ਸੰਸਾਰ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੇ ਨਵ-ਪ੍ਰਕਾਸ਼ਿਤ ਨਾਵਲ ‘ਨਾਬਰ’ ਉਪਰ ਹੋਈ ਭਰਵੀਂ ਵਿਚਾਰ ਚਰਚਾ

ਹਰਦਮ ਮਾਨ/ਕੌਮੀ ਮਾਰਗ ਬਿਊਰੋ | March 19, 2024 11:45 AM

ਸਰੀ-ਵੈਨਕੂਵਰ ਵਿਚਾਰ ਮੰਚ ਵੱਲੋਂ ਬੀਤੇ ਦਿਨ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੇ ਨਵ-ਪ੍ਰਕਾਸ਼ਿਤ ਨਾਵਲ ‘ਨਾਬਰ’ ਉਪਰ ਵਿਚਾਰ ਚਰਚਾ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਦੇ ਵਿਹੜੇ ਵਿੱਚ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਜਰਨੈਲ ਸਿੰਘ ਸੇਖਾ, ਪ੍ਰੋ. ਹਰਿੰਦਰ ਕੌਰ ਸੋਹੀ ਅਤੇ ਡਾ. ਹਰਜੋਤ ਕੌਰ ਖਹਿਰਾ ਨੇ ਕੀਤੀ। ਇਸ ਸਮਾਗਮ ਵਿੱਚ ਨਾਵਲ ਉੱਪਰ ਬਹੁਤ ਹੀ ਸਾਰਥਿਕ ਵਿਚਾਰ ਚਰਚਾ ਹੋਈ ਜਿਸ ਵਿੱਚ ਸਰੀ, ਬਰਨਬੀ, ਵੈਨਕੂਵਰ ਤੋਂ ਪਹੁੰਚੇ ਕਈ ਵਿਦਵਾਨਾਂ, ਸਾਹਿਤਕਾਰਾਂ ਨੇ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ।

ਸਮਾਗਮ ਦਾ ਆਗਾਜ਼ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਉਹਨਾਂ ਵੈਨਕੂਵਰ ਵਿਚਾਰ ਮੰਚ ਦੀ ਸਥਾਪਨਾ ਸਬੰਧੀ ਸੰਖੇਪ ਵਿੱਚ ਜਾਣਕਾਰੀ ਪ੍ਰਦਾਨ ਕੀਤੀ। ਮੰਚ ਸੰਚਾਲਕ ਮੋਹਨ ਗਿੱਲ ਨੇ ਸ਼ੁਰੂਆਤ ਵਿੱਚ ਜਰਨੈਲ ਸਿੰਘ ਸੇਖਾ ਦੇ ਸਾਹਿਤਕ ਸਫਰ ਬਾਰੇ ਦਸਦਿਆਂ ਕਿਹਾ ਕਿ ਪੰਜਾਬੀ ਸਾਹਿਤ ਵਿੱਚ ਉਹਨਾਂ ਦਾ ਮਾਨਯੋਗ ਸਥਾਨ ਹੈ। ਸ. ਸੇਖਾ ਹੁਣ ਤੱਕ ਦੋ ਕਹਾਣੀ ਸੰਗ੍ਰਹਿ ਅਤੇ ਚਾਰ ਨਾਵਲ ਪੰਜਾਬੀ ਸਾਹਿਤ ਨੂੰ ਦੇ ਚੁੱਕੇ ਹਨ। ਇਹ ਉਹਨਾਂ ਦਾ ਪੰਜਵਾਂ ਨਾਵਲ ਹੈ। ਉਨ੍ਹਾਂ ਦਾ ਇੱਕ ਸਫਰਨਾਮਾ ‘ਦੁੱਲੇ ਦੀ ਢਾਬ’ ਵੀ ਛਪ ਚੁੱਕਿਆ ਹੈ ਅਤੇ ‘ਕੰਡਿਆਰੇ ਪੰਧ’ ਉਨ੍ਹਾਂ ਦੀ ਸਵੈ-ਜੀਵਨੀ ਦੀ ਵੱਡ ਅਕਾਰੀ ਪੁਸਤਕ ਹੈ। ਉਹਨਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਹਿੰਦੀ ਵਿੱਚ ਵੀ ਛਪ ਚੁੱਕੀਆਂ ਹਨ। ਮੋਹਨ ਗਿੱਲ ਨੇ ਡਾ. ਗੁਰਮਿੰਦਰ ਸਿੱਧੂ ਵੱਲੋਂ ਇਸ ਨਾਵਲ ਲਈ ਭੇਜਿਆ ਕਾਵਿਕ ਸੁਨੇਹਾ ਵੀ ਪੜ੍ਹਿਆ।

ਨਾਵਲ ਉੱਪਰ ਪਹਿਲਾ ਪਰਚਾ ਡਾ. ਹਰਜੋਤ ਕੌਰ ਖਹਿਰਾ ਨੇ ਪੇਸ਼ ਕੀਤਾ। ਉਹਨਾਂ ਆਪਣੇ ਪਰਚੇ ਵਿੱਚ ਕਿਹਾ ਕਿ ਇਹ ਨਾਵਲ ਸਾਰੇ ਦਾ ਸਾਰਾ ਬਹੁਤ ਸਾਰੇ ਘਟਨਾਕਰਮ ਦੇ ਰਾਹੀਂ ਰਾਜਨੀਤਿਕ ਅਤੇ ਇਤਿਹਾਸਿਕ ਪੜਾਵਾਂ ਵਿੱਚੋਂ ਗੁਜ਼ਰਦਾ ਹੋਇਆ ਵਰਤਮਾਨ ਸਮੇਂ ਵਿੱਚ ਸ਼ਾਮਿਲ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਨਾਵਲ ਦਾ ਬਿਰਤਾਂਤ 1965 ਤੋਂ ਸ਼ੁਰੂ ਹੁੰਦਾ ਹੈ ਅਤੇ ਏਨੇ ਲੰਮੇਂ ਅਰਸੇ ਦੌਰਾਨ ਦੀਆਂ ਚਾਰ ਪੀੜ੍ਹੀਆਂ ਦੀ ਦਾਸਤਾਨ, ਇਸ ਸਮੇਂ ਦੇ ਸਮਾਜਿਕ, ਪਰਿਵਾਰਕ ਹਾਲਾਤ ਦੀ ਬਹੁਤ ਸਹੀ ਜਾਣਕਾਰੀ ਦੇਣ ਵਿਚ ਨਾਵਲਕਾਰ ਸਫਲ ਰਿਹਾ ਹੈ। ਜਰਨੈਲ ਸਿੰਘ ਸੇਖਾ ਨੇ ਇਸ ਨਾਵਲ ਵਿੱਚ ਨਾਰੀਵਾਦ ਦੇ ਰਵਾਇਤੀ ਪੱਖ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਅਤੇ ਨਾਰੀਵਾਦ ਦੇ ਅਸਲੀ ਪੱਖ ਨੂੰ ਉਨਾਂ ਨੇ ਪੇਸ਼ ਕੀਤਾ ਹੈ।

ਦੂਜਾ ਪਰਚਾ ਪ੍ਰੋ. ਹਰਿੰਦਰ ਕੌਰ ਸੋਹੀ ਵੱਲੋਂ ਪੜ੍ਹਿਆ ਗਿਆ। ਮੈਡਮ ਸੋਹੀ ਨੇ ਨਾਵਲ ਦੇ ਵਿਸ਼ਾ ਪੱਖ ਅਤੇ ਕਲਾ ਪੱਖ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਇਸ ਨਾਵਲ ਵਿੱਚ ਨਿਰੋਲ ਮਲਵਈ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਅਤੇ ਬਹੁਤ ਸਾਰੇ ਸ਼ਬਦ ਜੋ ਸਾਥੋਂ ਗਵਾਚ ਰਹੇ ਨੇ ਸ. ਸੇਖਾ ਨੇ ਇਸ ਨਾਵਲ ਰਾਹੀਂ ਉਨ੍ਹਾਂ ਨੂੰ ਸਾਂਭਣ ਦਾ ਸਾਰਥਿਕ ਕਾਰਜ ਕੀਤਾ ਹੈ। ਇਸ ਨਾਵਲ ਦੀ ਗੋਂਦ ਬੜੀ ਗੁੰਦਵੀ ਹੈ। ਤਕਰੀਬਨ ਪੰਜ ਛੇ ਦਹਾਕਿਆਂ ਦੀਆਂ ਘਟਨਾਵਾਂ ਨੂੰ ਬਹੁਤ ਹੀ ਸੁਲਝੇ ਤੇ ਵਧੀਆ ਢੰਗ ਨਾਲ ਕੜੀਆਂ ਵਿਚ ਪਰੋਇਆ ਗਿਆ ਜਿਨ੍ਹਾਂ ਨਾਲ ਪਾਠਕ ਦੀ ਉਤਸੁਕਤਾ ਨੂੰ ਨਾਵਲ ਅਖੀਰ ਬਣੀ ਰਹਿੰਦੀ ਹੈ। ਨਾਵਲ ਵਿੱਚ ਵਾਤਾਵਰਨ ਤੇ ਦ੍ਰਿਸ਼ ਚਿੱਤਰ ਵੀ ਬੜਾ ਸੋਹਣਾ ਚਿਤਰਿਆ ਗਿਆ ਹੈ।

ਰਾਜਵੰਤ ਰਾਜ ਨੇ ਆਪਣੇ ਸੰਖੇਪ ਪਰਚੇ ਵਿੱਚ ਕਿਹਾ ਕਿ ‘ਨਾਬਰ’ ਨਾਵਲ ਦੇ ਵਿੱਚ ਵੱਡਾ ਸਨੇਹਾ ਇਹ ਦਿੱਤਾ ਗਿਆ ਹੈ ਕਿ ਔਰਤ ਅਤੇ ਮਰਦ ਇੱਕ ਦੂਜੇ ਦੇ ਪੂਰਕ ਹਨ, ਕਿਸੇ ਨੂੰ ਵੀ ਕਿਸੇ ਉੱਤੇ ਜ਼ੁਲਮ ਕਰਨ ਦਾ ਹੱਕ ਨਹੀਂ ਹੈ। ਇਹ ਨਾਵਲ ਨਾ-ਬਰਾਬਰੀ ਵਾਲੀ ਪਹੁੰਚ ਨੂੰ ਰੱਦ ਕਰਕੇ ਬਰਾਬਰੀ ਵਾਲੀ ਪਹੁੰਚ ਦੀ ਹਾਮੀ ਭਰਦਾ ਹੈ।ਪੱਤਰਕਾਰ ਅਤੇ ਸਾਹਿਤਕਾਰ ਬਖਸ਼ਿੰਦਰ ਨੇ ਕਿਹਾ ਕਿ ਨਾਵਲਕਾਰ ਪਹਿਲੇ ਸੰਵਾਦ ਤੋਂ ਹੀ ਇਹ ਦੱਸਣ ਦਾ ਆਹਰ ਕਰਦਾ ਦਿਸਣ ਲੱਗ ਪੈਂਦਾ ਹੈ ਕਿ ਉਸ ਦਾ ਵਿਸ਼ਾ ਮਰਦ ਔਰਤ ਵਿਚਲੀ ਅਸਮਾਨਤਾ ਹੀ ਹੈ। ਨਾਵਲਕਾਰ ਦੇ ਲੇਖਕੀ ਅਮਲ ਦਾ ਇ ਵੱਡਾ ਨੁਕਸ ਹੈ। ਉਹਨਾਂ ਨਾਵਲ ਵਿੱਚ ਕਈ ਥਾਈਂ ਦੋਹਰਾਏ ਗਏ ਸੰਵਾਦ ਉਪਰ ਵੀ ਉਂਗਲ ਉਠਾਈ।ਪ੍ਰਸਿੱਧ ਸ਼ਾਇਰ ਅਜਮੇਰ ਰੋਡੇ ਨੇ ਨਾਵਲ ਦੇ ਅੰਤ ਉੱਤੇ ਨਾਵਲਕਾਰ ਵੱਲੋਂ ਕਾਹਲੀ ਕਰਨ ਦੀ ਗੱਲ ਕਹੀ ਅਤੇ 10- 15 ਸਫੇ ਹੋਰ ਦੇ ਕੇ ਪਾਤਰਾਂ ਦੇ ਦਵੰਦ ਨੂੰ ਪੇਸ਼ ਕੀਤਾ ਜਾਂਦਾ ਤਾਂ ਨਾਵਲ ਹੋਰ ਵੀ ਵਧੀਆ ਬਣ ਸਕਦਾ ਸੀ।ਡਾ. ਪ੍ਰਿਥੀਪਾਲ ਸਿੰਘ ਸੋਹੀ ਨੇ ਕਿਹਾ ਕਿ 90 ਸਾਲਾਂ ਦੀ ਜ਼ਿੰਦਗੀ ਦੌਰਾਨ ਵੱਖ ਵੱਖ ਪੜਾਅ ਹੰਢਾਅਚੁੱਕੇ ਜਰਨੈਲ ਸਿੰਘ ਸੇਖਾ ਨੇ ਇਸ ਨਾਵਲ ਰਾਹੀ ਜਗੀਰੂਵਾਦ, ਪੂੰਜੀਵਾਦ ਅਤੇ ਵਿਅਕਤੀਵਾਦ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਹੈ।

ਨਾਵਲ ਉੱਪਰ ਹੋਰਨਾਂ ਤੋਂ ਇਲਾਵਾ ਸੁਰਜੀਤ ਕੌਰ ਕਲਸੀ, ਗੁਰਮੀਤ ਸਿੰਘ ਸਿੱਧੂ, ਗੁਰਦਰਸ਼ਨ ਸਿੰਘ ਬਾਦਲ, ਇੰਦਰਜੀਤ ਸਿੰਘ ਧਾਮੀ, ਸੁਰਿੰਦਰ ਚਾਹਲ, ਅਮਰੀਕ ਪਲਾਹੀ, ਮੀਨੂ ਬਾਵਾ, ਅਸ਼ੋਕ ਭਾਰਗਵ, ਜਸਬੀਰ ਕੌਰ ਮਾਨ, ਦਰਸ਼ਨ ਸੰਘਾ ਅਤੇ ਬਿੰਦੂ ਮਠਾੜੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਵਿਚਾਰ ਚਰਚਾ ਵਿੱਚ ਸ਼ਾਮਿਲ ਸਭਨਾਂ ਵਿਦਵਾਨਾਂ ਲੇਖਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਦਵਾਨਾਂ ਵੱਲੋਂ ਮਿਲੇ ਸੁਝਾਵਾਂ ਉੱਪਰ ਉਹ ਜ਼ਰੂਰ ਗੌਰ ਕਰਨਗੇ। ਸਮੁੱਚੇ ਸਮਾਗਮ ਦਾ ਸੰਚਾਲਨ ਮੋਹਨ ਗਿੱਲ ਅਤੇ ਅੰਗਰੇਜ਼ ਬਰਾੜ ਨੇ ਬਾਖੂਬੀ ਕੀਤਾ। ਵਿਚਾਰ ਚਰਚਾ ਤੋਂ ਪਹਿਲਾਂ ਨਾਵਲ ਰਿਲੀਜ਼ ਕਰਨ ਦੀ ਰਸਮ ਡਾ. ਹਰਜੋਤ ਕੌਰ ਖਹਿਰਾ, ਪ੍ਰੋ. ਹਰਿੰਦਰ ਕੌਰ ਸੋਹੀ ਅਤੇ ਮੰਚ ਤੇ ਸੇਖਾ ਪਰਿਵਾਰ ਦੇ ਮੈਂਬਰਾਂ ਨੇ ਅਦਾ ਕੀਤੀ।

Have something to say? Post your comment

 

ਸੰਸਾਰ

ਕੈਨੇਡਾ: ਵੈਨਕੂਵਰ ਵਿਚਾਰ ਮੰਚ ਵੱਲੋਂ ਸੁੱਚਾ ਸਿੰਘ ਕਲੇਰ ਨਾਲ ਵਿਸ਼ੇਸ਼ ਮਿਲਣੀ

ਵਾਈਟ ਰੌਕ ਵਿਚ ਵਾਪਰੀਆਂ ਦੋ ਘਟਨਾਵਾਂ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ

ਬੈਲਜੀਅਮ ਵਿਖੇ ਪਹਿਲੇ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਏ ਜਾਣਗੇ ਅਖੰਡ ਪਾਠ ਸਾਹਿਬ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ