ਅੰਮ੍ਰਿਤਸਰ - ਪਟਿਆਲਾ ਜ਼ੇਲ੍ਹ ਵਿਚ ਨਜਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਮੇਰਾ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਸਾਹਿਬ ਜੀ ਨਾਲ ਇਹ ਸ਼ਿਕਵਾ ਜਰੂਰ ਹੈ ਕਿ ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਇਸ ਮਸਲੇ ਦੇ ਹੱਲ ਲਈ ਆਦੇਸ਼ ਤਾਂ ਜਰੂਰ ਜਾਰੀ ਕੀਤੇ ਪਰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਤੇ ਹੋਰ ਸਬੰਧਿਤ ਧਿਰਾਂ ਦੀ ਜੁਆਬਦੇਹੀ ਤਹਿ ਨਹੀਂ ਕੀਤੀ। ਅੱਜ ਜਾਰੀ ਪੱਤਰ ਵਿਚ ਭਾਈ ਰਾਜੋਆਣਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਮੈਂ ਆਪ ਜੀ ਨੂੰ ਪਿਛਲੇ ਤਕਰੀਬਨ ਇੱਕ ਮਹੀਨੇ ਦੇ ਵਿੱਚ ਤਿੰਨ ਚਿੱਠੀਆਂ ਲਿਖ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 25 ਮਾਰਚ 2012 ਨੂੰ ਦੇਸ਼ ਦੇ ਰਾਸ਼ਟਰਪਤੀ ਜੀ ਕੋਲ ਮੇਰੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਲਈ ਪਾਈ ਗਈ ਅਪੀਲ ਨੂੰ ਵਾਪਸ ਲੈਣ ਲਈ ਆਦੇਸ਼ ਜਾਰੀ ਕਰਨ ਦੀ ਬੇਨਤੀ ਕਰ ਚੁੱਕਾ ਹਾਂ। ਕਿਉਂਕਿ ਰਾਸ਼ਟਰਪਤੀ ਕੋਲ ਪਾਈ ਗਈ ਕਿਸੇ ਵੀ ਅਪੀਲ ਤੇ ਰੂਟੀਨ ਵਿੱਚ 6 ਮਹੀਨੇ ਤੋਂ ਲੈ ਕੇ ਇੱਕ ਸਾਲ ਦੇ ਵਿੱਚ ਫੈਸਲਾ ਹੋ ਜਾਂਦਾ ਹੈ। ਪਰ ਇਸ ਅਪੀਲ ਤੇ ਤਾਂ ਪਿਛਲੇ 11ਸਾਲ 8 ਮਹੀਨੇ ਤੋਂ ਨਾ ਤਾਂ ਕੇਂਦਰ ਸਰਕਾਰ ਨੇ ਹੀ ਕੋਈ ਫੈਸਲਾ ਕੀਤਾ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਅਪੀਲ ਤੇ ਕੋਈ ਫੈਸਲਾ ਹੀ ਕਰਵਾ ਸਕੇ। ਉਨਾ ਕਿਹਾ ਕਿ ਇਸ ਅਪੀਲ ਤੇ ਫੈਸਲਾ ਕਰਵਾਉਣ ਲਈ ਮੈਂ ਨਵੰਬਰ 2016 ਨੂੰ ਪਹਿਲੀ ਵਾਰ ਭੁੱਖ ਹੜਤਾਲ ਰੱਖੀ। ਉਸ ਸਮੇਂ ਪੰਜਾਬ ਅਤੇ ਕੇਂਦਰ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਭਾਈਵਾਲ ਸਰਕਾਰ ਸੀ। ਉਸ ਸਮੇਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਕਿਰਪਾਲ ਸਿੰਘ ਬਡੂੰਗਰ ਜੀ ਹੋਣਾਂ ਨੇ ਮੇਰੀ ਭੁੱਖ ਹੜਤਾਲ ਤੋਂ ਬਾਅਦ ਮੈਨੂੰ ਲਿਖਤੀ ਭਰੋਸਾ ਦੇ ਕੇ ਮੇਰੀ ਭੁੱਖ ਹੜਤਾਲ ਖ਼ਤਮ ਕਰਵਾਈ ਕਿ ਉਹ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਇਸ ਅਪੀਲ ਤੇ ਫੈਸਲਾ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਪਰ ਮੇਰੇ ਵੱਲੋਂ ਭੁੱਖ ਹੜਤਾਲ ਖ਼ਤਮ ਕਰਨ ਤੋਂ ਬਾਅਦ ਥੋੜ੍ਹੀ ਬਹੁਤੀ ਰਸਮੀ ਕਾਰਵਾਈ ਅਤੇ ਅਖ਼ਬਾਰੀ ਬਿਆਨਾਂ ਤੋਂ ਇਲਾਵਾ ਇਸ ਮਸਲੇ ਵਿੱਚ ਕੁਝ ਵੀ ਨਹੀਂ ਕੀਤਾ ਗਿਆ। ਫਿਰ ਕੁਝ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਮੈਂ ਜੁਲਾਈ 2018 ਨੂੰ ਇਸ ਅਪੀਲ ਤੇ ਫੈਸਲਾ ਕਰਵਾਉਣ ਲਈ ਦੂਸਰੀ ਵਾਰ ਭੁੱਖ ਹੜਤਾਲ ਸ਼ੁਰੂ ਕੀਤੀ । ਫਿਰ ਉਸ ਸਮੇਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਗੋਬਿੰਦ ਸਿੰਘ ਲੌਂਗੋਵਾਲ ਜੀ ਨੇ ਮੇਰੀ ਭੁੱਖ ਹੜਤਾਲ ਤੋਂ ਬਾਅਦ 20 ਜੁਲਾਈ 2018 ਨੂੰ ਮੈਨੂੰ ਦੁਆਰਾ ਲਿਖਤੀ ਭਰੋਸਾ ਦਿੱਤਾ ਕਿ ਉਹ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਪਹੁੰਚ ਕਰਕੇ ਇਸ ਅਪੀਲ ਤੇ ਜਲਦੀ ਤੋਂ ਜਲਦੀ ਫੈਸਲਾ ਕਰਵਾਉਣਗੇ । ਮੇਰੇ ਵੱਲੋਂ ਭੁੱਖ ਹੜਤਾਲ ਖ਼ਤਮ ਕਰਨ ਤੋਂ ਬਾਅਦ ਥੋੜ੍ਹੀ ਬਹੁਤੀ ਰਸਮੀ ਕਾਰਵਾਈ ਤੋਂ ਬਾਅਦ ਫਿਰ ਮਸਲਾ ਉੱਥੇ ਦਾ ਉੱਥੇ ਹੀ ਰਿਹਾ। ਫਿਰ ਮੈਂ ਇਸ ਅਪੀਲ ਤੇ ਫੈਸਲਾ ਕਰਵਾਉਣ ਦੇ ਲਈ ਤੀਸਰੀ ਵਾਰ ਜੁਲਾਈ 2020 ਨੂੰ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ। ਫਿਰ ਉਸ ਸਮੇਂ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਸਾਡੇ ਘਰ ਆ ਕੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ।ਗੋਬਿੰਦ ਸਿੰਘ ਲੌਂਗੋਵਾਲ ਜੀ ਅਤੇ ਸਾਬਕਾ ਪ੍ਰਧਾਨ ਸ ਕਿਰਪਾਲ ਸਿੰਘ ਬਡੂੰਗਰ ਜੀ ਇੱਕ ਵਫ਼ਦ ਸਮੇਤ ਮੇਰੇ ਨਾਲ ਜੇਲ੍ਹ ਵਿੱਚ ਮੁਲਾਕਾਤ ਕਰਕੇ ਮੈਨੂੰ ਭੁੱਖ ਹੜਤਾਲ ਨਾ ਰੱਖਣ ਦੀ ਬੇਨਤੀ ਕੀਤੀ ਅਤੇ ਭਰੋਸਾ ਦਿੱਤਾ ਕਿ ਉਹ ਫੈਸਲਾ ਕਰਵਾਉਣ ਲਈ ਪੂਰੇ ਯਤਨ ਕਰਨਗੇ। ਮੇਰੇ ਵੱਲੋਂ ਭੁੱਖ ਹੜਤਾਲ ਮੁਲਤਵੀ ਕਰਨ ਤੋਂ ਬਾਅਦ ਅੱਜ ਤੱਕ ਇਹ ਵਾਅਦੇ ਵੀ ਵਫ਼ਾ ਨਹੀਂ ਹੋ ਸਕੇ।
ਸਿੰਘ ਸਾਹਿਬ ਜੀ, ਪਹਿਲਾਂ ਮੇਰੇ ਵੱਲੋਂ ਭੁੱਖ ਹੜਤਾਲਾਂ ਅਤੇ ਕੋਸ਼ਿਸ਼ਾਂ ਇਸ ਅਪੀਲ ਤੇ ਫੈਸਲਾ ਕਰਵਾਉਣ ਲਈ ਕੀਤੀਆਂ ਗਈਆਂ ਸਨ। ਪਰ ਹੁਣ ਗੱਲ ਬਿਲਕੁਲ ਵੱਖਰੀ ਹੈ। ਹੁਣ ਮੈਂ ਇਸ ਅਪੀਲ ਨੂੰ ਵਾਪਸ ਕਰਵਾਉਣਾ ਚਾਹੁੰਦਾ ਹਾਂ। ਮੇਰਾ ਜੀਵਨ ਸਾਡੀਆਂ ਮਹਾਨ ਸ਼ੰਸਥਾਵਾਂ ਅਤੇ ਉਨ੍ਹਾਂ ਦੇ ਮਾਨ-ਸਨਮਾਨ ਨੂੰ ਸਮਰਪਿਤ ਰਿਹਾ ਹੈ। ਸਾਡੀਆਂ ਇਨ੍ਹਾਂ ਮਹਾਨ ਸ਼ੰਸਥਾਵਾਂ ਦੇ ਆਗੂਆਂ ਵੱਲੋਂ ਜੋ ਮੈਨੂੰ ਭੁੱਖ ਹੜਤਾਲ ਨਾ ਰੱਖਣ ਦੀਆਂ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਵਾਰੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਭੁੱਖ ਹੜਤਾਲ ਰੱਖਣਾ ਮੇਰਾ ਵੀ ਮਕਸਦ ਨਹੀਂ ਹੈ। ਇਸ ਅਪੀਲ ਤੇ ਫੈਸਲਾ ਕਰਵਾਉਣ ਲਈ ਜਦੋਂ ਮੈਂ ਆਪਣੇ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੇ ਅਤੇ ਸਾਡੇ ਕੌਮੀ ਆਗੂਆਂ ਵੱਲੋਂ ਕੀਤੇ ਵਾਅਦਿਆਂ ਦੇ ਝਰੋਖੇ ਦੇ ਵਿੱਚੋਂ ਦੀ ਦੇਖਦਾ ਹਾਂ ਤਾਂ ਮੇਰੇ ਕੋਲ ਕਿਸੇ ਵੀ ਕੌਮੀ ਆਗੂ ਵੱਲੋਂ ਕੀਤੀ ਕਿਸੇ ਬੇਨਤੀ ਨੂੰ ਅਤੇ ਕੀਤੇ ਗਏ ਕਿਸੇ ਵਾਅਦੇ ਨੂੰ ਮੰਨਣ ਦਾ ਕੋਈ ਆਧਾਰ ਨਜ਼ਰ ਹੀ ਨਹੀਂ ਆਉਂਦਾ। ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਾਮਲੇ ਵਿੱਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਅਤੇ ਦਿੱਤੇ ਜਾ ਰਹੇ ਬਿਆਨ ਮੈਨੂੰ ਰਾਜਨੀਤੀ ਦੀਆਂ ਘੁੰਮਣਘੇਰੀਆਂ ਹੀ ਨਜ਼ਰ ਆ ਰਹੀਆਂ ਹਨ , ਜਿੰਨ੍ਹਾਂ ਦੀ ਕੋਈ ਵੀ ਮੰਜਿਲ ਨਹੀਂ ਹੈ। ਇਸੇ ਲਈ ਹੀ ਮੈਂ ਹੁਣ ਰਾਜਨੀਤੀ ਦੀਆਂ ਇਨ੍ਹਾਂ ਘੁੰਮਣਘੇਰੀਆਂ ਤੋਂ ਮੁਕਤੀ ਚਾਹੁੰਦਾ ਹਾਂ। ਇਸੇ ਲਈ ਹੀ ਮੈਂ ਇਸ ਅਪੀਲ ਨੂੰ ਵਾਪਸ ਕਰਵਾ ਕੇ ਪਿਛਲੇ 11ਸਾਲ 8 ਮਹੀਨੇ ਤੋਂ ਇਸ ਅਪੀਲ ਤੇ ਹੋਣ ਵਾਲੇ ਫੈਸਲੇ ਦੇ ਇੰਤਜ਼ਾਰ ਨੂੰ ਖ਼ਤਮ ਕਰਨਾ ਚਾਹੁੰਦਾ ਹਾਂ।
ਭਾਈ ਰਾਜੋਆਣਾ ਨੇ ਕਿਹਾ ਕਿ ਸਿੰਘ ਸਾਹਿਬ ਜੀ, ਮੇਰਾ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਸਾਹਿਬ ਜੀ ਨਾਲ ਇਹ ਸ਼ਿਕਵਾ ਜਰੂਰ ਹੈ ਕਿ ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਇਸ ਮਸਲੇ ਦੇ ਹੱਲ ਲਈ ਆਦੇਸ਼ ਤਾਂ ਜਰੂਰ ਜਾਰੀ ਕੀਤੇ ਪਰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਤੇ ਹੋਰ ਸਬੰਧਿਤ ਧਿਰਾਂ ਦੀ ਜੁਆਬਦੇਹੀ ਤਹਿ ਨਹੀਂ ਕੀਤੀ। ਉਨ੍ਹਾਂ ਨੂੰ ਬੁਲਾ ਕੇ ਇਹ ਨਹੀਂ ਪੁੱਛਿਆ ਕਿ ਤੁਸੀਂ ਇਸ ਆਦੇਸ਼ ਨੂੰ ਲਾਗੂ ਕਿਉਂ ਨਹੀਂ ਕਰਵਾ ਸਕੇ। ਸਾਡੀਆਂ ਸੰਸਥਾਵਾਂ ਦੇ ਜਿਹੜੇ ਆਗੂਆਂ ਨੂੰ ਦੇਸ਼ ਦਾ ਰਾਸ਼ਟਰਪਤੀ ਅਤੇ ਗ੍ਰਹਿ ਮੰਤਰਾਲਾ ਸਮਾਂ ਹੀ ਨਾ ਦੇਵੇ ਉਨ੍ਹਾਂ ਹੀ ਆਗੂਆਂ ਨੂੰ ਇਸ ਅਪੀਲ ਤੇ ਫੈਸਲਾ ਕਰਵਾਉਣ ਲਈ ਵਾਰ-ਵਾਰ ਆਦੇਸ਼ ਜਾਰੀ ਕਰੀ ਜਾਣਾ ਮੇਰੀ ਸਮਝ ਤੋਂ ਪਰੇ ਹੈ। ਸਾਡੀ ਕੌਮ ਦੇ ਜਿਹੜੇ ਆਗੂ ਤਕਰੀਬਨ ਇੱਕ ਮਹੀਨਾ ਪਹਿਲਾਂ ਸਾਡੇ ਵੱਲੋਂ ਵਾਰ-ਵਾਰ ਕੀਤੀਆਂ ਬੇਨਤੀਆਂ ਦੇ ਬਾਵਜੂਦ ਸਿਰਫ਼ ਇਹ ਗੱਲ ਕਹਿਣ ਨੂੰ ਤਿਆਰ ਨਹੀਂ ਸਨ ਕਿ ਕਿਸੇ ਵਿਅਕਤੀ ਨੂੰ 28 ਸਾਲ ਜੇਲ੍ਹ ਵਿੱਚ ਰੱਖਣਾ ਅਤੇ 12 ਸਾਲ ਉਸ ਦੀ ਅਪੀਲ ਤੇ ਫੈਸਲਾ ਹੀ ਨਾ ਕਰਨਾ , ਇਹ ਇੱਕ ਬਹੁਤ ਵੱਡੀ ਬੇਇਨਸਾਫ਼ੀ ਹੈ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਉਹੀ ਆਗੂ ਮੇਰੇ ਲਈ ਜਾਂ ਇਸ ਅਪੀਲ ਤੇ ਫੈਸਲਾ ਕਰਵਾਉਣ ਲਈ ਕੋਈ ਸੁਹਿਰਦ ਯਤਨ ਕਰਨਗੇ , ਇਸ ਗੱਲ ਤੇ ਮੈਂ ਕਿਵੇਂ ਯਕੀਨ ਕਰਾਂ ਅਤੇ ਕਿਉਂ ਕਰਾਂ ।
ਉਨਾ ਕਿਹਾ ਕਿ ਸਿੰਘ ਸਾਹਿਬ ਜੀ, ਮੇਰੇ ਵੱਲੋਂ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਵੀ ਇਸ ਅਪੀਲ ਨੂੰ ਵਾਪਸ ਕਰਵਾਉਣ ਲਈ ਕੋਈ ਚਾਰਾਜੋਈ ਹੁਣ ਤੱਕ ਨਹੀਂ ਕੀਤੀ ਗਈ। ਇਸ ਲਈ ਮੈਂ ਅੱਜ ਤੋਂ ਭੁੱਖ ਹੜਤਾਲ ਸ਼ੁਰੂ ਕਰ ਰਿਹਾ ਹਾਂ। ਮੇਰੀ ਆਪ ਜੀ ਨੂੰ ਇਹ ਬੇਨਤੀ ਹੈ ਕਿ ਇਸ ਅਪੀਲ ਨੂੰ ਵਾਪਸ ਲੈਣ ਲਈ ਤੁਰੰਤ ਆਦੇਸ਼ ਜਾਰੀ ਕੀਤੇ ਜਾਣ ਕਿਉਂਕਿ ਅਪੀਲ ਵਾਪਸ ਹੋਣ ਤੱਕ ਮੇਰੀ ਭੁੱਖ ਹੜਤਾਲ ਜਾਰੀ ਰਹੇਗੀ। ਇਸ ਦੀ ਸਾਰੀ ਜਿੰਮੇਵਾਰੀ ਤੁਹਾਡੀ ਹੋਵੇਗੀ।