ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਵਲੋਂ ਭਾਰਤੀ ਜਨਤਾ ਪਾਰਟੀ, ਆਰ ਐਸ ਐਸ ਦੇ ਆਗੂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਨੂੰ ਸਨਮਾਨਿਤ ਕੀਤੇ ਜਾਣ ਦੀਆਂ ਤਸਵੀਰਾਂ ਨੇ ਪੰਥਕ ਹਲਕਿਆਂ ਵਿਚ ਤਹਿਲਕਾ ਮਚਾ ਦਿੱਤਾ ਹੈ। ਮਹਾਰਾਸ਼ਟਰ ਦੇ ਸਿੱਖ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਚਰਚਾ ਕਰ ਰਹੇ ਹਨ ਕਿ ਪੰਜਾਬ ਦੇ ਆਗੂ ਆਪਣੀ ਰਾਜਨੀਤੀ ਨੂੰ ਪੰਜਾਬ ਤਕ ਸੀਮਤ ਰੱਖਣ। ਦਰਅਸਲ ਬਾਬਾ ਹਰਨਾਮ ਸਿੰਘ ਨੇ ਮਹਾਰਾਸ਼ਟਰ ਸਿੱਖ ਸਮਾਜ ਨਾਮ ਦੇ ਇਕ ਪਲੇਟਫਾਰਮ ਤੋਂ ਸ੍ਰੀ ਗੁਰੂ ਅਮਰਦਾਸ ਜੀ ਦਾ 450 ਸਾਲਾ ਜੋਤੀ ਜੋਤਿ ਪੁਰਬ ਅਤੇ ਸ੍ਰੀ ਗੁਰੂ ਰਾਮਦਾਸ ਜੀ ਦਾ 450 ਸਾਲਾ ਗੁਰਤਾਗੱਦੀ ਪੁਰਬ ਨਵੀ ਮੁੰਬਈ ਦੇ ਵਾਸ਼ੀ ਵਿਚ ਸਿਡਕੋ ਅਗਜੀਬਿਸ਼ਨ ਹਾਲ ਵਿਚ ਮਨਾਉਣ ਦਾ ਪ੍ਰੋਗਰਾਮ ਉਲੀਕਿਆ। ਇਸ ਹਾਲ ਵਿਚ ਗੁਰਬਾਣੀ, ਕਥਾ ਕੀਰਤਨ ਸਮਾਗਮ ਕਰਵਾਏ ਗਏ। ਇਹ ਸਾਰਾ ਸਮਾਗਮ ਮੁੰਬਈ ਦੇ ਭਾਰਤੀ ਜਨਤਾ ਪਾਰਟੀ ਦੇ ਇਕ ਆਗੂ ਹੈਪੀ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ ਹੋਏ। ਇਸ ਸਮਾਗਮ ਵਿਚ ਮੁੱਖ ਮਹਿਮਾਨ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ੍ਰੀ ਦੇਵਿੰਦਰ ਫੜਨਵੀਸ ਸਨ। ਇਸ ਮੌਕੇ ਸ੍ਰੀ ਫੜਨਵੀਸ ਦਸਤਾਰ ਪਹਿਨ ਕੇ ਆਏ ਸਨ। ਇਸ ਸਮਾਗਮ ਵਿਚ ਬਾਬਾ ਹਰਨਾਮ ਸਿੰਘ ਨੇ ਸ੍ਰੀ ਫੜਨਵੀਸ ਨੂੰ ਸਨਮਾਨਿਤ ਵੀ ਕੀਤਾ ਗਿਆ। ਪੰਥਕ ਹਲਕਿਆਂ ਵਿਚ ਚਰਚਾ ਹੈ ਕਿ ਭਾਜਪਾ ਆਗੂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਵਿਚ ਖੁਦ ਲਿਖਦੇ ਹਨ ਕਿ ਸ੍ਰੀ ਦਰਬਾਰ ਸਾਹਿਬ ਫੋਜ਼ ਭੇਜਣ ਤੇ ਫੌਜ਼ੀ ਕਾਰਵਾਈ ਕਰਨ ਲਈ ਦਬਾਅ ਬਣਾਇਆ ਸੀ। ਹਾਲੇ ਕਲ ਦੀ ਹੀ ਗੱਲ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵਲੋਂ ਪੇਸ਼ ਤਿੰਨ ਖੇਤੀ ਬਿਲਾਂ ਦਾ ਵਿਰੋਧ ਕਰ ਰਹੇ ਕਰੀਬ 800 ਕਿਸਾਨ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ ਸਨ।ਇਥੇ ਹੀ ਬਸ ਨਹੀਂ ਅੱਜ ਵੀ ਪੰਜਾਬ ਦੇ ਕਿਸਾਨਾਂ ਨੂੰ ਭਾਜਪਾ ਸਰਕਾਰ ਹਰਿਆਣਾ ਟੱਪਣ ਨਹੀਂ ਦੇ ਰਹੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਖ ਇਤਿਹਾਸ ਨੂੰ ਵਿਗਾੜਨ ਵਿਚ ਭਾਜਪਾ ਦਾ ਅਹਿਮ ਰੋਲ ਹੈ ਤੇ ਅਕਸਰ ਸਿੱਖ ਧਾਰਮਿਕ ਲੀਡਰਸ਼ਿਪ ਚਰਚਾ ਕਰਦੀ ਹੈ ਕਿ ਭਾਜਪਾ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਤੇ ਕਬਜਾ ਕਰਨਾ ਚਾਹੁੰਦੀ ਹੈ।
ਪੰਥਕ ਹਲਕੇ ਮੰਨਦੇ ਹਨ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿਡਰਾ ਵਾਲਿਆ ਦੇ ਵਾਰਸ ਨੂੰ ਭਾਜਪਾ ਕੋਲੋ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।