪ੍ਰਸਿੱਧ ਅਦਾਕਾਰ ਯੋਗਰਾਜ ਸਿੰਘ, ਸਰਬਜੀਤ ਚੀਮਾ, ਫਿਲਮ ਸਰਦਾਰਾ ਐਂਡ ਸੰਨਜ਼ ਦੇ ਨਿਰਮਾਤਾ ਅਮਨਦੀਪ ਸਿੰਘ, ਡਾਇਰੈਕਟਰ ਸਰਬ ਨਾਗਰਾ, ਲੇਖਕ ਪੰਕਜ ਬਤਰਾ, ਲੱਕੀ ਸੰਧੂ, ਡਾ. ਜਸਵਿੰਦਰ ਦਿਲਾਵਰੀ, ਡਾ. ਹਾਕਮ ਭੁੱਲਰ, ਇੰਦਰਜੀਤ ਬੈਂਸ, ਸੋਨੀ ਅਤੇ ਜਤਿੰਦਰ ਜੇ ਮਿਨਹਾਸ ਸ਼ਾਮਲ ਸਨ।
ਇਸ ਮੌਕੇ ਪੰਜਾਬੀ ਫਿਲਮਾਂ ਬਾਰੇ ਵਿਚਾਰ ਵਟਾਂਦਰਾ ਹੋਇਆ ਅਤੇ ਵਿਸ਼ੇਸ਼ ਤੌਰ ਤੇ ਇੰਦਰਜੀਤ ਬੈਂਸ ਨੇ ਸਰੀ ਵਿਚ ਪੰਜਾਬੀ ਫਿਲਮ ਹੱਬ ਸਥਾਪਿਤ ਕਰਨ ਦੀ ਗੱਲ ਕਹੀ। ਇਸ ਉਪਰ ਸਹਿਮਤੀ ਪ੍ਰਗਟ ਕਰਦਿਆਂ ਸਰਬਜੀਤ ਚੀਮਾ, ਜਤਿੰਦਰ ਜੇ. ਮਿਨਹਾਸ ਅਤੇ ਅਮਨਦੀਪ ਸਿੰਘ ਨੇ ਕਿਹਾ ਕਿ ਸਰੀ ਅਸਲ ਵਿਚ ਹੁਣ ਪੰਜਾਬੀ ਫਿਲਮਾਂ ਲਈ ਬੇਹੱਦ ਢੁਕਵਾਂ ਅਤੇ ਖੂਬਸੂਰਤ ਸਥਾਨ ਹੈ। ਜੇਕਰ ਸਰੀ ਅਤੇ ਕੈਨੇਡਾ ਤੋਂ ਬਾਹਰੋਂ ਆ ਕੇ ਫਿਲਮ ਨਿਰਮਾਤਾ, ਨਿਰਦੇਸ਼ਕ ਸਰੀ, ਵੈਨਕੂਵਰ ਖੇਤਰ ਵਿਚ ਵਧੀਆ ਅਤੇ ਸਫਲ ਫਿਲਮਾਂ ਦਾ ਨਿਰਮਾਣ ਕਰ ਸਕਦੇ ਹਨ ਤਾਂ ਸਰੀ ਵਿਚ ਵੱਡੀ ਗਿਣਤੀ ਵਿਚ ਰਹਿ ਰਹੇ ਪੰਜਾਬੀ ਫਿਲਮਾਂ ਦੇ ਅਦਾਕਾਰ, ਪ੍ਰੋਡਿਊਸਰ, ਡਾਇਰੈਕਟਰ, ਲੇਖਕ, ਗਾਇਕ ਅਤੇ ਗੀਤਕਾਰ ਵੀ ਅਜਿਹਾ ਕਰ ਸਕਦੇ ਹਨ। ਇਹ ਵਿਚਾਰ ਉੱਭਰ ਕੇ ਸਾਹਮਣੇ ਆਇਆ ਕਿ ਇਹ ਬੇਹੱਦ ਢੁੱਕਵਾਂ ਮੌਕਾ ਹੈ ਕਿ ਪੰਜਾਬੀ ਫਿਲਮਾਂ ਦੇ ਕੇਂਦਰ ਸਰੀ ਨੂੰ ਫਿਲਮੀ ਹੱਬ ਬਣਾ ਕੇ ਲਾਭ ਉਠਾਇਆ ਜਾਵੇ। ਇਸ ਸੰਬੰਧ ਵਿਚ ਅਗਲੇ ਦਿਨਾਂ ਵਿਚ ਹੋਰ ਚਰਚਾ ਕਰਨ ਅਤੇ ਫਿਲਮੀ ਖੇਤਰ ਸੰਬੰਧਤ ਸਾਰੀਆਂ ਸ਼ਖ਼ਸੀਅਤਾਂ ਨੂੰ ਇਕ ਪਲੇਟਫਾਰਮ ਤੇ ਲਿਆ ਕੇ ਕਾਰਜ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ।