ਅੰਮ੍ਰਿਤਸਰ - ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਚਲ ਰਹੀ ਇਕ ਪਾਰਟੀ ਦੀਆਂ ਵੀਡੀਓ ਬਾਰੇ ਸ਼ਪਸ਼ਟ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਭਾਈ ਗੋਬਿੰਦ ਸਿੰਘ ਨੇ ਕਿਹਾ ਕਿ ਇਹ ਇਕ ਝੂਠਾ ਪ੍ਰਾਪੇਗੰਡਾ ਹੈ।ਭਾਈ ਗੋਬਿੰਦ ਸਿੰਘ ਵਲੋ ਜਾਰੀ ਇਕ ਵੀਡੀਓ ਵਿਚ ਕਿਹਾ ਕਿ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ ਕਿ ਚਲ ਰਹੀ ਪਾਰਟੀ ਵਿਚ ਗੋਸ਼ਤ (ਮੀਟ) ਤੇ ਸ਼ਰਾਬ ਚਲੀ।ਉਨਾ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਚਲ ਰਹੀ ਵੀਡੀਓ ਰਾਹੀ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨਾ ਕਿਹਾ ਕਿ ਅੱਜ ਸਾਡੇ ਕੋਲ ਭਾਰਤੀ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾ ਤੇ ਹੋਰ ਵੀ ਸੰਗਤ ਆਈ ਹੈ। ਅਸੀ ਸੰਗਤ ਨੂੰ ਦਿਖਾਇਆ ਕਿ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ 875 ਏਕੜ ਵਿਚ ਫੈਲਿਆ ਹੋਇਆ ਹੈ। ਉਨਾਂ ਅਗੇ ਕਿਹਾ ਕਿ ਜਿਹੜਾ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ ਉਹ ਗੁਰੂ ਘਰ ਤੋ ਦੋ ਕਿਲੋਮੀਟਰ ਦੂਰ ਕੀਤਾ ਗਿਆ ਸੀ। ਜਿਥੇ ਜਿਲਾ ਇਤਜਾਮੀਆਂ ਤੇ ਹੋਰ ਸਟਾਫ ਰਹਿੰਦਾ ਹੈ। ਉਥੇ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਦੂਜਾ ਫੇਸ ਸ਼ੁਰੂ ਕਰਨ ਲਈ ਪ੍ਰੋਗਰਾਮਾਂ ਦੇ ਸੰਬਧ ਵਿਚ ਸਟਾਫ ਦਾ ਖਾਣਾ ਰਖਿਆ ਗਿਆ ਸੀ। ਉਥੇ ਸ਼ਰਾਬ ਜਾਂ ਗੁਰੂ ਘਰ ਦੀ ਮਰਿਯਾਦਾ ਨਾਲ ਛੇੜਛਾੜ ਕਰਦੀ ਕੋਈ ਗਲ ਨਹੀ ਕੀਤੀ ਗਈ। ਉਨਾਂ ਸਵਿਕਾਰ ਕੀਤਾ ਕਿ ਉਥੇ ਗੋਸ਼ਤ(ਮੀਟ) ਦਾ ਪ੍ਰਬੰਧ ਜਰੂਰ ਕੀਤਾ ਗਿਆ ਸੀ। ਜਿਥੇ ਇਹ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ ਉਸ ਇਮਾਰਤ ਦਾ ਗੁਰੂ ਘਰ ਨਾਲ ਸੰਬਧ ਨਹੀ ਹੈ।