ਸਰੀ-ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਪੰਜਾਬੀ ਅਤੇ ਉਰਦੂ ਦੇ ਨਾਮਵਰ ਸ਼ਾਇਰ, ਬਹੁਤ ਹੀ ਨੇਕ ਦਿਲ ਇਨਸਾਨ ਅਤੇ ਉੱਚੀ ਸੁੱਚੀ ਸ਼ਖਸ਼ੀਅਤ ਦੇ ਮਾਲਕ ਗੁਰਚਰਨ ਸਿੰਘ ਗਿੱਲ ਮਨਸੂਰ ਦੀ ਜ਼ਿੰਦਗੀ ਦਾ ਜਸ਼ਨ ਮਨਾਉਣ ਲਈ ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਵਿਚਾਰ ਮੰਚ ਵੱਲੋਂ ਵਿਸ਼ੇਸ਼ ਪ੍ਰੋਗਰਾਮ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਵੈਨਕੂਵਰ ਇਲਾਕੇ ਦੀਆਂ ਬਹੁਤ ਸਾਰੀਆਂ ਸਾਹਿਤਿਕ ਸ਼ਖਸ਼ੀਅਤਾਂ ਸ਼ਾਮਿਲ ਅਤੇ ਗਿੱਲ ਮਨਸੂਰ ਦੇ ਪਰਿਵਾਰਕ ਮੈਂਬਰਾਂ ਨੇ ਸ਼ਿਰਕਤ ਕੀਤੀ।
ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਪ੍ਰਸਿੱਧ ਸ਼ਾਇਰ ਮੋਹਨ ਗਿੱਲ ਨੇ ਸਭਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਅਸੀਂ ਜਿੱਥੇ ਗਿੱਲ ਮਨਸੂਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਹਾਂ, ਉੱਥੇ ਉਹਨਾਂ ਦੇ ਸਾਢੇ 98 ਸਾਲ ਦੇ ਜੀਵਨ ਦਾ ਜਸ਼ਨ ਵੀ ਮਨਾ ਰਹੇ ਹਾਂ। ਉਹ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦੇ ਸਨ ਅਤੇ ਏਸੇ ਕਰਕੇ ਅਸੀਂ ਉਨ੍ਹਾਂ ਨੂੰ ਚੜ੍ਹਦੀ ਕਲਾ ਵਿੱਚ ਯਾਦ ਕਰਨ ਦਾ ਇਹ ਪ੍ਰੋਗਰਾਮ ਉਲੀਕਿਆ ਹੈ। ਉਹਨਾਂ ਕੋਲੋਂ ਅਸੀਂ ਜੀਵਨ ਜਿਉਣਾ ਸਿੱਖਿਆ ਹੈ। ਪ੍ਰੋਗਰਾਮ ਦੇ ਮੁੱਖ ਬੁਲਾਰੇ ਅਤੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਗਿੱਲ ਮਨਸੂਰ ਹੋਰਾਂ ਨਾਲ ਆਪਣੀ 50 ਸਾਲਾਂ ਤੋਂ ਵੀ ਵਧੇਰੇ ਦੀ ਸਾਂਝ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੀ ਮਟਕਵੀਂ ਤੋਰ, ਰਹਿਣ ਸਹਿਣ ਅਤੇ ਸਮਾਜ ਵਿਚ ਵਿਚਰਨ ਦੇ ਖੂਬਸੂਰਤ ਸੁਹਜ ਦੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਉਹ ਉਰਦੂ ਅਤੇ ਪੰਜਾਬੀ ਦੇ ਨਾਮਵਰ ਸ਼ਾਇਰ ਹੋਣ ਦੇ ਨਾਲ ਨਾਲ ਬਹੁਤ ਵਧੀਆ ਅਧਿਆਪਕ ਅਤੇ ਖੇਡ-ਕੋਚ ਸਨ। ਸ. ਸੇਖਾ ਨੇ ਉਨ੍ਹਾਂ ਦੀ ਉਰਦੂ ਅਤੇ ਪੰਜਾਬੀ ਵਿਚ ਮੋਤੀਆਂ ਵਰਗੀ ਖੁਸ਼ਖ਼ਤ ਲਿਖਾਈ ਬਾਰੇ ਦੱਸਿਆ ਅਤੇ ਉਨ੍ਹਾਂ ਦੀ ਤਿੰਨ ਕਿਤਾਬਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਪ੍ਰਸਿੱਧ ਸ਼ਾਇਰ ਰਾਜਵੰਤ ਰਾਜ ਨੇ ਗਿੱਲ ਮਨਸੂਰ ਨੂੰ ਯਾਦ ਕਰਦਿਆਂ ਕਿਹਾ ਕਿ ਗਿੱਲ ਮਨਸੂਰ ਅਤੇ ਜੀਵਨ ਰਾਮਪੁਰੀ ਦੀ ਜੋੜੀ ਹੰਸਾਂ ਦੀ ਜੋੜੀ ਸੀ ਜਿਨ੍ਹਾਂ ਦੀ ਆਮਦ ਨਾਲ ਹਰ ਸਾਹਿਤਕ ਮਹਿਫ਼ਿਲ ਖਿੜ ਉੱਠਦੀ ਸੀ। ਜਦੋਂ ਤੋਂ ਉਹ ਬੀਮਾਰ ਹੋਏ ਸਨ ਉਦੋਂ ਤੋਂ ਕਾਵਿ ਮਹਿਫ਼ਿਲਾਂ ਵਿਚ ਓਨਾ ਰਸ ਨਹੀਂ ਸੀ ਰਿਹਾ। ਉਨ੍ਹਾਂ ਦੇ ਚਲੇ ਜਾਣ ਨਾਲ ਸਰੀ ਦੇ ਸਾਹਿਤ ਹਲਕਿਆਂ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਨਾਮਵਰ ਗ਼ਜ਼ਲਗੋ ਜਸਵਿੰਦਰ ਨੇ ਕਿਹਾ ਕਿ ਜਿਸ ਇਨਸਾਨ ਦੀ ਵਿਦਾਇਗੀ ਰੁਦਨ ਦੀ ਬਜਾਏ ਜਸ਼ਨ ਨਾਲ ਹੋਵੇ, ਉਹਨੂੰ ਮੌਤ ਵੀ ਨਹੀਂ ਮਾਰ ਸਕਦੀ। ਮਨਸੂਰ ਸਾਹਿਬ ਹਮੇਸ਼ਾ ਸਾਡੇ ਦਰਮਿਆਨ ਹਾਜ਼ਿਰ ਰਹਿਣਗੇ। ਮਹਿਫਲਾਂ ਵਿਚ ਜਦੋਂ ਕਿਸੇ ਚੰਗੇ ਸ਼ਿਅਰ ਨੂੰ ਦਾਦ ਮਿਲੇਗੀ ਤਾਂ ਸਭ ਤੋਂ ਭਰਵੀਂ ਅਦਿੱਖ ਆਵਾਜ਼ ਮਨਸੂਰ ਸਾਹਿਬ ਦੀ ਹੋਵੇਗੀ, ਜੋ ਸਾਨੂੰ ਸਭ ਨੂੰ ਮਹਿਸੂਸ ਹੋਏਗੀ।
ਮਰਹੂਮ ਗਿੱਲ ਮਨਸੂਰ ਦੇ ਸ਼ਾਇਰ ਬੇਟੇ ਦਸ਼ਮੇਸ਼ ਗਿੱਲ ਫ਼ਿਰੋਜ਼ ਨੇ ਕਿਹਾ ਕਿ ਉਹਨਾਂ ਦੀ ਜ਼ਿੰਦਗੀ ਦੀ ਤੁਲਨਾ ਜੇ ਇੱਕ ਕਿਤਾਬ ਦੇ ਨਾਲ ਕਰੀਏ ਤਾਂ ਉਹ ਸਾਢੇ 98 ਸਫਿਆਂ ਵਾਲੀ ਕਿਤਾਬ ਹੈ ਜਿਸ ਦੇ ਇੱਕ ਇੱਕ ਸਫੇ ਅੰਦਰ ਕਈ ਹਜ਼ਾਰ ਸਫੇ ਛੁਪੇ ਹੋਏ ਹਨ। ਉਸ ਕਿਤਾਬ ਦੀ ਖੂਬਸੂਰਤੀ ਹੈ ਕਿ ਤੁਸੀਂ ਉਸ ਨੂੰ ਵਾਰ ਵਾਰ ਪੜ੍ਹ ਸਕਦੇ ਹੋ ਤੇ ਉਸ ਤੋਂ ਬਹੁਤ ਕੁਝ ਸਿੱਖ ਸਕਦੇ ਹੋ। ਇਹ ਕਿਤਾਬ ਕਈ ਵਾਰੀ ਪੜ੍ਹੀ ਜਾ ਸਕਦੀ ਪਰ ਉਸ ਕਿਤਾਬ ਦੀ ਇੱਕੋ ਹੀ ਗੱਲ ਮਾੜੀ ਹੈ ਕਿ ਅਖੀਰ ‘ਤੇ ਹੀਰੋ ਨਹੀਂ ਰਹਿੰਦਾ। ਇਹ ਕਿਤਾਬ ਕਦੇ ਵੀ ਖਤਮ ਨਹੀਂ ਹੁੰਦੀ, ਤੁਸੀਂ ਜਦੋਂ ਮਰਜ਼ੀ ਚੁੱਕ ਕੇ ਪੜ੍ਹ ਸਕਦੇ ਹੋ। ਉਨ੍ਹਾਂ ਮਨਸੂਰ ਸਾਹਿਬ ਦੀ ਜ਼ਿੰਦਗੀ ਦਾ ਜਸ਼ਨ ਮਨਾਉਣ ਲਈ ਗ਼ਜ਼ਲ ਮੰਚ ਸਰੀ ਅਤੇ ਵੈਨਕੂਵਰ ਵਿਚਾਰ ਮੰਚ ਦਾ ਸ਼ੁਕਰਾਨਾ ਕੀਤਾ।
ਮਨਸੂਰ ਗਿੱਲ ਦੀ ਬੇਟੀ ਕਮਲ ਥਿੰਦ ਅਤੇ ਦੋਹਤੀ ਤਰੰਨਮ ਥਿੰਦ ਨੇ ਕਿਹਾ ਕਿ ਸਾਨੂੰ ਮਨਸੂਰ ਹੋਰਾਂ ਦੇ ਪਰਿਵਾਰ ਦੀਆਂ ਬੇਟੀਆਂ ਹੋਣ ‘ਤੇ ਬਹੱਦ ਫ਼ਖ਼ਰ ਹੈ। ਤਰੰਨਮ ਨੇ ਕਿਹਾ ਕਿ ਅੱਜ ਦੇ ਯੁਗ ਵਿਚ ਜਿੱਥੇ ਹਰ ਇਨਸਾਨ ਤੁਹਾਡੇ ਪਹਿਰਾਵੇ, ਤੁਹਾਡੇ ਸੋਸ਼ਲ ਸਟੇਟਸ ਨੂੰ ਦੇਖ ਕੇ ਤੁਹਾਡੇ ਬਾਰੇ ਆਪਣੀ ਰਾਇ ਬਣਾਉਂਦਾ ਹੈ ਕਿ ਤੁਸੀਂ ਕਿਹੜੇ ਧਰਮ, ਮਜ਼ਹਬ, ਜਾਤ ਨਾਲ ਸੰਬੰਧਤ ਹੋ ਪਰ ਗਿੱਲ ਮਨਸੂਰ ਹੋਰਾਂ ਨੇ ਕਦੇ ਵੀ ਕਿਸੇ ਬਾਰੇ ਇਸ ਤਰ੍ਹਾਂ ਨਹੀਂ ਸੀ ਸੋਚਿਆ। ਉਹਨਾਂ ਵਾਸਤੇ ਸਾਰੇ ਹੀ ਬਰਾਬਰ ਸਨ ਅਤੇ ਉਹ ਹਮੇਸ਼ਾ ਕਹਿੰਦੇ ਸਨ ‘ਆਈ ਲਵ ਯੂ ਆਲ’।
ਗਿੱਲ ਮਨਸੂਰ ਨੂੰ ਯਾਦ ਕਰਦਿਆਂ ਪ੍ਰਸਿੱਧ ਸ਼ਾਇਰ ਅਜਮੇਰ ਰੋਡੇ, ਹਿੰਦੀ ਸਾਹਿਤਕਾਰ ਸ੍ਰੀਨਾਥ ਪ੍ਰਸਾਦ ਦਿਵੇਦੀ, ਉਸਤਾਦ ਗਜ਼ਲਗੋ ਕ੍ਰਿਸ਼ਨ ਭਨੋਟ, ਅੰਗਰੇਜ਼ ਬਰਾੜ, ਪਰਮਿੰਦਰ ਕੌਰ ਸਵੈਚ, ਸੁਖਜੀਤ ਕੌਰ, ਇੰਦਰਜੀਤ ਧਾਮੀ, ਨਰਿੰਦਰ ਬਾਹੀਆ, ਕਵਿੰਦਰ ਚਾਂਦ, ਪ੍ਰੀਤ ਮਨਪ੍ਰੀਤ, ਗੁਰਦੀਪ ਭੁੱਲਰ, ਮਹਿੰਦਰਪਾਲ ਸਿੰਘ ਪਾਲ, ਗੁਰਮੀਤ ਸਿੱਧੂ, ਅਮਰੀਕ ਪਲਾਹੀ, ਹਰਦਮ ਸਿੰਘ ਮਾਨ ਅਤੇ ਜਰਨੈਲ ਸਿੰਘ ਆਰਟਿਸਟ ਨੇ ਕਿਹਾ ਕਿ ਉਹ ਜ਼ਿੰਦਗੀ ਦਾ ਜੋ ਸੁਹਜ, ਜ਼ਿੰਦਗੀ ਦੀ ਸਮਝ ਸਾਨੂੰ ਦੇ ਕੇ ਗਏ ਹਨ ਉਸ ਨੂੰ ਅਪਨਾ ਕੇ, ਉਸ ਉਪਰ ਚੱਲ ਕੇ ਅਸੀਂ ਆਪਣੇ ਆਲੇ ਦੁਆਲੇ ਨੂੰ ਅਤੇ ਆਪਣੇ ਸਮਾਜ ਨੂੰ ਇਕ ਬਹੁਤ ਹੀ ਖੂਬਸੂਰਤ ਸਮਾਜ ਬਣਾ ਸਕਦੇ ਹਾਂ। ਅੰਤ ਵਿੱਚ ਵੈਨਕੂਵਰ ਵਿਚਾਰ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਸਭਨਾਂ ਸ਼ਖਸ਼ੀਅਤਾਂ ਦਾ ਅਤੇ ਵਿਸ਼ੇਸ਼ ਕਰਕੇ ਮਰਹੂਮ ਗਿੱਲ ਮਨਸੂਰ ਦੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ।